ਕੌਮੀ ਨਿਸ਼ਾਨੇਬਾਜ਼ੀ ਮੁਕਾਬਲੇ - ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਜਿੱਤਿਆ ਮਹਿਲਾ 50 ਮੀਟਰ 3ਪੀ ਸੋਨ ਤਮਗਾ
ਰਾਜਸਥਾਨ ਦੀ ਮਾਨਿਨੀ ਕੌਸ਼ਿਕ ਨੂੰ 16-10 ਨਾਲ ਹਰਾਇਆ
ਤਿਰੁਵਨੰਤਪੁਰਮ - ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਬੁੱਧਵਾਰ ਨੂੰ ਇੱਥੇ ਔਰਤਾਂ ਦੀ 50 ਮੀਟਰ ਰਾਈਫ਼ਲ 3 ਪੁਜ਼ੀਸ਼ਨ (3ਪੀ) ਵਿੱਚ ਕੌਮੀ ਚੈਂਪੀਅਨ ਬਣਨ ਦਾ ਮਾਣ ਖੱਟਿਆ।
ਖ਼ਿਤਾਬੀ ਮੁਕਾਬਲੇ ਵਿੱਚ ਸਿਫ਼ਤ ਨੇ ਇੱਕ ਦਿਨ ਪਹਿਲਾਂ ਕੁਆਲੀਫ਼ਾਇੰਗ ਮੁਕਾਬਲੇ ਮਗਰੋਂ ਸਿਖਰ ’ਤੇ ਰਹੀ ਰਾਜਸਥਾਨ ਦੀ ਮਾਨਿਨੀ ਕੌਸ਼ਿਕ ਨੂੰ 16-10 ਨਾਲ ਹਰਾਇਆ।
ਓਡੀਸ਼ਾ ਦੀ ਸ਼੍ਰੀਅੰਕਾ ਸਾਦਾਂਗੀ ਨੇ 65ਵੇਂ ਰਾਸ਼ਟਰੀ ਰਾਈਫ਼ਲ ਮੁਕਾਬਲਿਆਂ 'ਚ ਕਾਂਸੀ ਦਾ ਤਮਗਾ ਜਿੱਤਿਆ।
ਕੁਆਲੀਫਿਕੇਸ਼ਨ ਵਿੱਚ ਸਿਫ਼ਤ ਛੇਵੇਂ ਸਥਾਨ 'ਤੇ ਸੀ, ਪਰ 404.2 ਦੇ ਸਕੋਰ ਨਾਲ ਰੈਂਕਿੰਗ ਦੌਰ ਵਿੱਚ ਸਿਖਰ 'ਤੇ ਰਹੀ। ਮਾਨਿਨੀ 402.9 ਸਕੋਰ ਨਾਲ ਦੂਜੇ ਸਥਾਨ 'ਤੇ ਰਹੀ, ਜਦਕਿ ਸ਼੍ਰੀਯੰਕਾ 402.1 ਦੇ ਨਾਲ ਤੀਜੇ ਸਥਾਨ 'ਤੇ ਰਹੀ।
ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀਆਂ ਅੰਜੁਮ ਮੋਦਗਿਲ ਅਤੇ ਮੇਹੁਲੀ ਘੋਸ਼, 401.2 ਅਤੇ 347.8 ਦੇ ਸਕੋਰ ਨਾਲ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ 'ਤੇ ਰਹੀਆਂ।
ਮੱਧ ਪ੍ਰਦੇਸ਼ ਦੀ ਆਸ਼ੀ ਚੋਕਸੀ ਨੇ ਜੂਨੀਅਰ ਮਹਿਲਾ 3ਪੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ, ਜਿੱਥੇ ਉਸ ਨੇ ਸੋਨ ਤਮਗੇ ਦੇ ਮੁਕਾਬਲੇ 'ਚ ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੂੰ 17-9 ਨਾਲ ਹਰਾਇਆ। ਇਸ ਈਵੈਂਟ ਵਿੱਚ ਹਰਿਆਣਾ ਦੀ ਨਿਸ਼ਚਲ ਨੇ ਕਾਂਸੀ ਦਾ ਤਮਗਾ ਜਿੱਤਿਆ।
ਸਿਫ਼ਤ ਅਤੇ ਆਸ਼ੀ ਦੋਵਾਂ ਨੇ ਆਪੋ-ਆਪਣੇ ਮੁਕਾਬਲਿਆਂ ਵਿੱਚ ਖ਼ਿਤਾਬ ਜਿੱਤ ਕੇ ਦੂਹਰੇ ਸੋਨ ਤਮਗੇ ਹਾਸਲ ਕੀਤੇ।