ਮਕਾਨ ਮਾਲਕਣ ਨੇ ਕਿਰਾਏਦਾਰ ਦੀ ਕੀਤੀ ਹੱਤਿਆ
ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ‘ਤੇ ਗਾਣੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਮਕਾਨ ਮਾਲਕਣ ਨੇ ਨੌਜਵਾਨ ਦੇ ਸਿਰ ‘ਤੇ ਰਾਡ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਹੈ।
ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ‘ਤੇ ਗਾਣੇ ਵਜਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਮਕਾਨ ਮਾਲਕਣ ਨੇ ਨੌਜਵਾਨ ਦੇ ਸਿਰ ‘ਤੇ ਰਾਡ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਹੈ। ਪੁਲਿਸ ਨੇ ਨੌਜਵਾਨ ਦੀ ਪਤਨੀ ਦੇ ਬਿਆਨ ‘ਤੇ ਅਪਰਾਧਿਕ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਟਿੱਬਾ ਰੋਡ ਦੇ ਕਰਤਾਰ ਨਗਰ ਵਿਚ ਹਰਪ੍ਰੀਤ ਸਿੰਘ ਆਪਣੀ ਪਤਨੀ ਦੇ ਨਾਲ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ। ਉਸਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸਦਾ ਕੋਈ ਬੱਚਾ ਨਹੀਂ ਸੀ। ਵੀਰਵਾਰ ਨੂੰ ਹੋਲੀ ਵਾਲੇ ਦਿਨ ਸ਼ਾਮ ਚਾਰ ਵਜੇ ਉਹ ਆਪਣੇ ਦੋਸਤ ਦੇ ਨਾਲ ਘਰ ‘ਤੇ ਹੀ ਸ਼ਰਾਬ ਪੀ ਰਿਹਾ ਸੀ ਅਤੇ ਉਸ ਨੇ ਉੱਚੀ ਅਵਾਜ਼ ਵਿਚ ਗਾਣੇ ਲਗਾਏ ਹੋਏ ਸਨ। ਜਿਸ ‘ਤੇ ਮਕਾਨ ਮਾਲਕਣ ਕੁਲਦੀਪ ਕੌਰ ਨੇ ਇਤਰਾਜ਼ ਜ਼ਾਹਿਰ ਕੀਤਾ ਅਤੇ ਉਹ ਉਸ ਕੋਲ ਗਈ ‘ਤੇ ਉਸ ਨੂੰ ਗਾਣੇ ਬੰਦ ਕਰਨ ਲਈ ਕਿਹਾ।
ਇਸੇ ਦੌਰਾਨ ਦੋਨਾਂ ਵਿਚ ਬਹਿਸ ਸ਼ੁਰੂ ਹੋ ਗਈ। ਮੁਹੱਲੇ ਦੇ ਲੋਕਾਂ ਨੇ ਆ ਕੇ ਮਾਮਲੇ ਨੂੰ ਸੁਲਝਾ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਆਪਣੇ ਮਾਤਾ-ਪਿਤਾ ਨੂੰ ਛੱਡਣ ਉਹਨਾਂ ਦੇ ਘਰ ਚਲਾ ਗਿਆ। ਜਦੋਂ ਉਹ ਵਾਪਿਸ ਆਇਆ ਤਾਂ ਮਕਾਨ ਮਾਲਕਣ ਉਸਦੀ ਪਤਨੀ ਨੂੰ ਬੋਲ ਰਹੀ ਸੀ। ਇਸ ਤੋਂ ਝਗੜਾ ਦੁਬਾਰਾ ਸ਼ੁਰੂ ਹੋ ਗਿਆ। ਇਸੇ ਦੌਰਾਨ ਮਕਾਨ ਮਾਲਕਣ ਨੇ ਲੋਹੇ ਦੀ ਰਾਡ ਨੌਜਵਾਨ ਦੇ ਸਿਰ ‘ਤੇ ਮਾਰ ਦਿੱਤੀ ਅਤੇ ਉਹ ਹੇਠਾਂ ਡਿੱਗ ਗਿਆ। ਘਰ ਆਇਆ ਉਸਦਾ ਦੋਸਤ ਉਸ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਹਰਪ੍ਰੀਤ ਸਿੰਘ ਇਕ ਫੈਕਟਰੀ ਵਿਚ ਆਟੋ ਚਲਾਉਂਦਾ ਸੀ ਅਤੇ ਉਹ ਦੋ ਭੈਣਾਂ ਦਾ ਇਕਲੋਤਾ ਭਰਾ ਸੀ। ਦੋਨਾਂ ਪਰਿਵਾਰਾਂ ਦਾ ਖਰਚਾ ਉਸਦੀ ਕਮਾਈ ਤੋਂ ਚਲਦਾ ਸੀ। ਪੁਲਿਸ ਵੱਲੋਂ 174 ਸੀਆਰਪੀਸੀ ਦੇ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਗਿਆ ਸੀ, ਜਿਸ ਵਿਚ ਉਸਦੇ ਸਿਰ ‘ਤੇ ਚੋਟ ਪਾਈ ਗਈ ਹੈ।
ਪੁਲਿਸ ਨੇ ਉਸਦੀ ਪਤਨੀ ਦੀ ਸ਼ਿਕਾਇਤ ‘ਤੇ ਮਕਾਨ ਮਾਲਕਣ ਖਿਲਾਫ ਥਾਣਾ ਟਿੱਬਾ ਵਿਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਥਾਣਾ ਮੁੱਖੀ ਇੰਸਪੈਕਟਰ ਪਰਮਜੀਤ ਸਿੰਘ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।