BCCI ਨੇ ਰਿਸ਼ਭ ਪੰਤ ਸਮੇਤ ਤਿੰਨ ਨੂੰ ਲਗਾਇਆ ਜੁਰਮਾਨਾ
IPL ਮੈਚ 'ਚ ਰੁਕਾਵਟ ਪਾਉਣ 'ਤੇ ਲਗਾਈ ਗਈ ਹੈ ਪਾਬੰਦੀ
ਨਵੀਂ ਦਿੱਲੀ : ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ 'ਤੇ ਨੋ-ਬਾਲ ਵਿਵਾਦ ਨੂੰ ਭੜਕਾਉਣ ਲਈ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਮੈਚ 'ਚ ਰੁਕਾਵਟ ਪਾਉਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ IPL ਪ੍ਰਬੰਧਕਾਂ ਨੇ ਜੁਰਮਾਨਾ ਲਗਾਇਆ ਹੈ।
ਜਾਣਕਾਰੀ ਅਨੁਸਾਰ ਪੰਤ ਤੋਂ ਇਲਾਵਾ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ ਸ਼ਾਰਦੁਲ ਠਾਕੁਰ ਅਤੇ ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਪ੍ਰਵੀਨ ਅਮਰੇ 'ਤੇ ਵੀ ਜੁਰਮਾਨਾ ਲਗਾਇਆ ਗਿਆ, ਜੋ ਮੈਚ ਦੌਰਾਨ ਮੈਦਾਨ 'ਤੇ ਵਾਕਆਊਟ ਕਰ ਗਏ ਸਨ। ਇਸ ਲਈ ਉਨ੍ਹਾਂ 'ਤੇ ਪਾਬੰਦੀ ਲਗਾਈ ਗਈ ਹੈ।
ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖ਼ਿਲਾਫ਼ ਖੇਡੇ ਗਏ ਮੈਚ 'ਚ ਦਿੱਲੀ ਟੀਮ ਦੇ ਕਪਤਾਨ ਰਿਸ਼ਭ ਪੰਤ 'ਤੇ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 100 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਪੰਤ ਨੇ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਤਹਿਤ ਧਾਰਾ 2.7 ਦੇ ਲੈਵਲ 2 ਦੀ ਉਲੰਘਣਾ ਕਰਨ ਦੇ ਦੋਸ਼ ਨੂੰ ਮਨਜ਼ੂਰ ਕਰ ਲਿਆ ਹੈ।
ਦਿੱਲੀ ਕੈਪੀਟਲਸ ਦੇ ਗੇਂਦਬਾਜ਼ ਸ਼ਾਰਦੁਲ ਠਾਕੁਰ 'ਤੇ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਇਸ ਮੈਚ ਵਿੱਚ ਰਿਸ਼ਭ ਪੰਤ ਦਾ ਵੀ ਸਮਰਥਨ ਕੀਤਾ ਅਤੇ ਧਾਰਾ 2.8 ਦੇ ਲੈਵਲ 2 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ। ਠਾਕੁਰ ਨੇ ਵੀ ਆਪਣੀ ਸਜ਼ਾ ਸਵੀਕਾਰ ਕਰ ਲਈ ਹੈ।
ਇਸ ਦੇ ਨਾਲ ਹੀ ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ 'ਤੇ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 100 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇੰਨਾ ਹੀ ਨਹੀਂ ਪ੍ਰਵੀਨ ਅਮਰੇ 'ਤੇ ਇਕ ਮੈਚ ਦੀ ਪਾਬੰਦੀ ਵੀ ਲਗਾਈ ਗਈ ਹੈ। ਪ੍ਰਵੀਨ ਅਮਰੇ ਮੈਚ ਨੂੰ ਰੋਕਣ ਲਈ ਮੈਦਾਨ ਵਿੱਚ ਵੜਿਆ ਸੀ। ਉਸ ਨੇ ਧਾਰਾ 2.2 ਦੇ ਲੈਵਲ 2 ਦੇ ਦੋਸ਼ ਨੂੰ ਸਵੀਕਾਰ ਕਰਦੇ ਹੋਏ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।