ਬ੍ਰਿਸਬੇਨ ’ਚ ਹੋਣਗੀਆਂ 2032 ਉਲੰਪਿਕ ਖੇਡਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬ੍ਰਿਸਬੇਨ ਤੋਂ ਪਹਿਲਾਂ 2028 ’ਚ ਲਾਸ ਏਂਜਲਸ ਜਦਕਿ 2024 ’ਚ ਪੈਰਿਸ ’ਚ ਉਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।

Olympic Games

ਟੋਕੀਉ : ਕੌਮਾਂਤਰੀ ਉਲੰਪਿਕ ਕਮੇਟੀ (ਆਈ. ਓ. ਸੀ.) ਨੇ ਬ੍ਰਿਸਬੇਨ ਨੂੰ ਬੁਧਵਾਰ ਨੂੰ 2032 ਉਲੰਪਿਕ ਦੀ ਮੇਜ਼ਬਾਨੀ ਲਈ ਚੁਣਿਆ। ਬ੍ਰਿਸਬੇਨ ਵਿਰੁਧ ਕਿਸੇ ਸ਼ਹਿਰ ਨੇ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਸਿਡਨੀ ’ਚ 2000 ’ਚ ਖੇਡਾਂ ਕਰਵਾਉਣ ਤੋਂ ਬਾਅਦ ਉਲੰਪਿਕ ਇਕ ਵਾਰ ਫਿਰ ਆਸਟ੍ਰੇਲੀਆ ਪਰਤੇਗਾ। ਇਸ ਤੋਂ ਪਹਿਲਾਂ ਮੈਲਬੋਰਨ ’ਚ 1956 ’ਚ ਉਲੰਪਿਕ ਖੇਡਾਂ ਹੋਈਆਂ ਸੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅਪਣੇ ਦਫ਼ਤਰ ਤੋਂ ਆਈ. ਓ. ਸੀ. ਦੇ ਵੋਟਰਾਂ ਨੂੰ 11 ਮਿੰਟ ਦੇ ਲਾਈਵ ਵੀਡੀਉ ਲਿੰਕ ਦੌਰਾਨ ਕਿਹਾ,‘‘ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ’ਚ ਸਫ਼ਲ ਖੇਡਾਂ ਕਰਵਾਉਣ ਲਈ ਕੀ ਕਰਨ ਦੀ ਲੋੜ ਹੈ।  ਬ੍ਰਿਸਬੇਨ ਤੋਂ ਪਹਿਲਾਂ 2028 ’ਚ ਲਾਸ ਏਂਜਲਸ ਜਦਕਿ 2024 ’ਚ ਪੈਰਿਸ ’ਚ ਉਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।

ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਉ ਖੇਡਾਂ ਤੋਂ ਪਹਿਲਾਂ ਬੈਠਕ ’ਚ ਆਈ. ਓ.ਸੀ. ਮੈਂਬਰਾਂ ਦੇ ਅਧਿਕਾਰਤ ਮੋਹਰ ਲਾਉਣ ਤੋਂ ਮਹੀਨਾ ਪਹਿਲਾਂ ਆਸਟ੍ਰੇਲੀਆ ਦੇ ਪੂਰਬੀ ਕੰਢੀ ਸ਼ਹਿਰ ਦਾ ਮੇਜ਼ਬਾਨ ਬਣਨ ਦਾ ਰਸਤਾ ਲਗਭਗ ਸਾਫ਼ ਹੋ ਗਿਆ ਸੀ। ਆਈ. ਓ. ਸੀ. ਨੇ ਫ਼ਰਵਰੀ ਨੂੰ ਬ੍ਰਿਸਬੇਨ ਨੂੰ ਗੱਲਬਾਤ ਦਾ ਵਿਸ਼ੇਸ਼ ਅਧਿਕਾਰ ਦਿਤਾ ਸੀ। 

ਇਸ ਫ਼ੈਸਲੇ ਤੋਂ ਕਤਰ, ਹੰਗਰੀ ਤੇ ਜਰਮਨੀ ਦੇ ਉਲੰਪਿਕ ਅਧਿਕਾਰੀ ਹੈਰਾਨ ਸਨ ਕਿਉਂਕਿ ਉਨ੍ਹਾਂ ਦੀ ਖ਼ੁਦ ਦੀ ਦਾਅਵੇਦਾਰੀ ਦੀ ਯੋਜਨਾ ’ਤੇ ਪਾਣੀ ਫਿਰ ਗਿਆ ਸੀ। ਨਵੇਂ ਬੋਲੀ ਫ਼ਾਰਮੈਟ ਤਹਿਤ ਬ੍ਰਿਸਬੇਨ ਖੇਡਾਂ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਪਹਿਲਾ ਸ਼ਹਿਰ ਹੈ। ਨਵੇਂ ਫ਼ਾਰਮੈਟ ’ਚ ਆਈ. ਓ. ਸੀ. ਸੰਭਾਵੀ ਦਾਅਵੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ਤੇ ਬਿਨਾ ਵਿਰੋਧ ਉਨ੍ਹਾਂ ਦੀ ਚੋਣ ਕਰ ਸਕਦਾ ਹੈ। ਉਲੰਪਿਕ ਮੁਕਾਬਲੇ ਪੂਰੇ ਕਵੀਂਸਲੈਂਡ ਸੂਬੇ ’ਚ ਕਰਵਾਏ ਜਾਣਗੇ, ਜਿਸ ’ਚ ਗੋਲਡ ਕੋਸਟ ਸ਼ਹਿਰ ਵੀ ਸ਼ਾਮਲ ਹੈ ਜਿਸ ਨੇ 2018 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।