ਭਾਰਤੀ ‘ਸਪਿਨਬਾਲ’ ਦਾ ਮੁਕਾਬਲਾ ਅੱਜ ਇੰਗਲੈਂਡ ਦੀ ‘ਬੈਜ਼ਬਾਲ’ ਨਾਲ

ਏਜੰਸੀ

ਖ਼ਬਰਾਂ, ਖੇਡਾਂ

ਵੀਜ਼ਾ ਮੁੱਦੇ ਨੂੰ ਸੁਲਝਾਉਣ ਲਈ ਇੰਗਲੈਂਡ ਪਰਤੇ ਬਸ਼ੀਰ, ਸਟੋਕਸ ਨੇ ਪ੍ਰਗਟਾਇਆ ਦੁੱਖ 

INDvENG

ਹੈਦਰਾਬਾਦ: ਪਿਛਲੇ 12 ਸਾਲਾਂ ਤੋਂ ਘਰੇਲੂ ਮੈਦਾਨ ’ਤੇ ਟੈਸਟ ਕ੍ਰਿਕਟ ’ਚ ਭਾਰਤ ਦੇ ਦਬਦਬੇ ਨੂੰ ਉਸ ਸਮੇਂ ਸਖ਼ਤ ਚੁਨੌਤੀ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਵੀਰਵਾਰ ਤੋਂ ਇੰਗਲੈਂਡ ਵਿਰੁਧ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ’ਚ ਭਿੜੇਗੀ। ਭਾਰਤ ਨੇ ਆਖਰੀ ਵਾਰ 2012 ’ਚ ਅਪਣੀ ਧਰਤੀ ’ਤੇ ਐਲੇਸਟਰ ਕੁੱਕ ਦੀ ਕਪਤਾਨੀ ਵਾਲੀ ਇੰਗਲੈਂਡ ਦੀ ਟੀਮ ਨੇ ਟੈਸਟ ਸੀਰੀਜ਼ ’ਚ 2-1 ਨਾਲ ਹਰਾਇਆ ਸੀ। ਉਸ ਤੋਂ ਬਾਅਦ ਭਾਰਤ ਨੇ ਲਗਾਤਾਰ 16 ਸੀਰੀਜ਼ ਜਿੱਤੀਆਂ ਹਨ, ਜਿਨ੍ਹਾਂ ’ਚੋਂ 7 ‘ਕਲੀਨ ਸਵੀਪ’ ਰਹੀਆਂ ਹਨ। ਇਸ ਦੌਰਾਨ ਭਾਰਤ ਨੇ ਅਪਣੇ ਮੇਜ਼ਬਾਨ ਵਿਚ 44 ਟੈਸਟ ਖੇਡੇ ਅਤੇ ਸਿਰਫ ਤਿੰਨ ਹਾਰੇ। 

ਅਨੁਕੂਲ ਪਿਚਾਂ ਅਤੇ ਗੇਂਦਬਾਜ਼ਾਂ ਨੇ ਵੀ ਪਿਛਲੇ ਦਹਾਕੇ ਵਿਚ ਇਸ ਪ੍ਰਦਰਸ਼ਨ ਵਿਚ ਯੋਗਦਾਨ ਪਾਇਆ, ਜੋ ਜਾਣਦੇ ਸਨ ਕਿ ਇਨ੍ਹਾਂ ਪਿਚਾਂ ਦਾ ਫਾਇਦਾ ਕਿਵੇਂ ਉਠਾਉਣਾ ਹੈ। ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਵੀ ਭਾਰਤ ਦੀ ਸਫਲਤਾ ਦੀ ਕਹਾਣੀ ਲਿਖਣ ’ਚ ਅਹਿਮ ਭੂਮਿਕਾ ਨਿਭਾਈ। ਅਸ਼ਵਿਨ ਅਤੇ ਜਡੇਜਾ ਇਕ ਵਾਰ ਫਿਰ ਟਰਨਿੰਗ ਪਿਚ ’ਤੇ ਪਹਿਲੇ ਮੈਚ ਵਿਚ ਭਾਰਤੀ ਚੁਨੌਤੀ ਦੀ ਅਗਵਾਈ ਕਰਨਗੇ। 

