ਅਫ਼ਗਾਨਿਸਤਾਨ ਨੇ ਕੀਤਾ ਇਕ ਹੋਰ ਉਲਟਫੇਰ, ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਬੱਲੇਬਾਜ਼ੀ ਲਈ ਉਤਰੇ ਚਾਰ ਅਫ਼ਗਾਨ ਖਿਡਾਰੀਆਂ ’ਚੋਂ ਤਿੰਨ ਨੇ ਜੜਿਆ ਅੱਧਾ ਸੈਂਕੜਾ

Afghanistan Players.

ਚੇਨਈ: ਅਫਗਾਨਿਸਤਾਨ ਨੇ ਸੋਮਵਾਰ ਨੂੰ ਇੱਥੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਦੇ ਮੈਚ ’ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ। 2019 ਦੇ ਵਿਸ਼ਵ ਕੱਪ ਜੇਤੂ ਇੰਗਲੈਂਡ ਨੂੰ ਹਰਾ ਕੇ ਵੱਡਾ ਉਲਟਫੇਰ ਕਰਨ ਤੋਂ ਬਾਅਦ ਅੱਜ ਫਿਰ ਅਫ਼ਗਾਨਿਸਤਾਨ ਨੇ ਮਜ਼ਬੂਤ ਸਮਝੀ ਜਾਂਦੀ ਪਾਕਿਸਤਾਨ ਦੀ ਟੀਮ ਨੂੰ ਚਾਰੇ ਖਾਨੇ ਚਿੱਤ ਕਰ ਦਿਤਾ। 

ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ’ਤੇ 282 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਅਫਗਾਨਿਸਤਾਨ ਨੇ ਆਸਾਨੀ ਨਾਲ 49 ਓਵਰਾਂ ’ਚ ਦੋ ਵਿਕਟਾਂ ’ਤੇ 286 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਹ ਅਫ਼ਗਾਨਿਸਤਾਨ ਵਲੋਂ ਇਕ ਦਿਨਾ ਮੈਚਾਂ ’ਚ ਸਰ ਕੀਤਾ ਗਿਆ ਸਭ ਤੋਂ ਵੱਡਾ ਟੀਚਾ ਸੀ। ਅਫ਼ਗਾਨਿਸਤਾਨ ਵਲੋਂ ਮੈਦਾਨ ’ਚ ਉਤਰੇ ਚਾਰ ਬੱਲੇਬਾਜ਼ਾਂ ’ਚੋਂ ਤਿੰਨ ਨੇ ਅੱਧਾ ਸੈਂਕੜਾ ਬਣਾਇਆ। ਰਹਿਮਾਨੁੱਲਾ ਗੁਰਬਾਜ਼ ਨੇ 65, ਇਬਰਾਹੀਮ ਜ਼ਾਦਰਾਨ ਨੇ 87, ਰਹਿਮਤ ਸ਼ਾਹ ਨੇ 77 ਅਤੇ ਰਸ਼ਮਤੁੱਲਾ ਸ਼ਾਹਿਦੀ ਨੇ 48 ਦੌੜਾਂ ਬਣਾਈਆਂ। ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਬਰਾਹੀਮ ਜ਼ਾਦਰਾਨ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ ਅਤੇ ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਦੇ ਅੱਧੇ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਅਫਗਾਨਿਸਤਾਨ ਦੀ ਸਪਿਨ ਕੁਆਟਰ ਦੀ ਚੁਨੌਤੀ ਨੂੰ ਪਛਾੜਦਿਆਂ ਸੱਤ ਵਿਕਟਾਂ ’ਤੇ 282 ਦੌੜਾਂ ਦਾ ਮਜ਼ਬੂਤ ​​ਸਕੋਰ ਬਣਾਇਆ। ਪਿਛਲੇ ਕੁਝ ਮੈਚਾਂ ’ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਬਾਬਰ ਨੇ 92 ਗੇਂਦਾਂ ’ਚ 74 ਦੌੜਾਂ ਬਣਾਈਆਂ ਜਿਸ ’ਚ ਚਾਰ ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਸ਼ਫੀਕ ਨੇ 75 ਗੇਂਦਾਂ ’ਤੇ 58 ਦੌੜਾਂ ਬਣਾਈਆਂ ਜਦਕਿ ਸ਼ਾਦਾਬ ਖਾਨ (38 ਗੇਂਦਾਂ ’ਤੇ 40 ਦੌੜਾਂ) ਅਤੇ ਇਫਤਿਖਾਰ ਅਹਿਮਦ (27 ਗੇਂਦਾਂ 'ਤੇ 40 ਦੌੜਾਂ) ਨੇ ਬਾਅਦ ਦੇ ਓਵਰਾਂ ’ਚ ਛੇਵੇਂ ਵਿਕਟ ਲਈ 73 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ।

