21 ਸਾਲ ਬਾਅਦ ਵੇਟਲਿਫਟਿੰਗ ਦੇ ਇਤਿਹਾਸ 'ਚ ਮੀਰਾਬਾਈ ਨੇ ਭਾਰਤ ਦੀ ਝੋਲੀ ਪਾਇਆ ਤਮਗਾ
2016 'ਚ ਮੀਰਾ ਬਾਈ ਵੇਟਲਿਫਟਿੰਗ 'ਚ ਹੋ ਗਈ ਸੀ ਅਸਫ਼ਲ
ਇੰਫਾਲ - ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕਿਓ ਓਲੰਪਿਕ ਵਿਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਉਸ ਨੇ ਸ਼ਨੀਵਾਰ ਨੂੰ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿੱਲੋ ਭਾਰ ਵਰਗ ਵਿਚ ਤਗਮਾ ਜਿੱਤਿਆ।
ਭਾਰਤੀ ਵੇਟਲਿਫਟਿੰਗ ਦੇ ਇਤਿਹਾਸ ਵਿੱਚ ਓਲੰਪਿਕ ਵਿਚ ਇਹ ਭਾਰਤ ਦਾ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਿਡਨੀ ਓਲੰਪਿਕ (2000) ਵਿੱਚ ਵੇਟਲਿਫਟਿੰਗ ਵਿਚ ਤਗਮਾ ਜਿੱਤਿਆ ਸੀ। ਇਹ ਮੈਡਲ ਕਰਨਮ ਮਲੇਸ਼ਵਰੀ ਨੇ ਦਵਾਇਆ ਸੀ।
ਮੀਰਾ ਬਾਈ ਦੀ ਸਫਲਤਾ ਇਸ ਕਰਕੇ ਵਿਸ਼ੇਸ਼ ਬਣ ਗਈ ਹੈ ਕਿਉਂਕਿ ਉਹ 2016 ਰੀਓ ਓਲੰਪਿਕ ਵਿਚ ਆਪਣੀਆਂ ਕੋਸ਼ਿਸ਼ ਦੇ ਬਾਵਜੂਦ ਸਹੀ ਢੰਗ ਨਾਲ ਭਾਰ ਨਹੀਂ ਚੁੱਕ ਸਕੀ ਸੀ। ਉਸ ਦੀ ਹਰ ਕੋਸ਼ਿਸ਼ ਅਸਫਲ ਰਹੀ। ਇਸ ਸਾਲ ਅਪ੍ਰੈਲ ਵਿਚ ਆਯੋਜਿਤ ਤਾਸ਼ਕੰਦ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਮੀਰਾਬਾਈ ਚਾਨੂ ਨੇ ਸਨੈਚ ਵਿਚ 86 ਕਿਲੋ ਦਾ ਭਾਰ ਚੁੱਕਣ ਤੋਂ ਬਾਅਦ ਕਲੀਨ ਐਂਡ ਜਾਰਕ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ 119 ਕਿਲੋ ਦਾ ਭਾਰ ਚੁੱਕਿਆ।
ਉਹ ਕੁੱਲ 205 ਕਿਲੋਗ੍ਰਾਮ ਦੇ ਨਾਲ ਤੀਸਰੇ ਸਥਾਨ 'ਤੇ ਰਹੀ। ਇਸ ਤੋਂ ਪਹਿਲਾਂ ਕਲੀਨ ਐਂਡ ਜਾਰਕ ਵਿਚ ਵਿਸ਼ਵ ਰਿਕਾਰਡ 118 ਕਿੱਲੋਗ੍ਰਾਮ ਦਾ ਸੀ। ਚਨੂੰ ਦਾ 49 ਕਿਲੋਗ੍ਰਾਮ ਵਿੱਚ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਕੁੱਲ 203 ਕਿਲੋਗ੍ਰਾਮ ਸੀ, ਜੋ ਉਸਨੇ ਪਿਛਲੇ ਸਾਲ ਫਰਵਰੀ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਬਣਾਇਅ ਸੀ।
ਮੀਰਾਬਾਈ ਮਨੀਪੁਰ ਦੇ ਇੰਫਾਲ ਦੀ ਰਹਿਣ ਵਾਲੀ ਹੈ। ਉਸਨੇ ਸਥਾਨਕ ਵੇਟਲਿਫਟਿੰਗ ਟੂਰਨਾਮੈਂਟ ਵਿੱਚ 11 ਸਾਲ ਦੀ ਉਮਰ ਵਿੱਚ ਵੇਟਲਿਫਟਿੰਗ ਵਿੱਚ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਸੀ। ਉਸਨੇ ਆਪਣੇ ਵੇਟਲਿਫਟਿੰਗ ਕੈਰੀਅਰ ਦੀ ਸ਼ੁਰੂਆਤ ਵਿਸ਼ਵ ਅਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਕੀਤੀ। ਉਹ ਕੁੰਜਰਾਨੀ ਦੇਵੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ।
ਮੀਰਾਬਾਈ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਹੈ। ਉਸਨੇ ਇਹ ਉਪਲਬਧੀ 2017 ਵਿਚ (49 ਕਿਲੋਗ੍ਰਾਮ ਭਾਰ ਵਰਗ) ਵਿੱਚ ਪ੍ਰਾਪਤ ਕੀਤੀ। ਉਸ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 49 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਮੀਰਾਬਾਈ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।