ਦਖਣੀ ਅਫ਼ਰੀਕਾ ਨੇ ਬੰਗਲਾਦੇਸ਼ ਨੂੰ 149 ਦੌੜਾਂ ਨਾਲ ਦਿਤੀ ਕਰਾਰੀ ਮਾਤ
ਡੀ ਕਾਕ ਦੇ ਵੱਡੇ ਸੈਂਕੜੇ ਅਤੇ ਕਲਾਸਨ ਦੀ ਤੂਫਾਨੀ ਪਾਰੀ ਦੀ ਬਦੌਲਤ ਦਖਣੀ ਅਫਰੀਕਾ ਨੇ ਖੜਾ ਕੀਤਾ 382 ਦੌੜਾਂ ਦਾ ਵਿਸ਼ਾਲ ਸਕੋਰ
ਦਖਣੀ ਅਫ਼ਰੀਕੀ ਗੇਂਦਬਾਜ਼ਾਂ ਦੇ ਕਹਿਰ ਵਿਚਕਾਰ ਮੁਹੰਮਦੁੱਲਾ (111) ਨੇ ਮਾਰਿਆ ਸ਼ਾਨਦਾਰ ਸੈਂਕੜਾ
ਮੁੰਬਈ: ਦਖਣੀ ਅਫ਼ਰੀਕਾ ਨੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਦੇ ਮੈਚ ’ਚ ਮੰਗਲਵਾਰ ਨੂੰ ਬੰਗਲਾਦੇਸ਼ ਨੂੰ 149 ਦੌੜਾਂ ਦੀ ਕਰਾਰੀ ਹਾਰ ਦਿਤੀ। ਦਖਣੀ ਅਫ਼ਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕੇਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਸੀ। ਇਸ ਦੇ ਜਵਾਬ ’ਚ ਬੰਗਲਾਦੇਸ਼ ਦੀ ਟੀਮ 46.4 ਓਵਰਾਂ ’ਚ 233 ਦੌੜਾਂ ਬਣਾ ਕੇ ਆਊਟ ਹੋ ਗਈ।
ਬੰਗਲਾਦੇਸ਼ ਦੀ ਬੱਲੇਬਾਜ਼ੀ ਬਹੁਤ ਮਾੜੀ ਰਹੀ ਜਿਸ ਦੌਰਾਨ ਮਹਿਮਦੁੱਲਾ ਤੋਂ ਇਲਾਵਾ ਕੋਈ ਖਿਡਾਰੀ ਪ੍ਰਭਵਾਤ ਨਹੀਂ ਕਰ ਸਦਿਆ। ਪੰਜਵੇਂ ਨੰਬਰ ’ਤੇ ਖੇਡਣ ਆਏ ਮਹਿਮਦੁੱਲਾ ਨੇ 111 ਗੇਂਦਾਂ ’ਤੇ 4 ਛੱਕਿਆਂ ਅਤੇ 11 ਚੌਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਪਹਿਲੀ ਵਿਕੇਟ 30 ਦੌੜਾਂ ਤੇ ਤੰਜ਼ੀਦ ਹਸਨ (12) ਦੇ ਰੂਪ ’ਚ ਡਿੱਗੀ। ਇਸ ਤੋਂ ਅਗਲੀ ਹੀ ਗੇਂਦ ’ਤੇ ਲਿਟਨ ਦਾਸ ਵੀ 22 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਲਗਾਤਾਰ ਵਿਕਟ ਡਿਗਦੇ ਰਹੇ ਪਰ ਮੁਹੰਮਦੁੱਲਾ ਨੇ ਟੀਮ ਦਾ ਸਕੋਰ 233 ਤਕ ਪਹੁੰਚਾਇਆ।
ਦਖਣੀ ਅਫ਼ਰੀਕਾ ਵਲੋਂ ਗੇਰਾਲਡ ਕੋਟਜ਼ੀ ਨੇ ਸਭ ਤੋਂ ਵੱਧ 3 ਵਿਕੇਟਾਂ ਲਈਆਂ। ਮਾਰਕੋ ਜੇਨਸਨ, ਲਿਜ਼ਾਡ ਵਿਲੀਅਮਜ਼ ਅਤੇ ਕਾਗਿਸੋ ਰਬਾਡਾ ਨੇ 2-2 ਵਿਕੇਟਾਂ ਲਈਆਂ ਜਦਕਿ ਕੇਸ਼ਵ ਮਹਾਰਾਜਾ ਨੇ 1 ਵਿਕੇਟ ਲਈ।
