FIH Hockey Stars Awards 2024 : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨੂੰ FIH ’ਪਲੇਅਰ ਆਫ ਦਿ ਈਅਰ’ ਪੁਰਸਕਾਰ ਲਈ ਕੀਤਾ ਨਾਮਜ਼ਦ
FIH Hockey Stars Awards 2024 : ਹਰਮਨਪ੍ਰੀਤ ਨੇ ਪੈਰਿਸ ਓਲੰਪਿਕ ’ਚ 8 ਮੈਚਾਂ ’ਚ ਕੀਤੇ ਸੀ 10 ਗੋਲ
FIH Hockey Stars Awards 2024 :ਪੈਰਿਸ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸ਼ਨੀਵਾਰ ਨੂੰ ਐੱਫਆਈਐੱਚ ਸਾਲ ਦੇ ਸਭ ਤੋਂ ਵਧੀਆ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 28 ਸਾਲਾ ਡ੍ਰੈਗ ਫਲਿਕਰ ਹਰਮਨਪ੍ਰੀਤ ਨੇ ਪੈਰਿਸ ਓਲੰਪਿਕ ਵਿੱਚ 8 ਮੈਚਾਂ ਵਿੱਚ 10 ਗੋਲ ਕੀਤੇ ਸਨ। ਉਹ 2020 ਅਤੇ 2022 ਵਿੱਚ ਲਗਾਤਾਰ ਦੋ ਵਾਰ ਇਹ ਪੁਰਸਕਾਰ ਜਿੱਤ ਚੁੱਕੇ ਹਨ।
ਹਾਕੀ ਇੰਡੀਆ ਦੁਆਰਾ ਜਾਰੀ ਪ੍ਰੈਸ ਰਿਲੀਜ਼ ਵਿੱਚ ਉਨ੍ਹਾਂ ਨੇ ਕਿਹਾ, "ਐੱਫਆਈਐੱਚ ਸਾਲ ਦੇ ਸਭ ਤੋਂ ਵਧੀਆ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਇਕ ਵਾਰ ਫਿਰ ਸ਼ਾਮਲ ਹੋਣਾ ਮਾਣ ਦੀ ਗੱਲ ਹੈ।" ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਨਾਲ ਮੈਨੂੰ ਨਾਮਜ਼ਦ ਕੀਤਾ ਗਿਆ ਹੈ। ਪਰ ਇਹ ਮੇਰੀ ਟੀਮ ਦੇ ਸਹਿਯੋਗ ਦੇ ਬਗੈਰ ਸੰਭਵ ਨਹੀਂ ਸੀ। ਮੈਂ ਐੱਫਆਈਐੱਚ ਪ੍ਰੋ ਲੀਗ ਅਤੇ ਪੈਰਿਸ ਓਲੰਪਿਕ ਵਿੱਚ ਵੀ ਇੰਨੇ ਗੋਲ ਇਸ ਲਈ ਕਰ ਸਕਿਆ ਕਿਉਂਕਿ ਟੀਮ ਨੇ ਗੋਲ ਕਰਨ ਦੇ ਮੌਕੇ ਬਣਾਏ।"
ਹਰਮਨਪ੍ਰੀਤ ਤੋਂ ਇਲਾਵਾ ਨੀਦਰਲੈਂਡ ਦੇ ਥਿਏਰੀ ਬ੍ਰਿੰਕਮੈਨ ਅਤੇ ਯੋਏਪ ਡਿ ਮੋਲ, ਜਰਮਨੀ ਦੇ ਹਾਨੇਸ ਮਿਊਲੇਰ ਅਤੇ ਇੰਗਲੈਂਡ ਦੇ ਜ਼ਾਕ ਵਾਲਾਸ ਵੀ ਦੌੜ ਵਿੱਚ ਹਨ। ਇਸ ਲਈ 2024 ਵਿੱਚ ਹੋਏ ਸਾਰੇ ਮੈਚਾਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਵਿੱਚ ਟੈਸਟ ਮੈਚ,ਐੱਫਆਈਐੱਚ ਹਾਕੀ ਪ੍ਰੋ ਲੀਗ, ਐੱਫਆਈਐੱਚ ਹਾਕੀ ਨੈਸ਼ਨਜ਼ ਕੱਪ, ਓਲੰਪਿਕ ਕੁਆਲੀਫਾਇਰ ਅਤੇ ਓਲੰਪਿਕ ਸ਼ਾਮਲ ਹਨ।ਹਰਮਨਪ੍ਰੀਤ ਨੇ ਕਿਹਾ, "ਪੈਰਿਸ ਓਲੰਪਿਕ ਹੁਣ ਤੱਕ ਮੇਰੇ ਕੈਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੈ। ਟੀਮ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ, ਖ਼ਾਸ ਕਰਕੇ ਪਿਛਲੇ ਸਾਲ ਵਿਸ਼ਵ ਕੱਪ 'ਚ ਜਦੋਂ ਮੈਂ ਇੱਕ ਵੀ ਗੋਲ ਨਹੀਂ ਕਰ ਸਕਿਆ ਸੀ। ਪਰ ਟੀਮ ਨੇ ਮੈਨੂੰ ਦੋਸ਼ ਨਹੀਂ ਦਿੱਤਾ। ਮੇਰੇ ਦਿਮਾਗ ਵਿਚ ਹਮੇਸ਼ਾਂ ਇਹ ਸੀ ਕਿ ਟੀਮ ਦੇ ਭਰੋਸੇ 'ਤੇ ਖਰਾ ਉਤਰਨਾ ਹੈ।"
ਭਾਰਤੀ ਟੀਮ ਨੇ ਹਾਲ ਹੀ ਵਿਚ ਚੀਨ ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਵੀ ਜਿੱਤੀ ਹੈ। ਹਰਮਨਪ੍ਰੀਤ ਨੇ 7 ਗੋਲ ਕਰਕੇ "ਪਲੇਅਰ ਆਫ਼ ਦਿ ਟੂਰਨਾਮੈਂਟ" ਦਾ ਖ਼ਿਤਾਬ ਹਾਸਲ ਕੀਤਾ। ਪੁਰਸਕਾਰ ਲਈ ਵੋਟਿੰਗ 11 ਅਕਤੂਬਰ ਤੱਕ ਹੋਵੇਗੀ।
(For more news apart from Indian hockey team captain Harmanpreet Singh nominated for FIH 'Player of the Year' award News in Punjabi, stay tuned to Rozana Spokesman)