ਇੰਗਲੈਂਡ ਨੇ ਪਹਿਲਾਂ ਵੀ ਦੋਹਾਂ ਦਾ ਸਾਹਮਣਾ ਕੀਤਾ ਹੈ ਅਤੇ ਖਾਸ ਤੌਰ ’ਤੇ ਅਸ਼ਵਿਨ ਨੂੰ ਲੈ ਕੇ ਉਹ ਬਹੁਤ ਚਿੰਤਤ ਹੋਵੇਗਾ। 37 ਸਾਲ ਦੇ ਅਸ਼ਵਿਨ ’ਚ ਅਜੇ ਵੀ 17 ਸਾਲ ਦੇ ਨੌਜੁਆਨ ਵਾਂਗ ਹੀ ਉਤਸ਼ਾਹ ਹੈ। ਉਸ ਨੇ 2012 ਤੋਂ ਲੈ ਕੇ ਹੁਣ ਤਕ 46 ਟੈਸਟ ਮੈਚਾਂ ’ਚ 283 ਵਿਕਟਾਂ ਲਈਆਂ ਹਨ। ਜਡੇਜਾ ਨੂੰ ਉਸ ਦਾ ਸਾਥੀ ਕਿਹਾ ਜਾ ਸਕਦਾ ਹੈ ਪਰ ਉਹ ਅਪਣੇ ਆਪ ’ਚ ਬਹੁਤ ਖਤਰਨਾਕ ਗੇਂਦਬਾਜ਼ ਵੀ ਹੈ। ਉਸ ਦੀਆਂ ਸਹੀ ਗੇਂਦਾਂ ਟਰਨਿੰਗ ਪਿਚ ’ਤੇ ਬੱਲੇਬਾਜ਼ਾਂ ਨੂੰ ਚਕਮਾ ਦੇਣ ਲਈ ਕਾਫ਼ੀ ਹੈ। ਉਸ ਨੇ ਇਸ ਸਮੇਂ ਦੌਰਾਨ 39 ਟੈਸਟ ਮੈਚਾਂ ’ਚ 191 ਵਿਕਟਾਂ ਲਈਆਂ ਹਨ। ਦੋਹਾਂ ਨੇ ਮਿਲ ਕੇ 21 ਦੀ ਔਸਤ ਨਾਲ 500 ਦੇ ਕਰੀਬ ਵਿਕਟਾਂ ਲਈਆਂ ਹਨ। ਅਕਸ਼ਰ ਪਟੇਲ ਜਾਂ ਕੁਲਦੀਪ ਯਾਦਵ ਨੂੰ ਭਾਰਤੀ ਟੀਮ ’ਚ ਤੀਜੇ ਸਪਿਨਰ ਵਜੋਂ ਉਤਾਰਿਆ ਜਾ ਸਕਦਾ ਹੈ ਅਤੇ ਅਕਸ਼ਰ ਦੀ ਸੰਭਾਵਨਾ ਜ਼ਿਆਦਾ ਜਾਪਦੀ ਹੈ।

ਇੰਗਲੈਂਡ ਦੀ ਟੀਮ ਜਾਣਦੀ ਹੈ ਕਿ ਭਾਰਤ ’ਚ ਖੇਡਣ ਲਈ ਚਾਹੇ ਕਿੰਨੀ ਵੀ ਤਿਆਰੀ ਹੋਵੇ, ਉਸ ਨੂੰ ਮਾਨਸਿਕ ਤਾਕਤ ਦੀ ਵੀ ਜ਼ਰੂਰਤ ਹੋਵੇਗੀ। ਉਨ੍ਹਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਪਹਿਲੇ ਦੋ ਟੈਸਟ ਮੈਚਾਂ ’ਚ ਨਿੱਜੀ ਕਾਰਨਾਂ ਕਰ ਕੇ ਬਾਹਰ ਚੱਲ ਰਹੇ ‘ਰਨ ਮਸ਼ੀਨ’ ਵਿਰਾਟ ਕੋਹਲੀ ਨਹੀਂ ਖੇਡਣਗੇ। ਕੋਹਲੀ ਨੇ ਇੰਗਲੈਂਡ ਵਿਰੁਧ 28 ਮੈਚਾਂ ’ਚ 1991 ਦੌੜਾਂ ਬਣਾਈਆਂ ਹਨ, ਜਿਸ ’ਚ ਪੰਜ ਸੈਂਕੜੇ ਸ਼ਾਮਲ ਹਨ। 

