ਦੋਵੇਂ ਹੱਥ ਗਵਾਉਣ ਤੋਂ ਬਾਅਦ ਵੀ ਨਹੀਂ ਹਾਰੀ ਹਿੰਮਤ, ਸਖ਼ਤ ਮਿਹਨਤ ਕਰਕੇ ਜਿੱਤਿਆ ਚਾਂਦੀ ਦਾ ਤਮਗ਼ਾ
ਕਿਸਮਤ ਨੂੰ ਕੋਸਣ ਅਤੇ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਲੋਕ ਜ਼ਰੂਰ ਪੜ੍ਹਣ ਚੰਨਦੀਰ ਬਾਰੇ
ਚੰਡੀਗੜ੍ਹ (ਜਗਸੀਰ ਸਿੰਘ) ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਨਰਾਸ਼ ਹੋ ਜਾਂਦੇ ਹਨ ਤੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੇ ਹਨ ਪਰ ਕਈ ਆਪਣੀ ਆਪਣੀ ਜ਼ਿੰਦਗੀ ਵਿਚ ਕੁਝ ਕਰ ਵਿਖਾਉਣ ਦਾ ਜਜ਼ਬਾ ਰੱਖਦੇ ਹਨ। ਅਜਿਹਾ ਹੀ ਕੁਝ ਕਰ ਵਿਖਾਇਆ ਜੰਮੂ ਕਸ਼ਮੀਰ ਦੇ ਚੰਨਦੀਪ ਸਿੰਘ ਨੇ। ਚੰਨਦੀਪ ਸਿੰਘ ਨੇ ਤੁਰਕੀ ਦੇ ਇਸਤਾਂਬੁਲ 'ਚ ਆਯੋਜਿਤ 9ਵੇਂ ਵਿਸ਼ਵ ਪੈਰਾ ਤਾਈਕਵਾਂਡੋ ਮੁਕਾਬਲੇ 'ਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ। ਚੰਨਦੀਪ ਸਿੰਘ ਅਜਿਹਾ ਕਾਰਨਾਮਾ ਕਰਨ ਵਾਲਾ ਪਹਿਲੇ ਖਿਡਾਰੀ ਬਣ ਚੁੱਕੇ ਹਨ।
11 ਸਾਲ ਦੀ ਉਮਰ ਵਿਚ ਇਕ ਦਰਦਨਾਕ ਹਾਦਸੇ ਵਿਚ ਅਪਣੀਆਂ ਦੋਵੇਂ ਬਾਹਾਂ ਗਵਾਉਣ ਵਾਲੇ ਚੰਨਦੀਪ ਸਿੰਘ ਨੇ ਮਰਦਾਂ ਦੇ 80 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸਪੋਕਸਮੈਨ ਵਲੋਂ ਚੰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਚੰਨਦੀਪ ਨੇ ਦੱਸਿਆ ਉਸਨੇ 2012 ਵਿਚ ਖੇਡਾਂ ਦਾ ਸਫ਼ਰ ਸ਼ੁਰੂ ਕੀਤਾ ਸੀ। ਮੈਂ 2012 ਤੋਂ 2016 ਤੱਕ ਸਕੇਟਿੰਗ ਵਿਚ ਸ਼ੁਰੂਆਤ ਕੀਤੀ। ਉਸ ਸਮੇਂ ਜਿੰਨੀਆਂ ਜ਼ਿਲ੍ਹਾ ਚੈਂਪੀਅਨਸ਼ਿਪ, ਸਟੇਟ ਚੈਂਪੀਅਨਸ਼ਿਪ ਹੋਈਆਂ ਮੈਂ ਸਾਰਿਆਂ ਵਿਚ ਜਿੱਤ ਹਾਸਲ ਕੀਤੀ।
ਸਟੇਟ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨੈਸ਼ਨਲ ਲੈਵਲ ਤੱਕ ਖੇਡਿਆ। ਮੇਰਾ ਜ਼ਿੰਦਗੀ ਦਾ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਗੋਲਡ ਮੈਡਲ ਜਿੱਤਾ। ਇਸ ਲਈ ਮੈਂ 2018 ਵਿਚ ਤਾਇਕਵਾਂਡੋ ਖੇਡਣਾ ਸ਼ੁਰੂ ਕੀਤਾ। ਤਾਇਕਵਾਂਡੋ 'ਚ ਚੰਗੀ ਮੁਹਾਰਤ ਹਾਸਲ ਕਰਨ ਤੋਂ ਬਾਅਦ ਮੈਂ ਸਟੇਟ ਗੋਲਡ ਮੈਡਲਿਸਟ ਬਣਿਆ ਫਿਰ ਨੈਸ਼ਨਲ ਗੋਲਡ ਮੈਡਲਿਸਟ ਬਣਿਆ। 2019 ਵਿਚ ਵਰਲਡ ਚੈਂਪੀਅਨਸ਼ਿਪ ਸੀ ਤੇ ਮੈਂ ਮਨ ਬਣਾ ਲਿਆ ਸੀ ਕਿ ਭਾਰਤ ਦੀ ਝੋਲੀ ਵਿਚ ਗੋਲਡ ਮੈਡਲ ਪਾਉਣਾ ਹੈ।