ਇਸ ਤੋਂ ਪਹਿਲਾਂ ਫਾਰਮ ਵਿਚ ਚੱਲ ਰਹੇ ਕਵਿੰਟਨ ਡੀ ਕਾਕ ਦੇ ਵੱਡੇ ਸੈਂਕੜੇ ਅਤੇ ਹੇਨਰਿਕ ਕਲਾਸੇਨ ਦੀ ਤੂਫਾਨੀ ਪਾਰੀ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਖਰਾਬ ਸ਼ੁਰੂਆਤ ਤੋਂ ਉਭਰਦੇ ਹੋਏ ਪੰਜ ਵਿਕਟਾਂ ’ਤੇ 382 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ‘ਪਲੇਅਰ ਆਫ਼ ਦ ਮੈਚ’ ਐਲਾਨੇ ਗਏ ਡੀ ਕਾਕ ਨੇ 140 ਗੇਂਦਾਂ ਵਿੱਚ 174 ਦੌੜਾਂ ਬਣਾ ਕੇ ਮੌਜੂਦਾ ਟੂਰਨਾਮੈਂਟ ’ਚ ਅਪਣਾ ਤੀਜਾ ਸੈਂਕੜਾ ਲਗਾਇਆ। ਉਸ ਦੀ ਪਾਰੀ ’ਚ 15 ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਉਸ ਨੇ ਕਪਤਾਨ ਏਡਨ ਮਾਰਕਰਮ (69 ਗੇਂਦਾਂ ’ਤੇ 60 ਦੌੜਾਂ) ਨਾਲ ਤੀਜੇ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਚਾਇਆ।
ਇਸ ਤੋਂ ਬਾਅਦ ਡੀ ਕਾਕ ਨੇ ਕਲਾਸੇਨ ਨਾਲ ਚੌਥੀ ਵਿਕਟ ਲਈ ਸਿਰਫ਼ 87 ਗੇਂਦਾਂ ’ਚ 142 ਦੌੜਾਂ ਜੋੜੀਆਂ। ਕਲਾਸੇਨ ਨੇ ਸਿਰਫ਼ 49 ਗੇਂਦਾਂ ’ਚ 90 ਦੌੜਾਂ ਬਣਾਈਆਂ, ਜਿਸ ’ਚ ਦੋ ਚੌਕੇ ਅਤੇ ਅੱਠ ਛੱਕੇ ਸ਼ਾਮਲ ਸਨ। ਉਸ ਨੇ ਡੇਵਿਡ ਮਿਲਰ (15 ਗੇਂਦਾਂ 'ਤੇ ਅਜੇਤੂ 34 ਦੌੜਾਂ) ਨਾਲ ਸਿਰਫ਼ 25 ਗੇਂਦਾਂ ’ਤੇ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਦਖਣੀ ਅਫਰੀਕਾ ਆਖਰੀ 10 ਓਵਰਾਂ 'ਚ 144 ਦੌੜਾਂ ਜੋੜਨ 'ਚ ਸਫਲ ਰਿਹਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਰੀਜ਼ਾ ਹੈਂਡਰਿਕਸ (12) ਅਤੇ ਰਾਸੀ ਵਾਨ ਡੇਰ ਡੁਸਨ (01) ਦੇ ਵਿਕਟ ਛੇਤੀ ਹੀ ਗੁਆ ਦਿਤੇ। ਹੈਂਡਰਿਕਸ ਸ਼ਰੀਫੁਲ ਇਸਲਾਮ ਦੇ ਹੱਥੋਂ ਬੋਲਡ ਹੋ ਕੇ ਪੈਵੇਲੀਅਨ ਪਰਤ ਗਏ। ਮੇਹਦੀ ਹਸਨ ਮਿਰਾਜ਼ ਨੇ ਅਗਲੇ ਓਵਰ ’ਚ ਡੇਰ ਡੁਸੇਨ ਨੂੰ ਐਲ.ਬੀ.ਡਬਲਿਊ. ਆਊਟ ਕਰ ਕੇ ਦਖਣੀ ਅਫਰੀਕਾ ਦਾ ਸਕੋਰ ਦੋ ਵਿਕਟਾਂ ’ਤੇ 36 ਦੌੜਾਂ ਤਕ ਘਟਾ ਦਿਤਾ।
ਬੰਗਲਾਦੇਸ਼ ਨੇ ਪਹਿਲੇ 10 ਓਵਰਾਂ ’ਚ ਦਬਦਬਾ ਬਣਾਇਆ ਤਾਂ ਉਸ ਤੋਂ ਬਾਅਦ ਦਖਣੀ ਅਫਰੀਕੀ ਬੱਲੇਬਾਜ਼ ਮੁਸ਼ਕਿਲ ’ਚ ਘਿਰ ਗਏ। ਬੰਗਲਾਦੇਸ਼ ਦੇ ਸਪਿਨਰਾਂ ਨੇ ਸ਼ੁਰੂਆਤ 'ਚ ਉਨ੍ਹਾਂ ਨੂੰ ਦਬਾਅ ’ਚ ਰੱਖਿਆ ਪਰ ਡੀ ਕਾਕ ਵਰਗਾ ਬੱਲੇਬਾਜ਼ ਜ਼ਿਆਦਾ ਦੇਰ ਚੁੱਪ ਨਹੀਂ ਰਹਿ ਸਕਿਆ। ਉਸ ਨੇ ਕਪਤਾਨ ਸ਼ਾਕਿਬ ਅਲ ਹਸਨ 'ਤੇ ਛੱਕਾ ਲਗਾ ਕੇ ਚੁੱਪ ਤੋੜੀ ਜਦਕਿ ਮਹਿਮੂਦੁੱਲਾ 'ਤੇ ਉਸ ਦਾ ਰਿਵਰਸ ਸਵੀਪ ਛੱਕਾ ਦੇਖਣ ਯੋਗ ਸੀ।