ਪਿੱਚ ਸਪਿਨਰਾਂ ਲਈ ਅਨੁਕੂਲ ਸੀ ਅਤੇ ਇਸ ਲਈ ਅਫਗਾਨਿਸਤਾਨ ਨੇ ਅਪਣੇ ਪਲੇਇੰਗ ਇਲੈਵਨ ’ਚ ਚਾਰ ਸਪਿਨਰਾਂ ਨੂੰ ਸ਼ਾਮਲ ਕੀਤਾ। ਇਨ੍ਹਾਂ ’ਚੋਂ ਖੱਬੇ ਹੱਥ ਦੇ ਕਲਾਈ ਸਪਿਨਰ ਨੂਰ ਅਹਿਮਦ ਸਭ ਤੋਂ ਸਫਲ ਰਹੇ। ਉਸ ਨੇ 49 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਨੇ 52 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਆਫ ਸਪਿਨਰ ਮੁਹੰਮਦ ਨਬੀ (31 ਦੌੜਾਂ ’ਤੇ 1 ਵਿਕਟ) ਨੇ ਬਹੁਤ ਘੱਟ ਦੇ ਕੇ ਗੇਂਦਬਾਜ਼ੀ ਕੀਤੀ ਜਦਕਿ ਪ੍ਰਮੁੱਖ ਸਪਿਨਰ ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਨੂੰ ਕੋਈ ਸਫਲਤਾ ਨਹੀਂ ਮਿਲੀ।

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੇ ਪਾਵਰਪਲੇ ਦੇ 10 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਦੇ 56 ਦੌੜਾਂ ਬਣਾਈਆਂ। ਇਸ ’ਚ ਸ਼ਫੀਕ ਦਾ ਯੋਗਦਾਨ ਅਹਿਮ ਰਿਹਾ, ਜਿਸ ਨੇ ਅਪਣੀ ਪਾਰੀ ’ਚ ਪੰਜ ਚੌਕੇ ਅਤੇ ਦੋ ਛੱਕੇ ਲਾਏ। ਉਸ ਦਾ ਸਲਾਮੀ ਜੋੜੀਦਾਰ ਇਮਾਮ ਉਲ ਹੱਕ ਹਾਲਾਂਕਿ ਸਿਰਫ਼ 17 ਦੌੜਾਂ ਹੀ ਬਣਾ ਸਕਿਆ ਅਤੇ ਪਾਵਰਪਲੇ ਤੋਂ ਤੁਰਤ ਬਾਅਦ ਉਹ ਦਰਮਿਆਨੇ ਤੇਜ਼ ਗੇਂਦਬਾਜ਼ ਅਜ਼ਮਤ ਉਮਰਜ਼ਈ (ਪੰਜ ਓਵਰਾਂ ਵਿੱਚ 50 ਦੌੜਾਂ ਦੇ ਕੇ 1 ਵਿਕਟ) ਦੀ ਪਹਿਲੀ ਗੇਂਦ ’ਤੇ ਮਿਡਵਿਕਟ ’ਤੇ ਕੈਚ ਦੇ ਬੈਠਾ।

ਬਾਬਰ ਅਤੇ ਸ਼ਫੀਕ ਨੇ ਦੂਜੇ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ (52 ਦੌੜਾਂ) ਵੀ ਕੀਤੀ। ਨੂਰ ਅਹਿਮਦ ਨੇ ਸ਼ਫੀਕ ਨੂੰ ਐੱਲ.ਬੀ.ਡਬਲਿਊ. ਆਊਟ ਕਰ ਕੇ ਅਪਣੀ ਪਹਿਲੀ ਵਿਕਟ ਲਈ। ਇਸ ਤੋਂ ਬਾਅਦ ਉਸ ਨੇ ਫਾਰਮ ’ਚ ਚੱਲ ਰਹੇ ਮੁਹੰਮਦ ਰਿਜ਼ਵਾਨ (08) ਨੂੰ ਸ਼ਾਰਟ ਫਾਈਨ ਲੈੱਗ ’ਤੇ ਕੈਚ ਕਰਵਾ ਕੇ ਅਫਗਾਨਿਸਤਾਨ ਨੂੰ ਅਹਿਮ ਸਫਲਤਾ ਦਿਵਾਈ।

ਜਦੋਂ ਬਾਬਰ ਵੱਡੀ ਪਾਰੀ ਖੇਡਣ ਦੇ ਰਾਹ ’ਤੇ ਸੀ ਤਾਂ ਵਿਸ਼ਵ ਕੱਪ ਦੇ ਸਭ ਤੋਂ ਨੌਜਵਾਨ ਖਿਡਾਰੀ ਨੂਰ ਅਹਿਮਦ ਨੇ ਉਸ ਨੂੰ ਕਵਰ ’ਚ ਕੈਚ ਆਊਟ ਕਰਵਾ ਕੇ ਪਾਕਿਸਤਾਨ ਦੀ ਡੈੱਥ ਓਵਰਾਂ ਦੀ ਰਣਨੀਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਬੀ ਨੇ ਸੌਦ ਸ਼ਕੀਲ (25) ਨੂੰ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕਣ ਦਿਤਾ। ਹਾਲਾਂਕਿ ਸ਼ਾਦਾਬ ਅਤੇ ਇਫਤਿਖਾਰ ਨੇ ਆਖਰੀ ਓਵਰਾਂ ’ਚ ਤੇਜ਼ੀ ਨਾਲ ਦੌੜਾਂ ਬਣਾਈਆਂ। ਨਵੀਨ ਅਲ ਹੱਕ ਨੇ ਦੋਹਾਂ ਨੂੰ ਪਾਰੀ ਦੇ ਆਖਰੀ ਓਵਰ ’ਚ ਆਊਟ ਕੀਤਾ। ਇਫਤਿਖਾਰ ਨੇ ਅਪਣੀ ਪਾਰੀ ’ਚ ਚਾਰ ਛੱਕੇ ਜੜੇ।