ਕੋਹਲੀ ਦੀ ਥਾਂ ਵਿਚਕਾਰਲੇ ਬੱਲੇਬਾਜ਼ ਰਜਤ ਪਾਟੀਦਾਰ ਹੈਦਰਾਬਾਦ ਅਤੇ ਵਿਸ਼ਾਖਾਪਟਨਮ ਟੈਸਟ ਲਈ ਟੀਮ ਨਾਲ ਜੁੜਨਗੇ। ਸ਼੍ਰੇਅਸ ਅਈਅਰ ਅਤੇ ਕੇ.ਐਲ. ਰਾਹੁਲ ਚੌਥੇ ਅਤੇ ਪੰਜਵੇਂ ਨੰਬਰ ’ਤੇ ਉਤਰ ਸਕਦੇ ਹਨ ਜਦਕਿ ਕੋਨਾ ਭਰਤ ਵਿਕਟਕੀਪਿੰਗ ਕਰਨਗੇ। 

ਇੰਗਲੈਂਡ ਨੇ 2022 ਦੇ ਅਖੀਰ ’ਚ ਪਾਕਿਸਤਾਨ ਨੂੰ ਟੈਸਟ ਸੀਰੀਜ਼ ’ਚ 3-0 ਨਾਲ ਹਰਾਇਆ ਸੀ। ਪਰ ਇੱਥੇ ਚੁਨੌਤੀ ਬਹੁਤ ਮੁਸ਼ਕਲ ਹੋਵੇਗੀ। 

ਨੌਜੁਆਨ ਆਫ ਸਪਿਨਰ ਸ਼ੋਏਬ ਬਸ਼ੀਰ ਨੂੰ ਭਾਰਤ ਦਾ ਵੀਜ਼ਾ ਮਿਲਣ ’ਚ ਦੇਰੀ ਨੇ ਵੀ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। ਕਪਤਾਨ ਬੇਨ ਸਟੋਕਸ ਪਹਿਲਾਂ ਹੀ ਕਹਿ ਚੁਕੇ ਹਨ ਕਿ ਉਹ ਬਸ਼ੀਰ ਨੂੰ ਲੈ ਕੇ ਬਹੁਤ ਦੁਖੀ ਹਨ। ਇੰਗਲੈਂਡ ਨੇ ਕੋਚ ਬ੍ਰੈਂਡਨ ਮੈਕੁਲਮ ਅਤੇ ਕਪਤਾਨ ਸਟੋਕਸ ਦੀ ਹਮਲਾਵਰ ਸ਼ੈਲੀ ‘ਬੈਜ਼ਬਾਲ’ ਦੇ ਦਮ ’ਤੇ ਕਾਫੀ ਸਫਲਤਾ ਹਾਸਲ ਕੀਤੀ ਹੈ। ਉਸ ਨੂੰ ਇਕ ਵਾਰ ਫਿਰ ਇਕ ਯੂਨਿਟ ਦੇ ਤੌਰ ’ਤੇ ਅਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੋਵੇਗਾ, ਜਿਸ ਵਿਚ ਜੋ ਰੂਟ ਅਤੇ ਸਟੋਕਸ ’ਤੇ ਦੌੜਾਂ ਬਣਾਉਣ ਅਤੇ ਜੇਮਸ ਐਂਡਰਸਨ ਅਤੇ ਸਪਿਨਰਾਂ ’ਤੇ ਵਿਕਟਾਂ ਲੈਣ ਦੀ ਜ਼ਿੰਮੇਵਾਰੀ ਹੋਵੇਗੀ। ਹਾਲਾਂਕਿ ਲੰਡਨ ਪੁੱਜਣ ’ਤੇ ਉਨ੍ਹਾਂ ਨੂੰ ਵੀਜ਼ਾ ਮਿਲ ਗਿਆ ਜਿਸ ਤੋਂ ਟੀਮ ਨੂੰ ਕੁੱਝ ਰਾਹਤ ਮਿਲੇਗੀ। 

ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਕੇਐਸ ਭਰਤ ਧਰੁਵ, ਜੁਰਾਲ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ, ਆਵੇਸ਼ ਖਾਨ

ਇੰਗਲੈਂਡ ਟੀਮ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗਸ ਐਟਕਿਨਸਨ, ਜੌਨੀ ਬੇਅਰਸਟੋ, ਡੈਨ ਲਾਰੈਂਸ, ਜ਼ੈਕ ਕ੍ਰਾਉਲੀ, ਬੇਨ ਡਕੇਟ, ਬੇਨ ਫੋਕਸ, ਟੌਮ ਹਾਰਟਲੇ, ਜੈਕ ਲੀਚ ਓਲੀ, ਪੋਪ ਓਲੀ ਰੌਬਿਨਸਨ, ਜੋ ਰੂਟ, ਮਾਰਕ ਵੁੱਡ। 

ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।