ਮੈਂ ਤਾਇਕਵਾਂਡੋ ਵਿਚ ਪੂਰੀ ਮਿਹਨਤ ਕੀਤੀ। ਦਿਨ ਰਾਤ ਇਕ ਕੀਤਾ। ਮੇਰੀ ਮਿਹਨਤ ਫਲ ਲਿਆਈ ਤੇ ਮੈਂ ਤਾਇਕਵਾਂਡੋ ਵਿਚ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ। ਫਿਰ ਉਸ ਤੋਂ ਬਾਅਦ ਮੇਰੇ ਟੂਰਨਾਮੈਂਟ ਵਿਚ ਟਾਈਮ ਸੀ। ਫਿਰ ਮੈਂ ਤੈਰਾਕੀ ਸਿੱਖਣੀ ਸ਼ੁਰੂ ਕਰ ਦਿੱਤੀ। ਤੈਰਾਕੀ ਵਿਚ ਇਕ ਸਾਲ ਪੂਰੀ ਮਿਹਨਤ ਕੀਤੀ। ਫਿਰ ਮੈਂ ਤੈਰਾਕੀ ਵਿਚ ਵੀ ਸਿਲਵਰ ਅਤੇ ਗੋਲਡ ਮੈਡਲ ਜਿੱਤਿਆ। ਫਿਰ ਕੋਰੋਨਾ ਕਰਕੇ ਸਭ ਕੁੱਝ ਬੰਦ ਹੋ ਗਿਆ। ਫਿਰ ਵਰਲਡ ਚੈਂਪੀਅਨਸ਼ਿਪ ਆਈ ਸੀ। ਮੈਂ ਸੋਚਿਆ ਸੀ ਇਸ ਵਾਰ ਗੋਲਡ ਮੈਡਲ ਜਿੱਤਣਾ ਹੈ ਪਰ ਦੂਸਰੀ ਵਾਰ ਵੀ ਮੇਰੀ ਝੋਲੀ ਚਾਂਦੀ ਦਾ ਤਗਮਾ ਪਿਆ।
ਚੰਨਦੀਪ ਨੇ ਦੱਸਿਆ ਕਿ ਉਹ ਸਾਲ 2011 ਵਿਚ ਘਰ ਦੀ ਛੱਤ 'ਤੇ ਖੇਡ ਰਿਹਾ ਸੀ ਕਿ ਅਚਾਨਕ ਉਪਰ ਜਾ ਰਹੀਆਂ ਹਾਈਵੋਲਟੇਜ਼ ਦੀਆਂ ਤਾਰਾਂ ਨਾਲ ਮੇਰਾ ਹੱਥ ਲੱਗ ਗਿਆ। ਮੈਨੂੰ ਜੰਮੂ ਤੋਂ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਜਿੱਥੇ ਮੇਰਾ ਦੋ ਮਹੀਨੇ ਇਲਾਜ ਹੋਇਆ। ਇਨਫੈਕਸ਼ਨ ਨਾ ਰੁਕਣ ਕਰਕੇ ਮੇਰੀਆਂ ਮੋਢਿਆਂ ਤੱਕ ਬਾਹਾਂ ਕੱਟ ਦਿੱਤੀਆਂ ਗਈਆਂ। ਠੀਕ ਹੋਣ ਤੋਂ ਬਾਅਦ ਮੈਂ ਜੰਮੂ ਵਾਪਸ ਆਇਆ। ਮੈਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ ਫੋਨ ਆਇਆ।
ਉਹਨਾਂ ਮੈਨੂੰ ਦੁਬਾਰਾ ਸਕੂਲ ਜੁਆਇੰਨ ਕਰਨ ਲਈ ਕਿਹਾ। ਮੈਂ ਸਕੂਲ ਜੁਆਇੰਨ ਕਰ ਲਿਆ। ਪੜ੍ਹਾਈ ਕਰਕੇ ਪੇਪਰ ਦਿੱਤੇ ਤੇ ਅਗਲੀ ਕਲਾਸ ਵਿਚ ਪਰਮੋਟ ਹੋ ਗਿਆ। ਮੈਂ ਹਾਦਸਾ ਵਾਪਰਨ ਹੋ ਬਾਅਦ ਪੜ੍ਹਾਈ ਨਹੀਂ ਛੱਡੀ। ਮੈਨੂੰ ਡਿਗਰੀ ਮਿਲ ਗਈ ਹੈ। ਚੰਨਦੀਪ ਨੇ ਕਿਹਾ ਕਿ ਉਹ ਪੈਰਾ ਉਲੰਪਿਕਸ ਵਿਚ ਭਾਰਤ ਦੀ ਝੋਲੀ ਵਿਚ ਗੋਲਡ ਮੈਡਲ ਪਾਉਣਾ ਚਾਹੁੰਦਾ ਹਾਂ।
ਚੰਨਦੀਪ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਉਹ ਦੇਸ਼ ਲਈ ਕੁਝ ਕਰ ਰਹੇ ਹਨ ਤਾਂ ਦੇਸ਼ ਵੀ ਉਹਨਾਂ ਲਈ ਕੁਝ ਰਹੇ। ਕਿਸੇ ਵੀ ਟੂਰਨਾਮੈਂਟਸ ਵਿਚ ਜਾਣ ਲਈ ਬਹੁਤ ਜ਼ਿਆਦਾ ਖਰਚ ਹੋ ਜਾਂਦਾ ਹੈ। ਜੇਕਰ ਸਰਕਾਰ ਮੈਨੂੰ ਕੋਈ ਰੈਂਕ ਦੇ ਦੇਵੇਗੀ ਤਾਂ ਮੈਨੂੰ ਕਿਸੇ ਵੀ ਟੂਰਨਾਮੈਂਟ ਵਿਚ ਜਾਣ ਤੋਂ ਪਹਿਲਾਂ ਸੋਚਣਾ ਨਹੀਂ ਪਵੇਗਾ। ਚੰਨਦੀਪ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਓ। ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੋ।