India-England fourth Test match: ਭਾਰਤ ਦੀ ਪਹਿਲੀ ਪਾਰੀ 358 ਦੌੜਾਂ 'ਤੇ ਸਿਮਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਲਈ ਬੈਨ ਸਟੋਕਸ ਨੇ ਲਈਆਂ 5 ਵਿਕਟਾਂ

India-England fourth Test match: India's first innings bundled out for 358 runs

ਮਾਨਚੈਸਟਰ: ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਚੌਥਾ ਮੈਚ ਮੈਨਚੈਸਟਰ ਦੇ ਓਲਡ ਟਰੈਫ਼ੋਰਡ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਅੱਜ ਇਸ ਮੈਚ ਦਾ ਦੂਜਾ ਦਿਨ ਹੈ। ਮੈਚ ਵਿਚ ਭਾਰਤੀ ਟੀਮ ਨੇ ਅਪਣੀ ਪਹਿਲੀ ਪਾਰੀ ਵਿਚ 358 ਦੌੜਾਂ ਬਣਾਈਆਂ। ਇੰਗਲੈਂਡ ਇਸ ਸਮੇਂ ਪੰਜ ਮੈਚਾਂ ਦੀ ਟੈਸਟ ਲੜੀ ਵਿਚ 2-1 ਨਾਲ ਅੱਗੇ ਹੈ। ਅਜਿਹੀ ਸਥਿਤੀ ਵਿਚ, ਇਹ ਮੈਚ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ‘ਕਰੋ ਜਾਂ ਮਰੋ’ ਵਰਗਾ ਹੈ। ਜੇਕਰ ਭਾਰਤੀ ਟੀਮ ਇਹ ਟੈਸਟ ਹਾਰ ਜਾਂਦੀ ਹੈ ਤਾਂ ਇੰਗਲੈਂਡ ਲੜੀ ਜਿੱਤ ਜਾਵੇਗਾ।

ਟਾਸ ਹਾਰਨ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ ਨੇ ਪਹਿਲੀ ਪਾਰੀ ਵਿਚ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਤੀ। ਦੋਵਾਂ ਵਿਚਕਾਰ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਹੋਈ। ਯਸ਼ਸਵੀ 58 ਅਤੇ ਕੇਐਲ ਰਾਹੁਲ 46 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਫਿਰ ਸਾਈਂ ਸੁਦਰਸ਼ਨ ਅਤੇ ਰਿਸ਼ਭ ਪੰਤ ਨੇ ਵੀ ਚੰਗੀਆਂ ਪਾਰੀਆਂ ਖੇਡੀਆਂ ਅਤੇ ਪਹਿਲੇ ਦਿਨ ਦੀ ਖੇਡ ਵਿਚ ਭਾਰਤ ਨੂੰ ਅੱਗੇ ਵਧਾਇਆ। ਸੁਦਰਸ਼ਨ ਨੇ 61 ਦੌੜਾਂ ਬਣਾਈਆਂ, ਅਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਖੇਡ ਦੇ ਪਹਿਲੇ ਦਿਨ 37 ਦੌੜਾਂ ਬਣਾਉਣ ਤੋਂ ਬਾਅਦ ਰਿਸ਼ਭ ਪੰਤ ਰਿਟਾਇਰ ਹੋ ਗਿਆ ਸੀ।

ਅੱਜ ਦੀ ਖੇਡ ਭਾਰਤ ਨੇ 264 ਦੌੜਾਂ ਤੋਂ ਸ਼ੁਰੂ ਕੀਤੀ ਪਰ ਜਡੇਜਾ ਕੇਵਲ 20 ਦੌੜਾਂ ਜੋੜ ਕੇ ਆਊਟ ਹੋ ਗਿਆ ਪਰ ਉਸ ਦੇ ਜੋੜੀਦਾਰ ਸਰਦੁਲ ਠਾਕੁਰ ਨੇ ਚੰਗੀ ਖੇਡ ਦਿਖਾਉਂਦਿਆਂ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਠਾਕੁਰ ਦੇ ਆਊਟ ਹੁੰਦਿਆਂ ਹੀ ਸੱਟ ਦੇ ਬਾਵਜੂਦ ਪੰਤ ਬੱਲੇਬਾਜ਼ੀ ਲਈ ਮੈਦਾਨ ’ਤੇ ਉਤਰਿਆ ਤੇ ਉਸ ਨੇ ਅਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਵਾਸ਼ਿੰਗਟਨ ਸੁੰਦਰ ਨਾਲ ਮਿਲ ਕੇ ਭਾਰਤ ਨੂੰ ਖ਼ਤਰੇ ’ਚੋਂ ਬਾਹਰ ਕਢਿਆ। ਪੰਤ ਦੇ ਆਊਟ ਹੁੰਦਿਆਂ ਹੀ ਪੂਰੀ ਟੀਮ 358 ਦੌੜਾਂ ’ਤੇ ਸਿਮਟ ਗਈ। ਇੰਗਲੈਂਡ ਵਲੋਂ ਕਪਤਾਨ ਬੇਨ ਸਟਰੋਕਸ ਨੇ 5 ਵਿਕਟਾਂ ਲਈਆਂ। ਖ਼ਬਰ ਲਿਖੇ ਜਾਣ ਤਕ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗਵਾਏ 24 ਦੌੜਾਂ ਬਣਾ ਲਈਆਂ ਸਨ।