ਮਨਮੋਹਨ ਮੋਹਣਾ ਨਾਲ ਵਾਇਰਲ ਫ਼ੋਟੋ ਬਾਰੇ ਬੋਲੇ ਰਾਜਾ ਵੜਿੰਗ- 'ਸਬੂਤ ਤੋਂ ਬਗ਼ੈਰ ਬੇਤੁਕੇ ਇਲਜ਼ਾਮ ਲਗਾਉਣੇ ਠੀਕ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

'ਤੁਹਾਡੇ ਵਲੋਂ ਬਣਾਈ ਗਈ ਜਾਂਚ ਕਮੇਟੀ ਦੱਸੇ ਕਿ ਉਸ ਬੰਦੇ ਦਾ ਰਾਜਾ ਵੜਿੰਗ ਨਾਲ ਕੀ ਸਬੰਧ ਹੈ?'

Raja warring

ਚੰਡੀਗੜ੍ਹ : ਬੀਤੇ ਦਿਨੀ ਮਨਮੋਹਨ ਮੋਹਣਾ ਨਾਮ ਦੇ ਇਕ ਬੰਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਬਾਅਦ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਤਸਵੀਰ ਵਾਇਰਲ ਹੋਈ ਸੀ ਜਿਸ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸਨ। ਇਸ ਬਾਰੇ ਅੱਜ ਰਾਜਾ ਵੜਿੰਗ ਨੇ ਵਿਧਾਨ ਸਭਾ ਵਿਚ ਇਸ ਬਾਰੇ ਸਪੱਸ਼ਟੀਕਰਨ ਦਿਤਾ ਹੈ।

ਉਨ੍ਹਾਂ ਕਿਹਾ, ''ਬੁਢਲਾਡਾ ਵਿਖੇ ਚੋਣ ਪ੍ਰਚਾਰ ਕਰਨ ਗਿਆ ਸੀ ਜਿਥੇ ਕੁਝ ਬੰਦੇ ਸਟੇਜ 'ਤੇ ਆਏ ਅਤੇ ਅਸੀਂ ਉਨ੍ਹਾਂ ਦੇ ਗਲ ਵਿਚ ਸਿਰੋਪਾਓ ਪਾਏ। ਹੁਣ ਇਹ ਸਾਹਮਣੇ ਆਇਆ ਹੈ ਕਿ ਉਹ ਬੰਦਾ ਸਿੱਧੂ ਮੂਸੇਵਾਲਾ ਦੀ ਰੇਕੀ ਕਰਦਾ ਰਿਹਾ।'' ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਹੁਣ ਉਸ ਬੰਦੇ ਦੀਆਂ ਮੇਰੇ ਨਾਲ ਫੋਟੋਆਂ 'ਤੇ ਸਵਾਲ ਚੁੱਕੇ ਜਾ ਰਹੇ ਹਨ। ਜੇਕਰ ਵਿਰੋਧੀਆਂ ਦਾ ਵੱਸ ਚਲਦਾ ਤਾਂ ਇਹ ਵੀ ਕਹਿ ਦਿੰਦੇ ਕੇ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਨੂੰ ਮਾਰਨ ਵਿਚ ਵੀ ਸ਼ਾਮਲ ਹੈ ਪਰ ਗੱਲ ਹੈ ਕਿ ਇਨ੍ਹਾਂ ਦਾ ਵੱਸ ਨਹੀਂ ਚੱਲਿਆ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹੁਣ ਤੁਹਾਡੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਤੇ ਉਨ੍ਹਾਂ ਨੇ ਉਸ ਬੰਦੇ ਨੂੰ ਵੀ ਫੜ੍ਹ ਲਿਆ ਹੋਵੇਗਾ। ਜਾਂਚ ਕਮੇਟੀ ਦੇ ਹੈੱਡ ਪ੍ਰਮੋਦ ਬਾਨ ਜੀ ਦੱਸ ਦੇਣ ਕਿ ਉਸ ਬੰਦੇ ਨਾਲ ਰਾਜਾ ਵੜਿੰਗ ਦਾ ਕੀ ਲਿੰਕ ਸੀ? ਇੱਕ ਚੁਣੇ ਹੋਏ ਨੁਮਾਇੰਦੇ 'ਤੇ ਅਜਿਹੇ ਦੋਸ਼ ਲਗਾਉਣੇ ਠੀਕ ਨਹੀਂ ਹਨ। ਹੁਣ ਤੁਹਾਡੀ ਸਰਕਾਰ ਹੈ ਅਤੇ ਤੁਹਾਡੇ ਵਲੋਂ ਹੀ ਜਾਂਚ ਕਮੇਟੀ ਬਣਾਈ ਗਈ ਹੈ ਜੇਕਰ ਕੋਈ ਸਬੂਤ ਹੈ ਤਾਂ ਸਵਾਲ ਚੁੱਕੇ ਜਾਣ ਇਸ ਤਰ੍ਹਾਂ ਦੇ ਬੇਤੁਕੇ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ।