ਸੱਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਝੂਲਨ ਗੋਸਵਾਮੀ ਦੇ ਸਨਮਾਨ 'ਚ ਡਾਕ ਟਿਕਟ ਜਾਰੀ
ਪੰਜ ਰੁਪਏ ਮੁੱਲ ਵਾਲੀ ਹੈ ਟਿਕ
ਭਾਰਤ 'ਚ ਮਹਿਲਾ ਕ੍ਰਿਕਟ ਦੀ ਅਹਿਮੀਅਤ ਵਧ ਰਹੀ ਹੈ। ਖ਼ਾਸਤੌਰ 'ਤੇ ਪਿਛਲੇ ਸਾਲ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਜਦੋਂ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਭਾਰਤ 'ਚ ਮਹਿਲਾ ਕ੍ਰਿਕਟ ਦੀ ਕਦਰ ਤੇਜੀ ਨਾਲ ਵਧੀ ਹੈ। ਹਾਲਾਂ ਕਿ ਇਸ ਵਿਸ਼ਵ ਕੱਪ 'ਚ ਭਾਰਤ ਫ਼ਾਈਨਲ 'ਚ ਇੰਗਲੈਂਡ ਤੋਂ ਹਾਰ ਗਈ ਸੀ ਪਰ ਮਹਿਲਾ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੱਭ ਦਾ ਦਿਲ ਜਿੱਤ ਲਿਆ ਸੀ।ਭਾਰਤੀ ਮਹਿਲਾ ਕ੍ਰਿਕਟਰਾਂ ਦੀ ਵਧਦੀ ਅਹਿਮੀਅਤ ਦਾ ਸੰਕੇਤ ਉਦੋਂ ਮਿਲਿਆ, ਜਦੋਂ ਇਕ ਦਿਨਾ ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਭਾਰਤੀ ਮਹਿਲਾ ਤੇਜ ਗੇਂਦਬਾਜ਼ ਝੂਲਨ ਗੋਸਵਾਮੀ ਦੇ ਸਨਮਾਨ 'ਚ ਡਾਕ ਟਿਕਟ ਜਾਰੀ ਕੀਤੀ ਗਈ।
ਆਈ.ਸੀ.ਸੀ. ਕ੍ਰਿਕਟ ਦੀ ਵੈਬਸਾਈਟ ਮੁਤਾਬਕ ਕਲਕੱਤਾ ਸਪੋਰਟਸ ਜਰਨਲਿਸਟ ਕਲੱਬ 'ਚ ਕਰਵਾਏ ਗਏ ਇਕ ਸਨਮਾਨ ਸਮਾਗਮ 'ਚ ਝੂਲਨ ਦੇ ਨਾਮ ਦਾ ਟਿਕਟ ਜਾਰੀ ਕੀਤਾ ਗਿਆ। ਝੂਲਨ ਦੇ ਨਾਮ ਇਸ ਟਿਕ ਦੇ ਜਾਰੀ ਹੋਣ ਮੌਕੇ ਝੂਲਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਵੀ ਮੌਜੂਦ ਸਨ। ਪੰਜ ਰੁਪਏ ਦੇ ਮੁਲ ਵਾਲੇ ਇਸ ਟਿਕਟ 'ਤੇ ਝੂਲਨ ਨਾਲ ਵਿਕਟੋਰੀਆ ਮੈਮੋਰੀਅਲ ਦੀ ਤਸਵੀਰ ਵੀ ਹੈ। ਇਹ ਡਾਕ ਟਿਕਟ ਝੂਲਨ ਦੀਆਂ ਉਪਲਬਧੀਆਂ ਦੇ ਸਨਮਾਨ 'ਚ ਜਾਰੀ ਕੀਤੀ ਗਈ ਹੈ। (ਏਜੰਸੀ)