BCCI ਵੱਲੋਂ ਨਕਵੀ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਸ਼ਿਕਾਇਤ ਕਰਨ ਦਾ ਫ਼ੈਸਲਾ
4 ਤੋਂ 7 ਨਵੰਬਰ ਤੱਕ ਦੁਬਈ ’ਚ ਹੋਣੀ ਹੈ ICC ਬੋਰਡ ਦੀ ਮੀਟਿੰਗ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹੁਣ ਮੋਹਸਿਨ ਨਕਵੀ ਵਿਰੁੱਧ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਆਈਸੀਸੀ ਬੋਰਡ ਦੀ ਮੀਟਿੰਗ 4 ਤੋਂ 7 ਨਵੰਬਰ ਤੱਕ ਦੁਬਈ ਵਿੱਚ ਹੋਣ ਵਾਲੀ ਹੈ, ਜਿੱਥੇ ਬੀਸੀਸੀਆਈ ਪੂਰਾ ਮੁੱਦਾ ਉਠਾਏਗਾ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕੱਪ 2025 ਜਿੱਤਣ ਤੋਂ ਬਾਅਦ ਟਰਾਫੀ ਨਹੀਂ ਚੁੱਕੀ। ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਮੁਖੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਨਕਵੀ ਟਰਾਫੀ ਲੈ ਕੇ ਚਲੇ ਗਏ ਸਨ, ਜਿਸ ਨੂੰ ਬਾਅਦ ਵਿੱਚ ਏਸੀਸੀ ਦਫ਼ਤਰ ਵਿੱਚ ਰੱਖਿਆ ਗਿਆ। ਭਾਰਤੀ ਟੀਮ ਨੂੰ ਅਜੇ ਤੱਕ ਏਸ਼ੀਆ ਕੱਪ ਟਰਾਫੀ ਨਹੀਂ ਮਿਲੀ।
ਜਾਣਕਾਰੀ ਮੁਤਾਬਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਜੇ ਵੀ ਅੜੇ ਹਨ, ਇਸ ਲਈ ਇਸ ਮੁੱਦੇ ਨੂੰ ਆਈਸੀਸੀ ਦੀ ਮੀਟਿੰਗ ਵਿੱਚ ਉਠਾਇਆ ਜਾਏਗਾ। ਟਰਾਫੀ ਸੌਂਪਣ ਸੰਬੰਧੀ ਉਨ੍ਹਾਂ ਦੇ ਜਵਾਬ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਬੀਸੀਸੀਆਈ ਨੇ ਅਧਿਕਾਰਤ ਤੌਰ 'ਤੇ ਮੋਹਸਿਨ ਨਕਵੀ ਨੂੰ ਇੱਕ ਈਮੇਲ ਭੇਜ ਕੇ ਕਿਹਾ ਸੀ ਕਿ ਉਹ ਏਸ਼ੀਆ ਕੱਪ ਟਰਾਫੀ ਜਲਦੀ ਤੋਂ ਜਲਦੀ ਭਾਰਤ ਨੂੰ ਸੌਂਪ ਦੇਣ, ਪਰ ਏਸੀਸੀ ਮੁਖੀ ਨਕਵੀ ਦਾ ਹੰਕਾਰ ਘੱਟ ਨਹੀਂ ਹੋਇਆ।