ਅੱਜ 10 ਤੋਂ 2 ਵਜੇ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, PRTC ਅਤੇ ਪਨਬਸ ਦੇ ਠੇਕਾ ਮੁਲਾਜ਼ਮ ਕਰਨਗੇ ਚੱਕਾ ਜਾਮ
ਸਮੇਂ 'ਤੇ ਤਨਖ਼ਾਹ ਨਾ ਮਿਲਣ ਦੇ ਚਲਦੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਪਟਿਆਲਾ : ਜੇਕਰ ਤੁਸੀਂ ਅੱਜ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ 'ਤੇ ਨਾ ਆਉਣ ਕਿਉਂਕਿ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਕ ਜਾਮ ਕਰਨਗੇ ਜਿਸ ਦੇ ਚਲਦੇ ਬੱਸ ਸਟੈਂਡ ਬੰਦ ਰੱਖੇ ਜਾਣਗੇ।
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਠੇਕਾ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ 'ਤੇ ਪਟਿਆਲਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 4 ਘੰਟੇ ਬੱਸ ਸਟੈਂਡ ਬੰਦ ਰੱਖ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਸਹਿਜਪਾਲ ਸਿੰਘ ਸੰਧੂ, ਜਨਰਲ ਸਕੱਤਰ ਜਸਦੀਪ ਸਿੰਘ ਅਤੇ ਸੀਨੀਅਰ ਉਪ ਪ੍ਰਧਾਨ ਹਰਕੇਸ਼ ਵਿੱਕੀ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ ਚੱਕਾ ਜਾਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ।
ਉਨ੍ਹਾਂ ਦੱਸਿਆ ਕਿ ਕਈ ਵਾਰ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਤਨਖ਼ਾਹ ਸਮੇਂ ਸਿਰ ਜਾਰੀ ਕੀਤੀ ਜਾਵੇ ਪਰ ਤਕਰੀਬਨ ਸਾਰਾ ਮਹੀਨਾ ਬੀਤ ਗਿਆ ਹੈ ਅਜੇ ਤੱਕ ਵੀ ਤਨਖਾਹ ਨਹੀਂ ਆਈ। ਜੇਕਰ ਅਗਲੇ ਮਹੀਨੇ ਦੀ ਤਨਖਾਹ 7 ਤਰੀਕ ਤੋਂ ਪਹਿਲਾਂ ਜਾਰੀ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਹਰ ਮਹੀਨੇ ਦੀ 10 ਤਰੀਕ ਨੂੰ ਸਾਰੇ ਡਿਪੂਆਂ ਵਿੱਚ ਗੇਟ ਰੈਲੀ ਕੀਤੀ ਜਾਵੇਗੀ।