ਦੱਖਣੀ ਅਫ਼ਰੀਕਾ ਵਿਰੁਧ ਹੋਣ ਵਾਲੀ ਇਕ ਰੋਜ਼ਾ ਲੜੀ ਲਈ ਭਾਰਤੀ ਟੀਮ ਦਾ ਐਲਾਨ
ਕੇ.ਐਲ. ਰਾਹੁਲ ਕਰਨਗੇ ਟੀਮ ਦੀ ਅਗਵਾਈ
ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਵਿਰੁਧ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਸਕੁਐਡ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਸਕੁਐਡ ਵਿਚ ਤਜਰਬੇਕਾਰ ਖਿਡਾਰੀਆਂ, ਜਿਨ੍ਹਾਂ ਵਿਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਤੇ ਰਵਿੰਦਰ ਜਡੇਜਾ ਸ਼ਾਮਲ ਹਨ, ਨੂੰ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਟੀਮ ਦੀ ਕਮਾਨ ਇਸ ਵਨਡੇ ਸੀਰੀਜ਼ ਲਈ ਕੇਐਲ ਰਾਹੁਲ ਨੂੰ ਸੌਂਪੀ ਗਈ ਹੈ, ਜੋ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਉਣਗੇ। ਇਹ ਫ਼ੈਸਲਾ ਨਿਯਮਿਤ ਵਨਡੇ ਕਪਤਾਨ ਸ਼ੁਭਮਨ ਗਿੱਲ ਦੇ ਜ਼ਖ਼ਮੀ ਹੋਣ ਕਾਰਨ ਲਿਆ ਗਿਆ ਹੈ। ਗਿੱਲ ਨੂੰ ਦੱਖਣੀ ਅਫ਼ਰੀਕਾ ਵਿਰੁਧ ਚੱਲ ਰਹੀ ਟੈਸਟ ਸੀਰੀਜ਼ ਦੌਰਾਨ ਗਰਦਨ ਵਿਚ ਅਕੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਹ ਪਹਿਲੇ ਟੈਸਟ ਵਿਚ ਰਿਟਾਇਰਡ ਹਰਟ ਹੋ ਗਏ ਸਨ ਅਤੇ ਦੂਜੇ ਟੈਸਟ ਵਿਚ ਵੀ ਨਹੀਂ ਖੇਡ ਸਕੇ ਸਨ।
ਇਸ ਸਕੁਐਡ ਵਿੱਚ ਦੋ ਵੱਡੇ ਨਾਮ ਸ਼ਾਮਲ ਨਹੀਂ ਹਨ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਨਡੇ ਸੀਰੀਜ਼ ਤੋਂ ਆਰਾਮ ਦਿਤਾ ਗਿਆ ਹੈ। ਇਹ ਕਦਮ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਧਿਆਨ ਵਿਚ ਰਖਦੇ ਹੋਏ ਲਿਆ ਗਿਆ ਹੈ, ਕਿਉਂਕਿ ਬੁਮਰਾਹ ਫ਼ਿਲਹਾਲ ਟੀ-20 ਕ੍ਰਿਕਟ ’ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਦੂਜਾ ਸੱਟ ਤੋਂ ਉੱਭਰ ਰਹੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਵੀ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਪਿਛਲੀ ਜਾਣਕਾਰੀ ਅਨੁਸਾਰ ਅਈਅਰ ਦੀ ਤਿੱਲੀ ਦੀ ਸੱਟ ਕਾਫ਼ੀ ਗੰਭੀਰ ਹੈ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਲੰਬੇ ਸਮੇਂ ਬਾਅਦ ਭਾਰਤੀ ਟੀਮ ਵਿਚ ਵਾਪਸੀ ਕਰ ਰਹੇ ਹਨ। ਭਾਰਤੀ-ਏ ਟੀਮ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਰੁਤੂਰਾਜ ਗਾਇਕਵਾੜ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਟੀਮ : ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਕੇਐਲ ਰਾਹੁਲ (ਕਪਤਾਨ) (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਰੁਤੂਰਾਜ ਗਾਇਕਵਾੜ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਧਰੁਵ ਜੁਰੇਲ।