ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜਿੱਤਿਆ ਚਾਂਦੀ ਦਾ ਤਮਗ਼ਾ
ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ ਹੈ
ਨਵੀਂ ਦਿੱਲੀ - ਵਿਸ਼ਵ ਅਥਲੈਟਿਕਸ ਪੁਰਸ਼ ਜੈਵਲਿਨ ਥਰੋਅ ਫਾਈਨਲ 'ਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ ਤੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਜੈਵਲਿਨ ਥਰੋਅ ਫਾਈਨਲ ਵਿਚ 88.13 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਐਂਡਰਸਨ ਪੀਟਰਸ ਨੇ 90.46 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ।
ਨੀਰਜ ਚੋਪੜਾ ਦਾ ਪਹਿਲਾ ਥਰੋਅ ਫਾਊਲ ਸੀ। ਦੂਜੇ ਥਰੋਅ 'ਚ ਨੀਰਜ ਨੇ 82.39 ਮੀਟਰ ਥਰੋਅ ਕੀਤਾ, ਤੀਜੇ ਥਰੋਅ 'ਚ ਨੀਰਜ ਨੇ 86.37 ਮੀਟਰ ਥਰੋਅ ਕੀਤਾ, ਜਦਕਿ ਚੌਥੀ ਕੋਸ਼ਿਸ਼ 'ਚ ਨੀਰਜ ਨੇ 88.13 ਮੀਟਰ ਥਰੋਅ ਕੀਤਾ, ਜਦਕਿ ਉਹ ਆਪਣੇ ਪੰਜਵੇਂ ਦੌਰ 'ਚ ਅਸਫਲ ਰਿਹਾ। ਉਸ ਦੇ ਪਹਿਲੇ ਥਰੋਅ ਨੂੰ ਫਾਊਲ ਕਰਾਰ ਦਿੱਤਾ ਗਿਆ। ਇਸ ਮੁਕਾਬਲੇ ਵਿੱਚ ਉਸਦਾ ਸਰਵੋਤਮ ਪ੍ਰਦਰਸ਼ਨ 88.13 ਮੀਟਰ ਰਿਹਾ। ਉਹ ਦੂਸਰਾ ਸਥਾਨ ਬਰਕਰਾਰ ਰੱਖ ਕੇ ਚਾਂਦੀ ਦਾ ਤਗਮਾ ਜਿੱਤਣ ਵਿਚ ਸਫਲ ਰਿਹਾ।
ਦੂਜੇ ਪਾਸੇ ਦੁਨੀਆ ਦੇ ਨੰਬਰ ਇਕ ਖਿਡਾਰੀ ਐਂਡਰਸਨ ਪੀਟਰਸ ਨੇ ਆਪਣੇ ਪਹਿਲੇ ਥਰੋਅ 'ਚ 90.21 ਮੀਟਰ ਸੁੱਟ ਕੇ ਚਮਤਕਾਰ ਕੀਤਾ, ਜਦਕਿ ਦੂਜੇ ਥਰੋਅ 'ਚ ਉਸ ਨੇ 90.46 ਮੀਟਰ ਸੁੱਟ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਤੇ ਉਸ ਨੇ ਸੋਨ ਤਮਗ਼ਾ ਜਿੱਤਿਆ ਹੈ।