ਹਰਮਨਪ੍ਰੀਤ ਦੀ ਸੈਨਾ ਇੰਗਲੈਂਡ ਟੀਮ ਨੂੰ ਹਰਾਉਣ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਲੋਕਾਂ ਉਪਰ ਕ੍ਰਿਕਟ ਦਾ ਜਨੂੰਨ ਚੜਿਆ ਹੋਇਆ.....

Women Indian Cricket Team

ਨਾਰਥ ਸਾਊਂਡ (ਭਾਸ਼ਾ) ਭਾਰਤੀ ਲੋਕਾਂ ਉਪਰ ਕ੍ਰਿਕਟ ਦਾ ਜਨੂੰਨ ਚੜਿਆ ਹੋਇਆ ਹੈ। ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਭਾਰਤ ਆਈ.ਸੀ.ਸੀ ਮਹਿਲਾ ਵਿਸ਼ਵ ਟੀ-20 ਦੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਇੰਗਲੈਂਡ ਦਾ ਸਾਹਮਣਾ ਕਰਨ ਲਈ ਉਤਰੇਗਾ ਤਾਂ ਉਹ ਪਿਛਲੇ ਸਾਲ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਦੀਆਂ ਕੌੜੀਆਂ ਯਾਦਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਨੇ 50 ਓਵਰਾਂ ਦੇ ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਵਿਚ ਭਾਰਤੀ ਟੀਮ ਨੂੰ 9 ਦੌੜਾਂ ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਤੋਂ ਹਾਲਾਂਕਿ ਭਾਰਤ ਵਿਚ ਮਹਿਲਾ ਕ੍ਰਿਕਟ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ।

ਭਾਰਤੀ ਮਹਿਲਾ ਟੀਮ ਨੇ ਵੀ ਵਿਸ਼ਵ ਟੀ-20 ਵਿਚ ਹੁਣ ਤਕ ਅਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਅਜੇਤੂ ਰਹਿੰਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਨੇ ਨਿਊਜ਼ੀਲੈਂਡ ਦੀ ਮਜ਼ਬੂਤ ਟੀਮ ਨੂੰ 34 ਦੌੜਾਂ ਨਾਲ ਤੇ ਫਿਰ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਨਾਲ ਉਹ ਲੀਗ ਗੇੜ ਵਿਚ ਅਪਣੇ ਸਾਰੇ ਮੈਚ ਜਿੱਤਣ ਵਿਚ ਸਫਲ ਰਿਹਾ ਪਰ ਮੌਜੂਦਾ ਵਿਸ਼ਵ ਵਨਡੇ ਚੈਂਪੀਅਨ ਇੰਗਲੈਂਡ ਦੀ ਟੀਮ ਕਾਫੀ ਮਜ਼ਬੂਤ ਹੈ ਤੇ ਪਿਛਲੇ ਸਾਲ ਲਾਰਡਸ ਵਿਚ ਮਿਲੀ ਹਾਰ ਦੀਆਂ ਯਾਦਾਂ ਭਾਰਤੀ ਮਹਿਲਾ ਟੀਮ ਦੀਆਂ ਦੋ ਧਾਕੜਾਂ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਦੇ ਦਿਮਾਗ ਵਿਚ ਰਹਿਣਗੀਆਂ।

ਕਪਤਾਨ ਹਰਮਨਪ੍ਰੀਤ ਦਾ ਪ੍ਰਦਰਸ਼ਨ ਭਾਰਤ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਏਗਾ ਕਿਉਂਕਿ ਉਸ ਨੇ ਲੋੜ ਪੈਣ 'ਤੇ ਚੰਗੀ ਖੇਡ ਦਿਖਾਈ ਹੈ। ਪੰਜਾਬ ਦੇ ਮੋਗਾ ਜ਼ਿਲੇ ਦੀ ਇਹ ਖਿਡਾਰਨ ਵੱਡੇ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਜਾਣੀ ਜਾਂਦੀ ਹੈ। ਇੱਥੋਂ ਤਕ ਕਿ ਮੌਜੂਦਾ ਵਿਸ਼ਵ ਟੀ-20 ਵਿਚ ਵੀ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਨਿਊਜ਼ੀਲੈਂਡ ਵਿਰੁਧ ਉਸ ਨੇ ਸੈਂਕੜਾ ਲਾਇਆ। ਜਦੋਂ ਕਿ ਆਸਟਰੇਲੀਆ ਵਿਰੁਧ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਟੂਰਨਾਮੈਂਟ ਵਿਚ ਹੁਣ ਤਕ ਚਾਰ ਮੈਚਾਂ ਵਿਚ ਸਭ ਤੋਂ ਵੱਧ 167 ਦੌੜਾਂ ਬਣਾਈਆਂ ਹਨ ਤੇ ਉਸ ਦੀ ਸਟ੍ਰਾਈਕ ਰੇਟ 177 ਹੈ।

ਭਾਰਤ ਦੀ ਇਕ ਹੋਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 144 ਦੌੜਾਂ ਬਣਾਈਆਂ ਹਨ ਤੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਹੈ। ਇੰਗਲੈਂਡ ਵਿਰੁਧ ਭਾਰਤ ਅਪਣੀ ਸਭ ਤੋਂ ਤਜਰੇਬਾਕਰ ਖਿਡਾਰਨ ਮਿਤਾਲੀ ਨੂੰ ਵੀ ਆਖਰੀ-11 ਵਿਚ ਰੱਖੇਗਾ। ਭਾਰਤੀ ਮਹਿਲਾ ਟੀਮ ਭਾਰਤ ਨੂੰ ਜਿੱਤ ਦੇ ਨਾਲ ਤੌਫਾ ਦੇਵੇਗੀ। ਭਾਰਤ ਸ਼ੁਰੂ ਤੋਂ ਹੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।