Champions League: ਰੂਸ ਕੋਲੋਂ ਖੁੱਸੀ ਚੈਂਪੀਅਨਜ਼ ਲੀਗ ਫਾਈਨਲ ਦੀ ਮੇਜ਼ਬਾਨੀ
ਹੁਣ ਚੈਂਪੀਅਨਜ਼ ਲੀਗ ਦਾ ਫਾਈਨਲ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਵੇਗਾ
ਕੀਵ : ਯੂਕਰੇਨ 'ਤੇ ਲਗਾਤਾਰ ਹਮਲੇ ਕਰ ਰਹੇ ਰੂਸ ਨੂੰ ਖੇਡ ਜਗਤ ਤੋਂ ਵੱਡਾ ਝਟਕਾ ਲੱਗਾ ਹੈ। ਯੂਈਐਫਏ ਚੈਂਪੀਅਨਜ਼ ਲੀਗ ਫਾਈਨਲ ਦੀ ਮੇਜ਼ਬਾਨੀ ਰੂਸ ਦੇ ਸ਼ਹਿਰ ਸੇਂਟ ਪੀਟਰਸਬਰਗ ਕੋਲ ਕੀਤੀ ਸੀ, ਜੋ ਹੁਣ ਇਸ ਤੋਂ ਖੋਹ ਲਈ ਗਈ ਹੈ।
ਇਹ ਫਾਈਨਲ ਮੈਚ ਸ਼ਿਫਟ ਕਰ ਦਿੱਤਾ ਗਿਆ ਹੈ। UEFA ਨੇ ਇੱਕ ਅਹਿਮ ਬੈਠਕ ਬੁਲਾਈ ਸੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਮੁਤਾਬਕ ਹੁਣ ਚੈਂਪੀਅਨਜ਼ ਲੀਗ ਦਾ ਫਾਈਨਲ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਹੋਵੇਗਾ। ਰੂਸ ਵੱਲੋਂ ਯੂਕਰੇਨ 'ਤੇ ਹਮਲੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਯੂਈਐਫਏ ਦੇ ਪ੍ਰਧਾਨ ਅਲੈਗਜ਼ੈਂਡਰ ਸੇਫਰਿਨ ਪੈਰਿਸ ਵਿੱਚ ਮੌਜੂਦ ਰਹੇ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਤੋਂ ਬਾਅਦ ਵੀਰਵਾਰ ਨੂੰ ਇਹ ਫੈਸਲਾ ਲਿਆ। ਇਹ ਫਾਈਨਲ ਇਸ ਸਾਲ 28 ਮਈ ਨੂੰ ਰੂਸ ਦੇ ਸੇਂਟ ਪੀਟਰਸਬਰਗ ਮੈਦਾਨ 'ਤੇ ਹੋਣਾ ਸੀ। ਹੁਣ ਇਹ ਮੈਚ ਸਮੇਂ ਸਿਰ ਪੈਰਿਸ ਵਿੱਚ ਹੋਵੇਗਾ। ਇਹ ਫਾਈਨਲ 2006 ਤੋਂ ਬਾਅਦ ਪਹਿਲੀ ਵਾਰ ਪੈਰਿਸ ਵਿੱਚ ਹੋਣ ਜਾ ਰਿਹਾ ਹੈ।
ਚੈਂਪੀਅਨਜ਼ ਲੀਗ ਦੇ ਫਾਈਨਲ ਤੋਂ ਇਲਾਵਾ ਯੂਈਐੱਫਏ ਰੂਸ ਵਿੱਚ ਹੋਣ ਵਾਲੇ ਫੁੱਟਬਾਲ ਮੈਚ ਨੂੰ ਲੈ ਕੇ ਵੀ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਯੂਕਰੇਨ ਦੀ ਟੀਮ ਦੇ ਮੈਚਾਂ ਦਾ ਵੀ ਫੈਸਲਾ ਹੋਣਾ ਹੈ। ਇਸ ਸਾਲ ਮਾਰਚ ਵਿੱਚ ਰੂਸੀ ਟੀਮ ਦਾ ਪੋਲੈਂਡ ਨਾਲ ਮੈਚ ਹੈ। ਉਧਰ, ਯੂਕਰੇਨ ਦਾ ਸਕਾਟਲੈਂਡ ਨਾਲ ਫੁੱਟਬਾਲ ਮੈਚ ਹੈ। ਇਨ੍ਹਾਂ ਨੂੰ ਰੱਦ ਕਰਨ ਦਾ ਫੈਸਲਾ ਵੀ ਹੋ ਸਕਦਾ ਹੈ। ਜਦੋਂ ਕਿ ਪੋਲੈਂਡ, ਸਵੀਡਨ ਅਤੇ ਚੈੱਕ ਗਣਰਾਜ ਪਹਿਲਾਂ ਹੀ ਰੂਸ ਵਿੱਚ ਕੋਈ ਵੀ ਮੈਚ ਖੇਡਣ ਤੋਂ ਇਨਕਾਰ ਕਰ ਚੁੱਕੇ ਹਨ।