ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਸੱਟ ਕਾਰਨ ਖ਼ਿਤਾਬੀ ਮੁਕਾਬਲੇ ਤੋਂ ਹਟੇ ਦੀਪਕ ਪੁਨੀਆ, ਚਾਂਦੀ ਜਿੱਤੀ

ਏਜੰਸੀ

ਖ਼ਬਰਾਂ, ਖੇਡਾਂ

ਕਿਹਾ - ਮੈਂ ਦੇਸ਼ ਲਈ ਸੋਨ ਤਮਗ਼ਾ ਜਿੱਤਣਾ ਚਾਹੁੰਦਾ ਸੀ, ਪਰ ਬਦਕਿਸਮਤੀ ਅਜਿਹਾ ਨਹੀਂ ਹੋ ਸਕਿਆ

World Championships: Injured Deepak Punia settles for silver medal

ਨੂਰ-ਸੁਲਤਾਨ (ਕਜ਼ਾਖ਼ਿਸ਼ਤਾਨ) : ਨੌਜਵਾਨ ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਸੈਮੀਫ਼ਾਈਨਲ ਦੌਰਾਨ ਲੱਗੀ ਸੱਟ ਦਾਰਣ ਐਤਵਾਰ ਨੂੰ ਇਥੇ ਇਰਾਨ ਦੇ ਹਜ਼ਸਾਨ ਯਜਦਾਨੀ ਵਿਰੁਧ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 86 ਕਿਲੋਗ੍ਰਾਮ ਵਰਗ ਦੇ ਖ਼ਿਤਾਬੀ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਜਿਸ ਨਾਲ ਉਨ੍ਹਾਂ ਨੂੰ ਚਾਂਦੀ ਦੇ ਤਮਗ਼ੇ ਨਾਲ ਸੰਤੋਸ਼ ਕਰਨਾ ਪਿਆ। ਦੀਪਕ ਨੇ ਕਿਹਾ, ''ਟੂਰਨਮੈਂਟ ਦੇ ਪਹਿਲੇ ਬਾਊਟ ਵਿਚ ਹੀ ਮੈਨੂੰ ਸੱਟ ਲੱਗ ਗਈ ਸੀ। ਖੱਬੇ ਪੈਰ 'ਤੇ ਵਜ਼ਨ ਨਹੀਂ ਲਿਆ ਜਾ ਰਿਹਾ। ਇਸ ਹਾਲਤ ਵਿਚ ਲੜਨਾ ਮੁਸ਼ਕਲ ਹੈ। ਮੈਂ ਜਾਣਦਾ ਹਾਂ ਕਿ ਯਾਜਦਾਨੀ ਵਿਰੁਧ ਇਹ ਵੱਡਾ ਮੌਕਾ ਸੀ ਪਰ ਮੈਂ ਕੁਝ ਨਹੀਂ ਕਰ ਸਕਦਾ।''

ਇਸ 20 ਸਾਲ ਦੇ ਭਾਰਤੀ ਖਿਡਾਰੀ ਨੂੰ ਅਪਣੀ ਪਹਿਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦੇ ਤਮਗ਼ੇ ਨਾਲ ਸੰਤੋਸ਼ ਕਰਨਾ ਪਿਆ।  ਉਨ੍ਹਾਂ ਕਿਹਾ ਕਿ ਮੈਂ ਦੇਸ਼ ਲਈ ਸੋਨ ਤਮਗ਼ਾ ਜਿੱਤਣਾ ਚਾਹੁੰਦਾ ਸੀ, ਪਰ ਬਦਕਿਸਮਤੀ ਅਜਿਹਾ ਨਹੀਂ ਹੋ ਸਕਿਆ। ਮੈਨੂੰ ਲੱਗਾ ਸੀ ਕਿ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਮੈਂ ਠੀਕ ਹੋ ਜਾਵਾਂਗਾ, ਪਰ ਅਜਿਹਾ ਨਹੀਂ ਹੋਇਆ। ਸਵਿਟਜ਼ਰਲੈਂਡ ਦੇ ਸਟੇਫ਼ਨ ਰੇਚਮੁਥ ਵਿਰੁਧ ਸਨਿਚਰਵਾਰ ਨੂੰ ਸੈਮੀਫ਼ਾਈਨਲ ਦੌਰਾਨ ਉਹ ਮੈਚ ਵਿਚ ਲੜਖੜਾਉਂਦੇ ਹੋਏ ਆ ਰਹੇ ਸਨ ਅਤੇ ਉਨ੍ਹਾਂ ਦੀ ਖੱਬੀ ਅੱਖ ਸੁੱਜੀ ਹੋਈ ਸੀ। ਇਸ ਤਰ੍ਹਾਂ ਸੁਸ਼ੀਲ ਕੁਮਾਰ ਭਾਰਤ ਦੇ ਇਕ ਮਾਤਰ ਵਿਸ਼ਵ ਚੈਂਪੀਅਨ ਬਣੇ ਰਹਿਣਗੇ ਜਿਨ੍ਹਾਂ ਨੇ ਮਾਸਕੋ 2010 ਵਿਸ਼ਵ ਚੈਂਪੀਅਨਸ਼ਿਪ ਦੇ 66 ਕਿਲੋਗ੍ਰਾਮ ਵਰਗ ਵਿਚ ਸੋਨ ਤਮਗ਼ਾ ਜਿਤਿਆ ਸੀ।

ਨੌਕਰੀ ਦੇ ਲਾਲਚ ਵਿਚ ਕੁਸ਼ਤੀ ਸ਼ੁਰੂ ਕੀਤੀ ਸੀ ਦੀਪਕ ਨੇ
ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗ਼ਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਦੀਪਕ ਪੂਨੀਆ ਨੇ ਜਦੋਂ ਕੁਸ਼ਤੀ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਦਾ ਮੁੱਖ ਟੀਚਾ ਇਸ ਰਾਹੀਂ ਨੌਕਰੀ ਹਾਸਲ ਕਰਨਾ ਸੀ ਜਿਸ ਨਾਲ ਉਾ ਅਪਣੇ ਪਰਵਾਰ ਦੀ ਦੇਖਭਾਲ ਕਰ ਸਕਣ। ਉਹ ਕੰਮ ਦੀ ਤਲਾਸ਼ ਵਿਚ ਸਨ ਅਤੇ 2016 ਵਿਚ ਉਨ੍ਹਾਂ ਨੂੰ ਭਾਰਤੀ ਫ਼ੌਜ ਵਿਚ ਸਿਪਾਹੀ ਦੇ ਅਹੁਦੇ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਪਰ ਓਲੰਪਿਕ ਤਮਗ਼ਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਉਨ੍ਹਾਂ ਨੂੰ ਛੋਟੀਆਂ ਚੀਜ਼ਾ ਨੂੰ ਛੱਡ ਕੇ ਵੱਡੇ ਟੀਚੇ 'ਤੇ ਧਿਆਨ ਦੇਣਦ ਦੀ ਸਲਾਹ ਦਿਤੀ ਅਤੇ ਫਿਰ ਦੀਪਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੋ ਵਾਰ ਦੇ ਓਲੰਪਿਕ ਤਮਗ਼ਾ ਜੇਤੂ ਸੁਸ਼ੀਲ ਨੇ ਦੀਪਕ ਨੂੰ ਕਿਹਾ ਕਿ, ''ਕੁਸ਼ਤੀ ਨੂੰ ਅਪਣੀ ਪਹਿਲ ਬਣਾਉ, ਨੌਕਰੀ ਤੁਹਾਡੇ ਪਿੱਤੇ ਭੱਜੇਗੀ।''