ਚੱਲ ਮੇਰੇ ਸ਼ੇਰ ਬੱਗਿਆ, ਪਾ ਦੇ ਧਮਾਲ, ਕਿਲਾ ਰਾਏਪੁਰ 'ਚ 11 ਸਾਲ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ
ਸੁਪਰੀਮ ਕੋਰਟ ਨੇ ਲਗਾਈ ਸੀ ਪਾਬੰਦੀ, ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖੁਲ੍ਹਿਆ ਰਾਹ
ਲੁਧਿਆਣਾ : ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਇਕ ਵਾਰ ਫੇਰ ਬੈਲ ਗੱਡੀਆਂ ਦੀ ਦੌੜਾਂ ਹੋਣ ਜਾ ਰਹੀਆਂ ਹਨ। ਲੁਧਿਆਣਾ ਦੇ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿਚ ਵਾਪਸੀ ਲਈ ਤਿਆਰੀ ਖਿਚ ਲਈ ਹੈ। ਜੇਕਰ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਨਵੀਂ ਕਾਨੂੰਨੀ ਰੁਕਾਵਟ ਨਹੀਂ ਆਉਂਦੀ ਤਾਂ ਇਹ ਰਵਾਇਤੀ ਅਤੇ ਇਤਿਹਾਸਕ ਮੁਕਾਬਲੇ ਲਗਭਗ 11 ਸਾਲਾਂ ਬਾਅਦ ਹੋਣਗੇ।
ਕਿਲਾ ਰਾਏਪੁਰ ਪੇਂਡੂ ਓਲੰਪਿਕ 30 ਜਨਵਰੀ ਤੋਂ 1 ਫਰਵਰੀ ਤਕ ਹੋਵੇਗੀ। 2014 ਵਿਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕਿਲਾ ਰਾਏਪੁਰ ਸਮੇਤ ਦੇਸ਼ ਭਰ ਵਿਚ ਬੈਲ ਗੱਡੀਆਂ ਦੀਆਂ ਦੌੜਾਂ ’ਤੇ ਪਾਬੰਦੀ ਲਗਾਈ ਗਈ ਸੀ।
ਅਦਾਲਤ ਨੇ ਜਾਨਵਰਾਂ ’ਤੇ ਜ਼ੁਲਮ ਰੋਕੂ ਐਕਟ 1960 ਦਾ ਹਵਾਲਾ ਦਿੰਦੇ ਹੋਏ ਇਸ ਖੇਡ ’ਤੇ ਪਾਬੰਦੀ ਲਗਾ ਦਿਤੀ ਸੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕੀਤਾ, ਜਿਸ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਲਈ ਰਾਹ ਪੱਧਰਾ ਹੋ ਗਿਆ।
ਇਸ ਫ਼ੈਸਲੇ ਨੇ ਪੇਂਡੂ ਓਲੰਪਿਕ ਦੇ ਸਭ ਤੋਂ ਵੱਡੇ ਆਕਰਸ਼ਣਾਂ ਵਿਚੋਂ ਇਕ ਦੀ ਵਾਪਸੀ ਨੂੰ ਸਮਰੱਥ ਬਣਾਇਆ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦੀ ਜ਼ਿੰਮੇਵਾਰੀ ਲੈ ਰਹੀ ਹੈ। ਬੈਲ ਗੱਡੀਆਂ ਦੀਆਂ ਦੌੜਾਂ ਕਿਲਾ ਰਾਏਪੁਰ ਖੇਡਾਂ ਦਾ ਦਿਲ ਰਹੀਆਂ ਹਨ। ਦੌੜਾਂ ਦੇ ਬੰਦ ਹੋਣ ਨਾਲ ਖੇਡ ਮੇਲੇ ਦੀ ਪਛਾਣ ਲਗਭਗ ਖ਼ਤਮ ਹੋ ਗਈ ਸੀ। ਇਹ ਦੌੜਾਂ ਸਖ਼ਤ ਸ਼ਰਤਾਂ ਅਧੀਨ ਕਰਵਾਈਆਂ ਜਾਣਗੀਆਂ।