ਹੁਣ ਪਾਕਿਸਤਾਨ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ ਤੋਂ ਨਾਂ ਵਾਪਸ ਲੈਣ ਦੀ ਆਈ.ਸੀ.ਸੀ. ਨੂੰ ਦਿੱਤੀ ਚੇਤਾਵਨੀ
ਅਜਿਹਾ ਕਰਨ ’ਤੇ ਆਈ.ਸੀ.ਸੀ. ਪਾਕਿਸਤਾਨ ’ਤੇ ਲਗਾ ਸਕਦਾ ਹੈ ਵੱਡੀਆਂ ਪਾਬੰਦੀਆਂ
ਇਸਲਾਮਾਬਾਦ : 7 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਟੀ-20 ਵਿਸ਼ਵ ਕੱਪ 2026 ਤੋਂ ਬੰਗਲਾਦੇਸ਼ ਕ੍ਰਿਕਟ ਟੀਮ ਬਾਹਰ ਹੋ ਗਈ ਹੈ। ਉਸ ਦੀ ਜਗ੍ਹਾ ਹੁਣ ਸਕਾਟਲੈਂਡ ਦੀ ਟੀਮ ਇਸ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲਵੇਗੀ। ਪਾਕਿਸਤਾਨ ਕ੍ਰਿਕਟ ਬੋਰਡ ਇਸ ਫੈਸਲੇ ਨਾਲ ਖੁਸ਼ ਨਹੀਂ ਹੈ। ਜਿਸ ਕਰਕੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਟੀ-20 ਵਿਸ਼ਵ ਕੱਪ 2026 ਤੋਂ ਨਾਂ ਵਾਪਸ ਲੈਣ ਦੀ ਚੇਤਾਵਨੀ ਆਈ.ਸੀ.ਸੀ. ਨੂੰ ਦਿੱਤੀ ਹੈ। ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਅਜਿਹਾ ਕਰਦਾ ਹੈ ਤਾਂ ਉਨ੍ਹਾਂ ਦੀ ਕ੍ਰਿਕਟ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਆਈ.ਸੀ.ਸੀ. ਉਨ੍ਹਾਂ ’ਤੇ ਕਈ ਵੱਡੀਆਂ ਪਾਬੰਦੀਆਂ ਲਗਾ ਸਕਦੀ ਹੈ।
ਪਾਕਿਸਤਾਨ ਜੇ ਟੀ-20 ਵਰਲਡ ਕੱਪ 2026 ਤੋਂ ਆਪਣਾ ਨਾਂ ਵਾਪਸ ਲੈ ਲੈਂਦਾ ਹੈ ਤਾਂ ਆਈ.ਸੀ.ਸੀ. ਉਨ੍ਹਾਂ ’ਤੇ 3 ਵੱਡੀਆਂ ਪਾਬੰਦੀਆਂ ਲਗਾ ਸਕਦੀ ਹੈ। ਜਿਸ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜੇ ਪਾਕਿਸਤਾਨ ਅਜਿਹਾ ਫੈਸਲਾ ਕਰਦਾ ਹੈ ਤਾਂ ਉਨ੍ਹਾਂ ਨੂੰ ਕਿਸੇ ਵੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਨਾਲ ਸੀਰੀਜ਼ ਖੇਡਣ ਦਾ ਮੌਕਾ ਨਹੀਂ ਮਿਲੇਗਾ ਅਤੇ ਪਾਕਿਸਤਾਨ ਅੰਤਰਰਾਸ਼ਟਰੀ ਮੈਚ ਹੀ ਨਹੀਂ ਖੇਡ ਸਕੇਗਾ। ਆਈ.ਸੀ.ਸੀ. ਈਵੈਂਟਾਂ ਦੇ ਨਾਲ-ਨਾਲ ਏਸ਼ੀਆ ਕੱਪ ਤੋਂ ਵੀ ਪਾਕਿਸਤਾਨ ਨੂੰ ਬਾਹਰ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਆਈ.ਸੀ.ਸੀ. ਪਾਕਿਸਤਾਨ ਸੁਪਰ ਲੀਗ ਵਿੱਚ ਕਿਸੇ ਵੀ ਅੰਤਰਰਾਸ਼ਟਰੀ ਖਿਡਾਰੀ ਨੂੰ ਖੇਡਣ ਨਹੀਂ ਦੇਵੇਗੀ। ਵਿਦੇਸ਼ੀ ਖਿਡਾਰੀਆਂ ਨੂੰ ਪੀ.ਐਸ.ਐੱਲ. ਵਿੱਚ ਖੇਡਣ ਲਈ ਐੱਨ.ਓ.ਸੀ. ਵੀ ਨਹੀਂ ਮਿਲੇਗੀ। ਅਜਿਹੇ ਵਿੱਚ ਪਾਕਿਸਤਾਨ ਸਿਰਫ ਘਰੇਲੂ ਕ੍ਰਿਕਟ ਹੀ ਖੇਡ ਸਕੇਗਾ। ਉੱਥੇ ਵੀ ਬਿਨਾਂ ਪੈਸੇ ਦੇ ਉਹ ਬੰਦ ਹੋ ਸਕਦਾ ਹੈ।
ਬੰਗਲਾਦੇਸ਼ ਕ੍ਰਿਕਟ ਟੀਮ ਦੇ ਟੀ-20 ਵਰਲਡ ਕੱਪ 2026 ਤੋਂ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਸਰਕਾਰ ਕਹਿੰਦੀ ਹੈ ਕਿ ਵਰਲਡ ਕੱਪ ਨਹੀਂ ਖੇਡਣਾ ਤਾਂ ਅਜਿਹੇ ਵਿੱਚ ਆਈ.ਸੀ.ਸੀ. 22ਵੀਂ ਟੀਮ ਲਿਆ ਸਕਦੀ ਹੈ। ਇਹ ਫੈਸਲਾ ਪਾਕਿਸਤਾਨੀ ਸਰਕਾਰ ਨੂੰ ਕਰਨਾ ਹੈ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਦੋਂ ਵਿਦੇਸ਼ ਤੋਂ ਪਾਕਿਸਤਾਨ ਵਾਪਸ ਆਉਣਗੇ ਤਦ ਹੀ ਇਹ ਸਪੱਸ਼ਟ ਹੋਵੇਗਾ ਕਿ ਪਾਕਿਸਤਾਨ ਟੀਮ ਵਿਸ਼ਵ ਕੱਪ ਵਿੱਚ ਖੇਡੇਗੀ ਜਾਂ ਨਹੀਂ। ਆਈ.ਸੀ.ਸੀ. ਨੂੰ ਐਕਸ਼ਨ ਮੋਡ ਵਿੱਚ ਵੇਖ ਕੇ ਕੀ ਪਾਕਿਸਤਾਨ ਆਪਣੇ ਬਿਆਨ ਤੋਂ ਪਲਟ ਜਾਵੇਗਾ ਜਾਂ ਨਹੀਂ? ਫਿਲਹਾਲ ਸਾਰੀਆਂ ਨਜ਼ਰਾਂ ਇਸੇ ਤੇ ਟਿੱਕੀਆਂ ਹੋਈਆਂ ਹਨ।