ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਮਾਮਲਾ ਮਟੌਰ ਥਾਣੇ ਵਿਚ ਅੱਜ 11 ਵਜੇ ਪੇਸ਼ ਹੋਵੇਗਾ ਸੁਮੇਧ ਸੈਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਡੀ.ਜੀ.ਪੀ. ਕੋਲੋਂ ਜਾਂਚ ਟੀਮ ਪੁੱਛ ਸਕਦੀ ਹੈ 80 ਸਵਾਲ

image

ਚੰਡੀਗੜ੍ਹ, 22 ਸਤੰਬਰ (ਤੇਜਿੰਦਰ ਫ਼ਤਿਹਪੁਰ): ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਦੇ ਮਾਮਲੇ ਵਿਚ ਅੱਜ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਮੁਹਾਲੀ ਦੇ ਮਟੌਰ ਥਾਣੇ ਵਿਚ ਜਾਂਚ ਟੀਮ ਅੱਗੇ ਪੇਸ਼ ਹੋਣਗੇ। ਇਸ ਜਾਂਚ ਟੀਮ ਵਿਚ ਐਸ.ਪੀ. ਹਰਮਨਦੀਪ ਹੰਸ, ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਅਤੇ ਮਟੌਰ ਥਾਣੇ ਦੇ ਐਸ.ਐਚ.ਓ. ਰਾਜੀਵ ਕੁਮਾਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕਿ 21 ਸਤੰਬਰ ਨੂੰ ਸਵੇਰੇ 11 ਵਜੇ ਸੁਮੇਧ ਸੈਣੀ ਨੂੰ ਇਕ ਨੋਟਿਸ ਭੇਜ ਕੇ 23 ਸਤੰਬਰ ਨੂੰ  ਥਾਣਾ ਮਟੌਰ ਵਿਖੇ ਜਾਂਚ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। image

 

ਦਸਣਯੋਗ ਹੈ ਕਿ ਮਟੌਰ ਥਾਣੇ ਵਿਚ ਸੁਮੇਧ ਸੈਣੀ ਵਿਰੁਧ ਮਿਤੀ 06-05-2020 ਨੂੰ ਆਈ.ਪੀ.ਸੀ ਦੀ ਧਾਰਾ 364, 201, 344, 330, 219, 120-ਬੀ ਦਰਜ ਕੀਤਾ ਗਿਆ ਸੀ ਅਤੇ ਤਫ਼ਤੀਸ਼ ਦੌਰਾਨ 21-08-2020 ਨੂੰ ਜ਼ੁਰਮ ਵਿਚ ਵਾਧਾ ਕਰਦਿਆਂ ਆਈ.ਪੀ.ਸੀ ਦੀ ਧਾਰਾ 302 ਦਾ ਵਾਧਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਅੱਜ ਸੁਮੇਧ ਸੈਣੀ ਕੋਲੋਂ 80 ਅਹਿਮ ਸਵਾਲ ਪੁੱਛੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿਚ ਅਹਿਮ ਮੰਨੇ ਜਾਣ ਵਾਲੇ ਸੰਭਾਵਤ ਸਵਾਲ ਹਨ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਕਿਸ ਅਧਾਰ 'ਤੇ ਫੜ੍ਹਿਆ ਸੀ? ਮੁਲਤਾਨੀ ਨੂੰ ਕਿਸ ਜਾਂਚ ਲਈ ਗੁਰਦਾਸਪੁਰ ਜਾਂ ਤਰਨ ਤਾਰਨ ਜ਼ਿਲ੍ਹੇ ਵਿਚ ਲਿਜਾਇਆ ਗਿਆ? ਉਸ ਵੇਲੇ ਇਕ ਵਿਅਕਤੀ ਨੂੰ ਮੁਲਤਾਨੀ ਦਸ ਕੇ ਹਵਾਲਾਤ ਵਿਚ ਬੰਦ ਕੀਤਾ ਸੀ, ਉਹ ਵਿਅਕਤੀ ਕੌਣ ਸੀ? ਉਸ ਵੇਲੇ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਜਾਂਚ ਅਧਿਕਾਰੀ ਕੌਣ-ਕੌਣ ਸਨ? ਜਾਣਕਾਰੀ ਅਨੁਸਾਰ ਜਾਂਚ ਅਧਿਕਾਰੀ ਅਜਿਹੇ ਕਈ ਹੋਰ ਦਰਜਨਾਂ ਸਵਾਲ ਪੁੱਛ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਚੋਂ ਅਹਿਮ ਕੇਸ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਹੀ ਮੰਨਿਆ ਜਾ ਰਿਹਾ ਹੈ। ਪੁਲਿਸ ਦੀ ਜਾਂਚ ਦੌਰਾਨ ਸੈਣੀ ਕੋਲੋਂ ਹੋਰ ਕਈ ਅਹਿਮ ਖ਼ੁਲਾਸੇ ਕਰਵਾਏ ਜਾਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਪੁਲਿਸ ਜਾਂਚ ਟੀਮ ਪੂਰੀ ਤਰ੍ਹਾਂ ਗੰਭੀਰ ਹੈ।




ਸੋਸ਼ਲ ਮੀਡੀਆ 'ਤੇ ਵੀ ਲੋਕ ਦੱਸ ਰਹੇ ਹਨ ਸੈਣੀ ਦੀਆਂ ਕਰਤੂਤਾਂ



ਜਦੋਂ ਤੋਂ ਅਦਾਲਤ ਵਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ, ਉਸ ਦਿਨ ਤੋਂ ਆਏ ਦਿਨ ਸੋਸ਼ਲ ਮੀਡੀਆ 'ਤੇ ਸੈਣੀ ਦੀਆਂ ਕਾਲੀਆਂ ਕਰਤੂਤਾਂ ਨੂੰ ਲੋਕ ਜੱਗ ਜਾਹਰ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸੈਣੀ ਵਿਰੁਧ ਪਾਈਆਂ ਪੋਸਟਾਂ 'ਤੇ ਆਏ ਕੁਮੈਂਟਸ ਵਿਚ ਜ਼ਿਆਦਾਤਰ ਭੱਦੀਆਂ ਟਿਪਣੀਆਂ ਵੀ ਲਿਖੀਆਂ ਹੁੰਦੀਆਂ ਹਨ ਅਤੇ ਕੋਈ ਇਕ ਵੀ ਕੁਮੈਂਟ ਇਸ ਤਰ੍ਹਾਂ ਦਾ ਨਹੀਂ ਹੁੰਦਾ ਜੋ ਸੈਣੀ ਦੇ ਹੱਕ ਵਿਚ ਲਿਖਿਆ ਹੋਵੇ।