ਟੋਕਿਓ ਓਲੰਪਿਕ ਨਾਲ ਜੁੜੇ ਕੋਰੋਨਾ ਦੇ 17 ਹੋਰ ਕੇਸ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੁੱਲ 123 ਮਾਮਲਿਆਂ ਵਿਚੋਂ 13 ਖੇਡ ਪਿੰਡ ਵਿਚ ਪਾਏ ਗਏ ਹਨ।

There were 17 more cases of corona related to the Tokyo Olympics

ਟੋਕਿਓ - ਓਲੰਪਿਕ ਪ੍ਰਬੰਧਕਾਂ ਨੇ ਸ਼ਨੀਵਾਰ ਨੂੰ ਖੇਡਾਂ ਨਾਲ ਜੁੜੇ ਕੋਰੋਨਾ ਵਾਇਰਸ ਦੇ 17 ਹੋਰ ਨਵੇਂ ਕੇਸਾਂ ਦੀ ਰਿਪੋਰਟ ਦੀ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਵਿਚ ਇਕ ਐਥਲੀਟ ਅਤੇ ਇਕ ਖੇਡ ਪਿੰਡ ਵਿਚ ਰਹਿਣ ਵਾਲਾ ਇਕ ਕਰਮਚਾਰੀ ਸ਼ਾਮਲ ਹੈ। ਇਸ ਨਾਲ ਕੇਸਾਂ ਦੀ ਕੁੱਲ ਗਿਣਤੀ 123 ਹੋ ਗਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਕੋਰੋਨਾ ਸੰਕਰਮਿਤ ਖਿਡਾਰੀਆਂ ਦੀ ਗਿਣਤੀ 12 ਹੋ ਗਈ ਹੈ।

ਓਲੰਪਿਕਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਉਦਘਾਟਨੀ ਸਮਾਰੋਹ ਨਾਲ ਹੋਈ। ਕੋਰੋਨਾ ਪਾਜ਼ੀਟਿਵ ਪਾਇਆ ਜਾਣ ਵਾਲਾ ਖਿਡਾਰੀ ਖੇਡ ਪਿੰਡ ਵਿਚ ਨਹੀਂ ਰਹਿ ਰਿਹਾ ਸੀ। ਇਸ ਦੇ ਨਾਲ ਹੀ ਕੁੱਲ 123 ਮਾਮਲਿਆਂ ਵਿਚੋਂ 13 ਖੇਡ ਪਿੰਡ ਵਿਚ ਪਾਏ ਗਏ ਹਨ। ਚੈੱਕ ਗਣਰਾਜ ਦੀ ਟੀਮ ਵਿਚ ਸਭ ਤੋਂ ਵੱਧ ਛੇ ਸਕਾਰਾਤਮਕ ਮਾਮਲੇ ਪਾਏ ਗਏ ਹਨ। 

ਇਹ ਵੀ ਪੜ੍ਹੋ -  ਮਾਂ ਦੀ ਸਿੱਖਿਆ ਨਾਲ ਵਿਨੇਸ਼ ਫੋਗਾਟ ਨੇ ਪਾਰ ਕੀਤੀਆਂ ਚੁਣੌਤੀਆਂ, ਬਣੀ ਦੁਨੀਆਂ ਦੀ ਸਰਬੋਤਮ ਪਹਿਲਵਾਨ

ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਇਕ ਸਾਲ ਦੇਰੀ ਨਾਲ ਹੋ ਰਹੀਆਂ ਉਲੰਪਿਕ ਖੇਡਾਂ ਦਾ ਸ਼ੁਕਰਵਾਰ ਸ਼ਾਮ ਨੂੰ ਉਦਘਾਟਨੀ ਸਮਾਗਮ ਹੋਇਆ। ਭਾਰਤੀ ਉਲੰਪਿਕ ਜੱਥੇ ਦੀ ਅਗਵਾਈ ਪੰਜਾਬ ਦੇ ਹਾਕੀ ਖਿਡਾਰੀ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਡੀ.ਐਸ.ਪੀ. ਮਨਪ੍ਰੀਤ ਸਿੰਘ ਅਤੇ ਪ੍ਰਸਿੱਧ ਮੁੱਕੇਬਾਜ਼ ਮੈਰੀ ਕਾਮ ਨੇ ਕੀਤੀ ਹੈ। ਦੋਵੇਂ ਖਿਡਾਰੀ ਤਿਰੰਗਾ ਲੈ ਕੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਸਟੇਡੀਅਮ ’ਚ ਦਾਖਲ ਹੋਏ। ਓਪਨਿੰਗ ਸੇਰੇਮਨੀ ਵਿਚ ਭਾਰਤ ਦੇ 22 ਅਥਲੀਟਾਂ ਨੇ ਹਿੱਸਾ ਲਿਆ ਹੈ, ਉਨ੍ਹਾਂ ਨਾਲ 6 ਅਧਿਕਾਰੀ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਏ ਹਨ।

ਮਿਲੀ ਜਾਣਕਾਰੀ ਅਨੁਸਾਰ ਉਦਘਾਟਨੀ ਪ੍ਰੋਗਰਾਮ ਦੌਰਾਨ ਸਾਰੇ ਦੇਸ਼ਾਂ ਨੇ ਅਪਣੀਆਂ ਛੋਟੀਆਂ ਟੀਮਾਂ ਭੇਜੀਆਂ ਹਨ। ਆਮ ਤੌਰ ’ਤੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਦਾ ਉਦਘਾਟਨ ਸਮਾਰੋਹ ਅਤੇ ਮਾਰਚ ਪਾਸਟ ਉਲੰਪਿਕ ਖੇਡਾਂ ਦੀ ਇਕ ਖ਼ਾਸ ਝਲਕ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਕਾਰਨ ਸਿਰਫ 1000 ਖਿਡਾਰੀ ਅਤੇ ਅਧਿਕਾਰੀ ਇਸ ਪ੍ਰੋਗਰਾਮ ਵਿਚ ਮੌਜੂਦ ਹਨ। ਸਟੇਡਿਅਮ ਵਿਚ ਕੋਈ ਵੀ ਦਰਸ਼ਕ ਮੌਜੂਦ ਨਹੀਂ ਹੈ। ਕੋਰੋਨਾ ਗਾਈਡਲਾਈਨਜ਼ ਕਾਰਨ ਸਾਰੇ ਹੀ ਖਿਡਾਰੀਆਂ ਨੇ ਮਾਸਕ ਪਹਿਨੇ ਹੋਏ ਹਨ।

 

 

ਇਹ ਵੀ ਪੜ੍ਹੋ - ਓਲੰਪਿਕ ਵਿਚ ਵੱਧ ਉਮਰ ਦੇ ਖਿਡਾਰੀਆਂ ਲਈ ਉਮਰ ਸਿਰਫ਼ ਇਕ ਅੰਕੜਾਂ

ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਅਨੁਮਾਨਾਂ ਅਨੁਸਾਰ ਦੁਨੀਆਂ ਭਰ ਵਿਚ ਲਗਭਗ 350 ਕਰੋੜ ਲੋਕ ਟੀ.ਵੀ, ਸਮਾਰਟਫ਼ੋਨ, ਲੈਪਟਾਪ ਜਿਹੇ ਉਪਕਰਣਾਂ ਰਾਹੀਂ ਉਦਘਾਟਨੀ ਸਮਾਰੋਹ ਦੇ ਪ੍ਰਸਾਰਣ ਨੂੰ ਵੇਖ ਰਹੇ ਸਨ। ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਮਨਪ੍ਰੀਤ ਸਿੰਘ ਅਤੇ ਮੈਰੀ ਕਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਵਧਾਈ ਭੇਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ਦੇ ਕਪਤਾਨ ਡੀ.ਐਸ.ਪੀ. ਮਨਪ੍ਰੀਤ ਸਿੰਘ ਅੱਜ ਟੋਕਿਉ ਉਲੰਪਿਕ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰ ਰਹੇ ਹਨ।