ਈ.ਡੀ. ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਬਿਆਨ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਨਲਾਈਨ ਸੱਟੇਬਾਜ਼ੀ ਮਾਮਲਾ

ED records statement of former cricketer Yuvraj Singh

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਏ ਹਨ ਅਤੇ ਉਹ ‘ਵਨ ਐਕਸ ਬੈੱਟ’ ਨਾਮਕ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ-ਪੜਤਾਲ ਲਈ ਪੇਸ਼ ਹੋਏ।

ਚਿੱਟੀ ਟੀ-ਸ਼ਰਟ ਅਤੇ ਪੈਂਟ ਪਹਿਨ ਕੇ ਆਏ 43 ਸਾਲ ਦੇ ਯੁਵਰਾਜ ਸਿੰਘ ਅਪਣੀ ਕਾਨੂੰਨੀ ਟੀਮ ਨਾਲ ਦੁਪਹਿਰ 12 ਵਜੇ ਦੇ ਕਰੀਬ ਮੱਧ ਦਿੱਲੀ ਸਥਿਤ ਏਜੰਸੀ ਦੇ ਦਫ਼ਤਰ ਪਹੁੰਚੇ। ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੇ ਜਾਂਚ ਅਧਿਕਾਰੀ ਨੇ ਆਲਰਾਊਂਡਰ ਅਤੇ ਖੱਬੇ ਹੱਥ ਦੇ ਬੱਲੇਬਾਜ਼ ਤੋਂ ਪੁੱਛ-ਪੜਤਾਲ ਕੀਤੀ ਅਤੇ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਤਹਿਤ ਉਸ ਦਾ ਬਿਆਨ ਦਰਜ ਕਰਵਾਇਆ।

ਅਨਵੇਸ਼ੀ ਜੈਨ ਨਾਮ ਦਾ ਇਕ ‘ਸੋਸ਼ਲ ਮੀਡੀਆ ਇਨਫਲੂਐਂਸਰ’ ਵੀ ਇਸੇ ਮਾਮਲੇ ਵਿਚ ਪੁੱਛ-ਪੜਤਾਲ ਲਈ ਈ.ਡੀ. ਦੇ ਸਾਹਮਣੇ ਪੇਸ਼ ਹੋਇਆ। ਸੰਘੀ ਜਾਂਚ ਏਜੰਸੀ ਨੇ ਪਿਛਲੇ ਕੁੱਝ ਹਫ਼ਤਿਆਂ ਤੋਂ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ, ਸ਼ਿਖਰ ਧਵਨ ਅਤੇ ਰੌਬਿਨ ਉਥੱਪਾ ਤੋਂ ਇਲਾਵਾ ਸਾਬਕਾ ਤ੍ਰਿਣਮੂਲ ਸੰਸਦ ਮੈਂਬਰ ਅਤੇ ਅਦਾਕਾਰਾ ਮਿਮੀ ਚੱਕਰਵਰਤੀ ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜਰਾ ਤੋਂ ਵੀ ਪੁੱਛ-ਪੜਤਾਲ ਕੀਤੀ ਹੈ।  ਇਸੇ ਮਾਮਲੇ ਵਿਚ ਈ.ਡੀ. ਨੇ ਅਦਾਕਾਰ ਸੋਨੂੰ ਸੂਦ ਨੂੰ ਬੁਧਵਾਰ ਨੂੰ ਤਲਬ ਕੀਤਾ ਹੈ।

‘ਵਨ ਐਕਸ ਬੈੱਟ’ ਸੱਟੇਬਾਜ਼ੀ ਐਪ ਦੇ ਸੰਚਾਲਨ ਦੀ ਜਾਂਚ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਅਤੇ ਕਥਿਤ ਤੌਰ ਉਤੇ ਪ੍ਰਤੱਖ ਅਤੇ ਅਸਿੱਧੇ ਟੈਕਸਾਂ ਦੀ ਵੱਡੀ ਰਕਮ ਤੋਂ ਬਚਣ ਦੇ ਦੋਸ਼ਾਂ ਉਤੇ ਅਜਿਹੇ ਪਲੇਟਫਾਰਮਾਂ ਦੇ ਵਿਰੁਧ ਈ.ਡੀ. ਦੀ ਵਿਆਪਕ ਜਾਂਚ ਦਾ ਹਿੱਸਾ ਹੈ।

ਕੁਰਾਕਾਓ-ਰਜਿਸਟਰਡ ‘ਵਨ ਐਕਸ ਬੈੱਟ’ ਦੇ ਅਨੁਸਾਰ, ਇਹ ਸੱਟੇਬਾਜ਼ੀ ਉਦਯੋਗ ਵਿਚ 18 ਸਾਲਾਂ ਦੇ ਨਾਲ ਇਕ ਵਿਸ਼ਵ ਪੱਧਰ ਉਤੇ ਮਾਨਤਾ ਪ੍ਰਾਪਤ ਸੱਟੇਬਾਜ਼ ਹੈ। ਕੰਪਨੀ ਦੀ ਵੈਬਸਾਈਟ ਉਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਬ੍ਰਾਂਡ ਦੇ ਗਾਹਕ ਹਜ਼ਾਰਾਂ ਖੇਡ ਸਮਾਗਮਾਂ ਉਤੇ ਸੱਟਾ ਲਗਾ ਸਕਦੇ ਹਨ, ਕੰਪਨੀ ਦੀ ਵੈਬਸਾਈਟ ਅਤੇ ਐਪ 70 ਭਾਸ਼ਾਵਾਂ ਵਿਚ ਉਪਲਬਧ ਹੈ।

ਮਾਹਰਾਂ ਮੁਤਾਬਕ ਭਾਰਤ ’ਚ ਆਨਲਾਈਨ ਸੱਟੇਬਾਜ਼ੀ ਐਪ ਬਾਜ਼ਾਰ ਦੀ ਕੀਮਤ 100 ਅਰਬ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜੋ 30 ਫੀਸਦੀ ਦੀ ਦਰ ਨਾਲ ਵੱਧ ਰਿਹਾ ਹੈ। ਸਰਕਾਰ ਨੇ ਸੰਸਦ ਨੂੰ ਦਸਿਆ ਹੈ ਕਿ ਉਸ ਨੇ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਪਲੇਟਫਾਰਮਾਂ ਨੂੰ ਰੋਕਣ ਲਈ 2022 ਤੋਂ ਜੂਨ 2025 ਤੱਕ 1524 ਹੁਕਮ ਜਾਰੀ ਕੀਤੇ ਹਨ।