T-20 World Cup: ਭਾਰਤ ਨੂੰ ਮਿਲਿਆ ਦਿਵਾਲੀ ਦਾ ਤੋਹਫ਼ਾ, Pak ਨੂੰ 4 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਕੋਹਲੀ ਨੇ ਨੋ ਬਾਲ 'ਤੇ ਛੱਕਾ ਜੜ੍ਹ ਕੇ ਟੀਮ ਨੂੰ ਜਿੱਤ ਵੱਲ ਮੋੜਿਆ ਤੇ ਕੋਹਲੀ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। 

T-20 World Cup: India got a Diwali gift, defeated Pak by 4 wickets

 

ਮੈਲਬੋਰਨ -  ਟੀ-20 ਵਿਸ਼ਵ ਕੱਪ 2022 ਦਾ ਸਭ ਤੋਂ ਵੱਡਾ ਮੈਚ ਭਾਰਤ ਨੇ ਅੱਜ ਜਿੱਤ ਲਿਆ ਹੈ ਤੇ ਭਾਰਤ ਨੂੰ ਇਹ ਹੀ ਦਿਵਾਲੀ ਦਾ ਤੋਹਫ਼ਾ ਮਿਲਿਆ ਹੈ। ਬਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ। ਹੀਰੋ ਰਹੇ ਵਿਰਾਟ ਕੋਹਲੀ ਨੇ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਨੇ 31 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ। ਹਾਰਦਿਕ ਨਾਲ 113 ਦੀ ਸਾਂਝੇਦਾਰੀ ਕੀਤੀ। ਜਦੋਂ ਆਖਰੀ ਓਵਰ ਵਿਚ 16 ਦੌੜਾਂ ਦੀ ਲੋੜ ਸੀ ਤਾਂ ਕੋਹਲੀ ਨੇ ਨੋ ਬਾਲ 'ਤੇ ਛੱਕਾ ਜੜ੍ਹ ਕੇ ਟੀਮ ਨੂੰ ਜਿੱਤ ਵੱਲ ਮੋੜਿਆ ਤੇ ਕੋਹਲੀ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ। 

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ 'ਚ ਸ਼ਾਨ ਮਸੂਦ ਤੇ ਇਫਤਿਖਾਰ ਅਹਿਮਦ ਦੀਆਂ ਕ੍ਰਮਵਾਰ 52 ਦੌੜਾਂ ਤੇ 51 ਦੌੜਾਂ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ।  

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਬਣਾਈਆਂ। ਸਿੱਟੇ ਵਜੋਂ ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਵਿਰਾਟ ਕੋਹਲੀ ਨੇ ਮੈਚ ਦੌਰਾਨ 82 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਵਿਰਾਟ ਨੇ ਆਪਣੀ ਪਾਰੀ ਦੇ ਦੌਰਾਨ 6 ਚੌਕੇ ਤੇ 4 ਛੱਕੇ ਲਾਏ। ਵਿਰਾਟ ਤੋਂ ਇਲਾਵਾ ਹਾਰਦਿਕ ਪੰਡਯਾ ਨੇ ਵੀ 40 ਦੌੜਾਂ ਦੀ ਲਾਹੇਵੰਦ ਪਾਰੀ ਖੇਡੀ।

ਪਾਕਿਸਤਾਨ ਤੋਂ ਮਿਲੇ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ 4 ਦੌੜਾਂ ਦੇ ਨਿੱਜੀ ਸਕੋਰ 'ਤੇ ਨਸੀਮ ਸ਼ਾਹ ਵਲੋਂ ਆਊਟ ਹੋ ਗਿਆ। ਭਾਰਤ ਦੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਤੌਰ 'ਤੇ ਡਿੱਗੀ ਰੋਹਿਤ ਵੀ 4 ਦੌੜਾਂ ਦੇ ਨਿਜੀ ਸਕੋਰ 'ਤੇ ਹਾਰਿਸ ਰਊਫ ਦਾ ਸ਼ਿਕਾਰ ਬਣਿਆ।

ਭਾਰਤ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ 15 ਦੌੜਾਂ ਬਣਾ ਹਾਰਿਸ ਰਊਫ ਦਾ ਸ਼ਿਕਾਰ ਬਣਿਆ। ਭਾਰਤ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਅਕਸ਼ਰ ਪਟੇਲ 2 ਦੌੜਾਂ ਬਣਾ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਪਾਕਿਸਤਾਨ ਵਲੋਂ ਨਸੀਮ ਸ਼ਾਹ ਨੇ 1, ਹੈਰਿਸ ਰਊਫ ਨੇ 2 ਤੇ ਮੁਹੰਮਦ ਨਵਾਜ਼ ਨੇ 2 ਵਿਕਟਾਂ ਝਟਕਾਈਆਂ।