ਪ੍ਰਦਰਸ਼ਨਕਾਰੀ ਭਲਵਾਨਾਂ ਵਲੋਂ ਯੋਗੇਸ਼ਵਰ ਦੱਤ ’ਤੇ ਹਮਲਾ ਜਾਰੀ, ਦੇਸ਼ ਨੂੰ ਧੋਖਾ ਦੇਣ ਦਾ ਦੋਸ਼ ਲਾਇਆ
ਯੋਗੇਸ਼ਵਰ ਦੱਤ ਦੀ 2015 ਵਿਸ਼ਵ ਚੈਂਪਿਅਨਸ਼ਿਪ ਤੋਂ ਇਕ ਮਹੀਨਾ ਪਹਿਲਾਂ ਸਰਜਰੀ ਹੋਈ ਸੀ ਪਰ ਉਨ੍ਹਾਂ ਨੇ ਫਿਰ ਵੀ ਇਸ ’ਚ ਹਿੱਸਾ ਲਿਆ : ਪੂਨੀਆ
ਨਵੀਂ ਦਿੱਲੀ,: ਭਾਰਤੀ ਕੁਸ਼ਤੀ ਫ਼ੈਡਰੇਸ਼ਨ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜਜ ਭੂਸ਼ਣ ਸ਼ਰਣ ਸਿੰਘ ਵਿਰੁਧ ਪ੍ਰਦਰਸ਼ਨਕਾਰੀ ਭਲਵਾਨਾਂ ਨੇ ਅੱਜ ਫਿਰ ਲੰਡਨ ਓਲੰਪਿਕ ’ਚ ਕਾਂਸੇ ਦੇ ਤਮਗਾ ਜੇਤੂ ਯੋਗੇਸ਼ਵਰ ਦੱਤ ’ਤੇ ਹਮਲਾ ਕੀਤਾ ਅਤੇ ਉਨ੍ਹਾਂ ’ਤੇ ਦੇਸ਼ ਨੂੰ ਧੋਖਾ ਦੇਣ ਦਾ ਦੋਸ਼ ਲਾਇਆ ਹੈ।
ਕਲ ਭਾਰਤੀ ਜਨਤਾ ਪਾਰਟੀ (ਭਾਜਪਾ) ਯੋਗੇਸ਼ਵਰ ਨੇ ਛੇ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਛੋਟ ਦੇਣ ਨੂੰ ਲੈ ਕੇ ਆਈ.ਓ.ਏ. ਕਮੇਟੀ ’ਤੇ ਨਿਸ਼ਾਨਾ ਲਾਇਆ ਸੀ।
ਅੱਜ ਭਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਯੋਗੇਸ਼ਵਰ ਦੱਤ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ।
ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ’ਤੇ ਲਾਈਵ ਚੈਟ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਈ.ਓ.ਏ. ਨੂੰ ਟਰਾਇਲਸ ’ਚ ਕੋਈ ਛੋਟ ਦੇਣ ਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਤਿਆਰੀ ਲਈ ਸਮਾਂ ਮੰਗਿਆ ਸੀ।’’
ਬਜਰੰਗ ਪੂਨੀਆ ਨੇ ਕਿਹਾ, ‘‘ਜੇਕਰ ਤੁਹਾਨੂੰ ਇਕ ਮੁਕਾਬਲੇ ਦੇ ਟਰਾਇਲ ਤੋਂ ਪ੍ਰੇਸ਼ਾਨੀ ਸੀ ਤਾਂ ਤੁਹਾਨੂੰ ਖੇਡ ਮੰਤਰੀ ਕੋਲ ਜਾਣਾ ਚਾਹੀਦਾ ਸੀ। ਪਰ ਤੁਸੀਂ ਅਪਣੇ ਸੋਸ਼ਲ ਮੀਡੀਆ ਜ਼ਰੀਏ ਜ਼ਹਿਰ ਫੈਲਾਉਣ ਦਾ ਫੈਸਲਾ ਕੀਤਾ।’’
ਉਨ੍ਹਾਂ ਇਹ ਵੀ ਕਿਹਾ ਯੋਗੇਸ਼ਵਰ ਦੱਤ ਦੀ 2015 ਵਿਸ਼ਵ ਚੈਂਪਿਅਨਸ਼ਿਪ ਤੋਂ ਇਕ ਮਹੀਨਾ ਪਹਿਲਾਂ ਸਰਜਰੀ ਹੋਈ ਸੀ ਪਰ ਉਨ੍ਹਾਂ ਨੇ ਫਿਰ ਵੀ ਇਸ ’ਚ ਹਿੱਸਾ ਲਿਆ। ਉਨ੍ਹਾਂ ਕਿਹਾ, ‘‘ਇਹ ਦੇਸ਼ ਨਾਲ ਧੋਖਾ ਹੈ।’’
ਜਦਕਿ ਵਿਨੇਸ਼ ਫੋਗਾਟ ਨੇ ਕਿਹਾ ਕਿ ਉਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਜ਼ਾ ਮਿਲਣ ਤਕ ਅਪਣੀ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਉਹ ਚਾਰਜਸ਼ੀਟ ਦਾਖ਼ਲ ਹੋਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਵੇ ਕਿ ਉਨ੍ਹਾਂ ਨੇ ਟਰਾਇਲ ਤੋਂ ਛੋਟ ਮੰਗੀ ਸੀ ਤਾਂ ਉਹ ਕੁਸ਼ਤੀ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਛੋਟ ਲਈ ਕੋਈ ਚਿੱਠੀ ਨਹੀਂ ਲਿਖੀ।
ਜ਼ਿਕਰਯੋਗ ਹੈ ਕਿ ਕਲ ਯੋਗੇਸ਼ਵਰ ਦੱਤ ਨੇ ਕਿਹਾ ਸੀ ਕਿ ਭੁਪਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਛੇ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਛੋਟ ਦੇ ਕੇ ਦੇਸ਼ ਦੇ ਜੂਨੀਅਰ ਭਲਵਾਨਾਂ ਨਾਲ ਅਨਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੈਨਲ ਨੂੰ ਟਰਾਇ ਲਈ ਛੋਟ ਦੇਣੀ ਸੀ ਤਾਂ ਕਈ ਹੋਰ ਯੋਗ ਉਮੀਦਵਾਰ ਵੀ ਸਨ।
ਦੂਜੇ ਪਾਸੇ ਯੋਗੇਸ਼ਵਰ ’ਤੇ ਨਿਸ਼ਾਨਾ ਲਾਉਂਦਿਆਂ ਵਿਨੇਸ਼ ਨੇ ਟਵਿੱਟਰ ’ਤੇ ਲਿਖਿਆ ਸੀ, ‘‘ਕੁਸ਼ਤੀ ਜਗਤ ਨੂੰ ਤੁਹਾਡਾ ਬ੍ਰਿਜ ਭੂਸ਼ਣ ਦੇ ਪੈਰ ਚੱਟਣਾ ਹਮੇਸ਼ਾ ਯਾਦ ਰਹੇਗਾ। ਭਲਵਾਨ ਕੁੜੀਆਂ ਨੂੰ ਤੋੜਨ ’ਚ ਏਨਾ ਜ਼ੋਰ ਨਾ ਲਾਓ। ਬਹੁਤ ਪੱਕੇ ਇਰਾਦੇ ਹਨ।’’
ਵਿਨੇਸ਼ ਨੇ ਯੋਗੇਸ਼ਵਰ ’ਤੇ ਕਈ ਗੰਭੀਰ ਦੋਸ਼ ਵੀ ਲਾਏ। ਵਿਨੇਸ਼ ਨੇ ਇਹ ਵੀ ਦੋਸ਼ ਲਾਇਆ ਕਿ ਯੋਗੇਸ਼ਵਰ ਨੇ ਭਲਵਾਨ ਕੁੜੀਆਂ ਨੂੰ ਸਮਝੌਤਾ ਕਰਨ ਅਤੇ ਬ੍ਰਿਜਜ ਭੂਸ਼ਣ ਵਿਰੁਧ ਦੋਸ਼ ਵਾਪਸ ਲੈਣ ਲਈ ਕਿਹਾ ਸੀ।
ਆਈ.ਓ.ਏ. ਕਮੇਟੀ ਨੇ 16 ਜੂਨ ਨੂੰ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਉਨ੍ਹਾਂ ਦੀ ਪਤਨੀ ਸੰਗੀਤਾ ਫੋਗਾਟ, ਸਾਕਸ਼ੀ ਮਲਿਕ, ਉਨ੍ਹਾਂ ਦੇ ਪਤੀ ਸੱਤਿਆਵਰਤ ਕਾਦਿਆਨ ਅਤੇ ਜਤਿੰਦਰ ਕਿਨਹਾ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੂੰ ਭਾਰਤੀ ਟੀਮ ’ਚ ਥਾਂ ਬਣਾਉਣ ਲਈ ਆਪੋ-ਅਪਣੀਆਂ ਸ਼੍ਰੇਣੀਆਂ ’ਚ ਟਰਾਇਲ ਦੇ ਜੇਤੂਆਂ ਦਾ ਮੁਕਾਬਲਾ ਕਰਨਾ ਹੋਵੇਗਾ।
ਕਮੇਟੀ ਨੇ ਛੇ ਭਲਵਾਨਾਂ ਨੂੰ ਇਹ ਵੀ ਵਾਅਦਾ ਕੀਤਾ ਕਿ ਉਨ੍ਹਾਂ ਦੀ ਅਪੀਲ ਅਨੁਾਰ ਉਨ੍ਹਾਂ ਦਾ ਇਕ-ਮੁਕਾਬਲੇ ਵਾਲਾ ਟਰਾਇਲ ਅਗਸਤ ’ਚ ਹੋਵੇਗਾ।
ਹਾਲਾਂਕਿ ਕਈ ਸਥਾਪਿਤ ਅਤੇ ਉਭਰਦੇ ਹੋਏ ਭਲਵਾਨਾਂ ਦੇ ਕਚ ਅਤੇ ਉਨ੍ਹਾਂ ਦੇ ਮਾਪਿਆਂ ਨੇ 6 ਭਲਵਾਨਾਂ ਨੂੰ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪਿਅਨਸ਼ਿਪ ਲਈ ਹੋਣ ਵਾਲੇ ਟਰਾਇਲ ’ਚ ਦਿਤੀ ਛੋਟ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਕਿਹਾ ਸੀ ਕਿ ਇਨ੍ਹਾਂ ਮਹੱਤਵਪੂਰਨ ਟੂਰਨਾਮੈਂਟ ਲਈ ਭਲਵਾਨਾਂ ਦੀ ਚੋਣ ਨਿਰਪੱਖ ਹੋਣੀ ਚਾਹੀਦੀ ਹੈ।