ਭਾਰਤੀ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਟੀਮ ਨੇ ਵਿਸ਼ਵ ਕੱਪ ’ਚ ਸੋਨੇ ਦੇ ਤਗਮੇ ਦੀ ਹੈਟ੍ਰਿਕ ਜਿੱਤੀ
ਪ੍ਰਿਯਾਂਸ਼ ਨੇ ਚਾਂਦੀ ਦਾ ਤਗਮਾ ਜਿੱਤਿਆ
ਅੰਤਾਲਿਆ (ਤੁਰਕੀ): ਜਯੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਇਸ ਸੀਜ਼ਨ ’ਚ ਅਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦਿਆਂ ਤੀਜੇ ਪੜਾਅ ’ਚ ਐਸਟੋਨੀਆ ਨੂੰ ਹਰਾ ਕੇ ਸੋਨ ਤਗਮੇ ਦੀ ਹੈਟ੍ਰਿਕ ਬਣਾਈ ਜਦਕਿ ਪ੍ਰਿਯਾਂਸ਼ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ | ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ ਪ੍ਰਿਯਾਂਸ਼ ਪੁਰਸ਼ਾਂ ਦੇ ਫਾਈਨਲ ’ਚ ਦੁਨੀਆਂ ਦੇ ਨੰਬਰ ਇਕ ਖਿਡਾਰੀ ਮਾਈਕ ਸ਼ਲੋਸਰ ਤੋਂ ਹਾਰ ਗਏ।
ਚੋਟੀ ਦੀ ਦਰਜਾ ਪ੍ਰਾਪਤ ਭਾਰਤੀ ਮਹਿਲਾ ਤਿਕੜੀ ਨੇ ਇੱਥੇ ਇਕਪਾਸੜ ਫਾਈਨਲ ਵਿਚ ਐਸਟੋਨੀਆ ਦੀ ਲਿਸੇਲ ਜਤਮਾ, ਮੀਰੀ ਮਾਰੀਟਾ ਪਾਸ ਅਤੇ ਮੈਰਿਸ ਟੇਟਸਮੈਨ ਨੂੰ 232-229 ਨਾਲ ਹਰਾਇਆ। ਭਾਰਤ ਦੀ ਮਹਿਲਾ ਕੰਪਾਊਂਡ ਟੀਮ ਨੇ ਅਪ੍ਰੈਲ ਵਿਚ ਸ਼ੰਘਾਈ ਅਤੇ ਮਈ ਵਿਚ ਯੇਚੀਓਨ ਵਿਚ ਵਿਸ਼ਵ ਕੱਪ ਦੇ ਪਹਿਲੇ ਪੜਾਅ ਅਤੇ ਦੂਜੇ ਪੜਾਅ ਵਿਚ ਕ੍ਰਮਵਾਰ ਸੋਨ ਤਮਗੇ ਜਿੱਤੇ ਸਨ। ਇਸ ਤਰ੍ਹਾਂ ਟੀਮ ਇਸ ਸੀਜ਼ਨ ’ਚ ਅਜੇਤੂ ਰਹੀ ਹੈ।
ਫਿਰ ਉੱਭਰ ਰਹੇ ਕੰਪਾਊਂਡ ਤੀਰਅੰਦਾਜ਼ ਪ੍ਰਿਯਾਂਸ਼ ਇਸ ਸੀਜ਼ਨ ਵਿਚ ਦੂਜੀ ਵਾਰ ਡੱਚ ਸ਼ਲੋਸਰ ਨੂੰ ਹਰਾਉਣ ਵਿਚ ਅਸਫਲ ਰਹੇ, ਜਿਸ ਨਾਲ ਉਹ ਉਪ ਜੇਤੂ ਰਹੇ। ਉਹ ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ’ਚ ਪਹੁੰਚਿਆ, ਜਿਸ ’ਚ ਉਸ ਨੇ ਪਹਿਲੇ ਸੈੱਟ ’ਚ ਇਕ ਅੰਕ ਗੁਆ ਦਿਤਾ ਪਰ ਉਸ ਤੋਂ ਬਾਅਦ ਵਾਪਸੀ ਨਹੀਂ ਕਰ ਸਕਿਆ ਅਤੇ ਸ਼ਲੋਸਰ ਨੇ 149-148 ਨਾਲ ਜਿੱਤ ਦਰਜ ਕੀਤੀ।
ਸੈਮੀਫਾਈਨਲ ’ਚ 21 ਸਾਲਾ ਪ੍ਰਿਯਾਂਸ਼ ਨੇ ਵਿਸ਼ਵ ਦੇ ਦੂਜੇ ਨੰਬਰ ਦੇ ਤੀਰਅੰਦਾਜ਼ ਮੈਥਿਅਸ ਫੁਲਰਟਨ ਨੂੰ ਇਕ ਅੰਕ ਨਾਲ ਹਰਾ ਕੇ ਪਿਛਲੇ ਵਿਸ਼ਵ ਕੱਪ ’ਚ ਮਿਲੀ ਹਾਰ ਦਾ ਬਦਲਾ ਲਿਆ। ਵਿਸ਼ਵ ਕੱਪ ਦੇ ਦੂਜੇ ਪੜਾਅ ’ਚ ਡੈਨਮਾਰਕ ਦੇ ਤੀਰਅੰਦਾਜ਼ ਨੇ ਪ੍ਰਿਯਾਂਸ਼ ਨੂੰ ਸ਼ੂਟ ਆਫ ’ਚ ਹਰਾਇਆ।
ਪ੍ਰਿਯਾਂਸ਼ ਦਾ ਇਹ ਦੂਜਾ ਵਿਸ਼ਵ ਕੱਪ ਚਾਂਦੀ ਦਾ ਤਗਮਾ ਹੈ। ਇਸ ਸਾਲ ਅਪ੍ਰੈਲ ’ਚ ਸੀਜ਼ਨ ਦੇ ਪਹਿਲੇ ਵਿਸ਼ਵ ਕੱਪ ’ਚ ਪ੍ਰਿਯਾਂਸ਼ ਫਾਈਨਲ ’ਚ ਆਸਟਰੀਆ ਦੇ ਨਿਕੋ ਵੀਨਰ ਤੋਂ 147-150 ਨਾਲ ਹਾਰ ਕੇ ਦੂਜੇ ਸਥਾਨ ’ਤੇ ਰਿਹਾ ਸੀ। ਭਾਰਤ ਐਤਵਾਰ ਨੂੰ ਰਿਕਰਵ ਫਾਈਨਲ ’ਚ ਤਿੰਨ ਤਮਗੇ ਜਿੱਤਣ ਦਾ ਟੀਚਾ ਰੱਖੇਗਾ।
ਰਿਕਰਵ ਵਰਗ ਵਿਚ ਅੰਕਿਤਾ ਭਕਤ ਅਤੇ ਧੀਰਜ ਬੋਮਦੇਵਰਾ ਵੀ ਦੋ ਤਮਗੇ ਦੀ ਦੌੜ ਵਿਚ ਹਨ ਕਿਉਂਕਿ ਦੋਵੇਂ ਵਿਅਕਤੀਗਤ ਸੈਮੀਫਾਈਨਲ ਵਿਚ ਪਹੁੰਚ ਗਏ ਹਨ। ਧੀਰਜ ਅਤੇ ਭਜਨ ਕੌਰ ਦੀ ਮਿਕਸਡ ਟੀਮ ਕਾਂਸੀ ਤਮਗਾ ਪਲੇਅ ਆਫ ਵਿਚ ਮੈਕਸੀਕੋ ਦੇ ਵਿਰੋਧੀਆਂ ਨਾਲ ਵੀ ਭਿੜੇਗੀ।