ਆਈਪੀਐਲ 2018 : ਪੰਜਾਬ ਨੇ ਦਿੱਲੀ ਨੂੰ 4 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ ਰੋਮਾਂਚਕ ਮੈਚ ਵਿਚ ਦਿੱਲੀ ਡੇਅਰਡੈਵਿਲਜ਼ ਨੂੰ ਉਨ੍ਹਾਂ ਦੇ ਘਰ ‘ਚ ਹੀ ਚਾਰ ਦੌੜਾਂ ਨਾਲ ਹਰਾ ਦਿਤਾ...

IPL 2018

ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ ਰੋਮਾਂਚਕ ਮੈਚ ਵਿਚ ਦਿੱਲੀ ਡੇਅਰਡੈਵਿਲਜ਼ ਨੂੰ ਉਨ੍ਹਾਂ ਦੇ ਘਰ ‘ਚ ਹੀ ਚਾਰ ਦੌੜਾਂ ਨਾਲ ਹਰਾ ਦਿਤਾ। ਦਿੱਲੀ ਦੇ ਗ਼ੇਂਦਬਾਜ਼ਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਅੱਠ ਵਿਕਟਾਂ ’ਤੇ 143 ਦੌੜਾਂ ਹੀ ਬਣਾਉਣ ਦਿਤੀਆਂ। ਗੌਤਮ ਗੰਭੀਰ ਦੀ ਕਪਤਾਨੀ ਵਾਲੀ ਟੀਮ ਤੋਂ ਬਹੁਤ ਉਮੀਦਾਂ ਸਨ। ਇਕ ਵਾਰ ਤਾਂ ਦਿੱਲੀ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 143 ਦੌੜਾਂ ‘ਤੇ ਰੋਕ ਲਿਆ ਸੀ। ਪਰ ਉਹ ਇਸ ਛੋਟੇ ਟੀਚੇ ਨੂੰ ਵੀ ਹਾਸਲ ਕਰਨ ‘ਚ ਨਾ ਕਾਮਯਾਬ ਰਹੀ। ਇਹ ਚੌਥੀ ਵਾਰ ਹੈ ਜਦੋਂ ਦਿੱਲੀ ਦੀ ਟੀਮ ਛੋਟਾ ਟੀਚਾ ਹਾਸਲ ਕਰਨ ‘ਚ ਅਸਫ਼ਲ ਰਹੀ।

ਇਸ ਤੋਂ ਪਹਿਲਾਂ ਲਿਆਮ ਪਲੰਕਟ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਨੌਜਵਾਨ ਗ਼ੇਂਦਬਾਜ਼ ਅਵੇਸ਼ ਖਾਨ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਿਸ ਸਦਕਾ ਦਿੱਲੀ ਦੀ ਟੀਮ ਨੇ ਪੰਜਾਬ ਦੇ ਬੱਲੇਬਾਜ਼ਾ ‘ਤੇ ਲਗਾਮ ਲਾਈ। ਇਸ ਤੋਂ ਪਹਿਲਾਂ ਦੇ ਮੈਚ ਦੇਖੀਏ ਤਾਂ ਪੰਜਾਬ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਪਰ ਇਸ ਮੈਚ ‘ਚ ਪੰਜਾਬ ਦੇ ਬੱਲੇਬਾਜ਼ ਕੁੱਝ ਖਾਸ ਨਹੀਂ ਕਰ ਸਕੇ।

ਦਿੱਲੀ ਦੀ ਟੀਮ ਨੇ ਅਪਣੀ ਟੀਮ ‘ਚ ਪੰਜ ਬਦਲਾਅ ਕੀਤੇ, ਇਸ ਤੋਂ ਬਿਨਾਂ ਪੰਜਾਬ ਦੀ ਟੀਮ ਨੇ ਵੀ ਪਿਛਲੇ ਤਿੰਨ ਮੈਚਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਕ੍ਰਿਸ ਗੇਲ ਨੂੰ ਇਸ ਮੈਚ ‘ਚ ਸੱਟ ਕਾਰਨ ਆਰਾਮ ਦਿਤਾ। ਗੇਲ ਦੀ ਗੈਰ-ਮੌਜੂਦਗੀ ਵਿਚ ਪੰਜਾਬ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ। ਇਕ ਸਮੇਂ ਹਾਲਤ ਇਹ ਸੀ ਕਿ 15 ਓਵਰਾਂ ਤਕ ਪੰਜਾਬ ਦੀ ਟੀਮ 100 ਦੌੜਾਂ ਹੀ ਬਣਾ ਸਕੀ ਸੀ। ਦਿੱਲੀ ਦੇ ਗ਼ੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਬੱਲੇਬਾਜ਼ਾਂ ਨੂੰ ਕੋਈ ਵੀ ਮੌਕਾ ਨਹੀਂ ਦਿਤਾ।

ਅੰਡਰ-19 ਵਿਸ਼ਵ ਕੱਪ ਦੇ ਤੇਜ਼ ਗ਼ੇਂਦਬਾਜ਼ ਅਵੇਸ਼ ਖਾਨ ਨੇ ਬਿਹਤਰੀਨ ਗ਼ੇਂਦਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ ਆਰੋਨ ਫਿੰਚ ਅਤੇ ਯੁਵਰਾਜ ਸਿੰਘ ਵਰਗੇ ਬੱਲੇਬਾਜ਼ਾਂ ਨੂੰ ਆਊਟ ਕੀਤਾ। ਜਵਾਬ ‘ਚ ਆਈ ਦਿੱਲੀ ਦੀ ਟੀਮ ਦੀ ਸ਼ੁਰੂਆਤ ਵੀ ਬੇਹੱਦ ਖ਼ਰਾਬ ਰਹੀ ਉਸ ਦੇ ਇਕ ਤੋਂ ਬਾਅਦ ਇਕ ਕਰ ਕੇ ਥੋੜੇ – ਥੋੜੇ ਸਮੇਂ ਬਾਅਦ ਵਿਕਟ ਡਿੱਗਦੇ ਰਹੇ ਜਿਸ ਕਾਰਨ ਦਿੱਲੀ ਦੀ ਟੀਮ ਪੂਰੇ ਮੈਚ ‘ਚ ਹੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ।

ਜਿਸ ਦੇ ਕਾਰਨ ਪੰਜਾਬ ਦੀ ਸ਼ਾਨਦਾਰ ਗ਼ੇਂਦਬਾਜ਼ੀ ਦੇ ਅੱਗੇ ਦਿੱਲੀ ਦੀ ਟੀਮ ਨਿਰਧਾਰਤ ਓਵਰਾਂ ‘ਚ ਸਿਰਫ਼ 139 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਦੇ ਕੋਲੋਂ ਇਹ ਮੈਚ ਚਾਰ ਦੌੜਾਂ ਨਾਲ ਹਾਰ ਗਈ। ਦਿੱਲੀ ਦੀ ਇਸ ਸੀਜਨ ‘ਚ ਪੰਜਵੀ ਹਾਰ ਹੈ। ਇਸ ਤੋਂ ਬਿਨਾਂ ਪੰਜਾਬ ਦੀ ਇਹ ਪੰਜਵੀ ਜਿੱਤ ਹੈ ਜਿਸ ਦੇ ਕਾਰਨ ਉਹ ਅੰਕਾਂ ਦੀ ਸੂਚੀ ‘ਚ ਸਭ ਤੋਂ ਉਪਰ ਬਣੀ ਹੋਈ ਹੈ।