ਰਾਧਿਕਾ ਨਰੂਲਾ ਨੇ ICU ਵਿਚ ਤਿਆਰੀ ਕਰ ਕੇ NEET ਪ੍ਰੀਖਿਆ 'ਚ ਹਾਸਲ ਕੀਤਾ 977ਵਾਂ ਰੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋਵੇਂ ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਹੌਸਲੇ ਦੀ ਮਿਸਾਲ ਬਣੀ ਪੰਜਾਬ ਦੀ ਧੀ, ਕਿਹਾ- ਦਿਲ ਰੋਗਾਂ ਦੀ ਮਾਹਰ ਡਾਕਟਰ ਬਣ ਕੇ ਕਰਾਂਗੀ ਸਮਾਜ ਸੇਵਾ 

Radhika Narula with her parents

ਹੁਸ਼ਿਆਰਪੁਰ : ਦੋਵੇਂ ਕਿਡਨੀਆਂ ਫੇਲ੍ਹ ਹੋਣ ਦੇ ਬਾਵਜੂਦ ਹੁਸ਼ਿਆਰਪੁਰ ਦੀ ਰਾਧਿਕਾ ਨੇ ਹੌਸਲਾ ਨਹੀਂ ਛੱਡਿਆ ਅਤੇ ਦੂਜਿਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ। ਰਾਧਿਕਾ ਨਰੂਲਾ ਨੇ ਨੀਟ ਪ੍ਰੀਖਿਆ ਵਿਚੋਂ 977ਵਾਂ ਰੈਂਕ ਹਾਸਲ ਕੀਤਾ ਹੈ। ਦੱਸ ਦੇਈਏ ਕਿ ਰਾਧਿਕਾ ਨੇ ਪਹਿਲੀ ਵਾਰ 2020 ਵਿਚ ਨੀਟ ਪ੍ਰੀਖਿਆ ਪਾਸ ਕੀਤੀ ਅਤੇ 15 ਸਤੰਬਰ 2021 ਨੂੰ ਦੋਵੇਂ ਕਿਡਨੀਆਂ 92 ਫ਼ੀਸਦੀ ਖਰਾਬ ਹੋਣ ਬਾਰੇ ਪਤਾ ਲੱਗਿਆ।

ਤਿੰਨ ਮਹੀਨਿਆਂ ਤੱਕ ਆਈ.ਸੀ.ਯੂ. ਵਿਚ ਰਹਿਣ ਮਗਰੋਂ 2022 ਦੀ ਨੀਟ ਪ੍ਰੀਖਿਆ ਦੀ ਤਿਆਰੀ ਕੀਤੀ ਅਤੇ ਪੰਜਾਬ ਵਿਚੋਂ 977ਵਾਂ ਰੈਂਕ ਹਾਸਲ ਕੀਤਾ ਹੈ। ਆਪਣੀ ਧੀ ਵਲੋਂ ਇਹ ਮੁਕਾਮ ਹਾਸਲ ਕਰਨ 'ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਮਾਂ ਵੱਲੋਂ ਇਕ ਕਿਡਨੀ ਦਿੱਤੇ ਜਾਣ ਦੌਰਾਨ ਹਸਪਤਾਲ ਵਿਚ ਭਰਤੀ ਰਾਧਿਕਾ ਨੇ ਆਪਣੀ ਸਖ਼ਤ ਮਿਹਨਤ ਨਾਲ ਹਾਲਾਤ ਦੀਆਂ ਦੁਸ਼ਵਾਰੀਆਂ ਨੂੰ ਬੌਣਾ ਸਾਬਿਤ ਕਰਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਰਾਧਿਕਾ ਨੇ ਦੱਸਿਆ ਕਿ ਉਸਦੀ ਮਾਂ ਨੇ ਉਸਨੂੰ ਦੂਸਰਾ ਜਨਮ ਦਿੱਤਾ ਹੈ।

ਉਸ ਦੇ ਮਾਤਾ-ਪਿਤਾ ਉਸਦੀ ਪ੍ਰੇਰਨਾ ਅਤੇ ਤਾਕਤ ਹਨ। ਇਸ ਮੌਕੇ ਰਾਧਿਕਾ ਨੇ ਦੱਸਿਆ ਕਿ ਜੋ ਆਪਾਂ ਪੂਰੀ ਸ਼ਿੱਦਤ ਨਾਲ ਕਰਨਾ ਚਾਹੀਏ ਤਾਂ ਫਿਰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ 2020 ਵਿਚ ਜਦੋਂ ਪਤਾ ਲੱਗਿਆ ਕਿ ਦੋਵੇਂ ਕਿਡਨੀਆਂ ਫੇਲ੍ਹ ਹੋ ਗਈਆਂ ਹਨ ਤਾਂ ਪਹਿਲਾਂ ਬਹੁਤ ਡਰ ਗਈ ਪਰ ਹਿੰਮਤ ਨਹੀਂ ਹਰਿ ਅਤੇ 2022 ਵਿਚ ਡਾਕਟਰੀ ਦੀ ਪੜ੍ਹਾਈ ਸ਼ੁਰੂ ਕਰ ਦਿਤੀ।

ਉਨ੍ਹਾਂ ਦੱਸਿਆ ਕਿ ਸਾਰੀ ਪੜ੍ਹਾਈ ਘਰ ਵਿਚ ਖੁਦ ਹੀ ਕੀਤੀ ਹੈ ਅਤੇ ਸਖਤ ਮਿਹਨਤ ਸਦਕਾ ਪਹਿਲੀ ਅਤੇ ਦੂਜੀ ਨੀਟ ਪ੍ਰੀਖਿਆ ਪਾਸ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾਕਾਲ ਦੌਰਾਨ ਡਾਕਟਰਾਂ ਦੀ ਕਮੀਂ ਨੂੰ ਦੇਖਦੇ ਹੋਏ ਦ੍ਰਿੜ ਇਰਾਦਾ ਕਰ ਲਿਆ ਸੀ ਮੈਂ ਡਾਕਟਰ ਹੀ ਬਣਾਂਗੀ। ਦੱਸ ਦੇਈਏ ਕਿ ਰਾਧਿਕਾ ਨਰੂਲਾ ਦਿਲ ਰੋਗਾਂ ਦੀ ਮਾਹਰ ਡਾਕਟਰ ਬਣ ਕੇ ਸਮਾਜ ਸੇਵਾ ਕਰਨੀ ਚਾਹੁੰਦੀ ਹੈ।