ਟੀ-20 ਤਿਕੋਣੀ ਲੜੀ : ਭਾਰਤੀ ਮਹਿਲਾ ਟੀਮ ਨੂੰ ਇੰਗਲੈਂਡ ਨੇ ਸੱਤ ਵਿਕਟਾਂ ਨਾਲ ਕੀਤਾ ਚਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਿਕੋਣੀ ਟੀ-20 ਲੜੀ ਵਿਚ  ਭਾਰਤ ਵਲੋਂ ਦੂਜੇ ਮੈਚ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਗਏ ਟੀ-20 ਮੈਚ ਵਿਚ...

india vs england

ਨਵੀਂ ਦਿੱਲੀ : ਤਿਕੋਣੀ ਟੀ-20 ਲੜੀ ਵਿਚ  ਭਾਰਤ ਵਲੋਂ ਦੂਜੇ ਮੈਚ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਗਏ ਟੀ-20 ਮੈਚ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀ ਮਹਿਲਾ ਟੀਮ ਦੀ ਟੀਮ ਨੇ ਲਗਾਤਾਰ ਦੂਜੀ ਜਿੱਤ ਦਰਜ਼ ਕਰ ਲਈ ਹੈ, ਜਦਕਿ ਭਾਰਤ ਦੀ ਇਹ ਦੂਜੀ ਹਾਰ ਹੈ ।

ਭਾਰਤ ਨੇ ਪਹਿਲਾਂ ਖੇਡਦੇ ਹੋਏ 20 ਓਵਰ ਵਿਚ 4 ਵਿਕਟ ਉਤੇ 198 ਦੌੜਾਂ ਬਣਾਈਆਂ, ਜਵਾਬ ਵਿਚ ਇੰਗਲੈਂਡ ਨੇ 18.4 ਓਵਰ ਵਿਚ 3 ਵਿਕਟਾਂ ਉਤੇ 199 ਦੌੜਾਂ ਬਣਾਕੇ ਮੈਚ ਜਿਤ ਲਿਆ। ਇੰਗਲੈਂਡ ਦੀ ਡੇਨੀਅਲ ਯਾਟ ਨੇ 124 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ 'ਪਲੇਅਰ ਆਫ਼ ਦ ਮੈਚ' ਵੀ ਚੁਣਿਆ ਗਿਆ । ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਪਰ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਨੇ ਪਹਿਲੇ ਵਿਕਟ ਲਈ 129 ਦੌੜਾਂ ਜੋੜੀਆਂ। ਮਿਤਾਲੀ ਨੇ 43 ਗੇਂਦਾਂ ਉਤੇ 53 ਦੌੜਾਂ ਬਣਾਈਆਂ।

ਮੰਧਾਨਾ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ ਅਤੇ 40 ਗੇਂਦਾਂ ਉੱਤੇ 12 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ। ਉਨ੍ਹਾਂ ਨੇ ਅਪਣਾ ਸਭ ਤੋਂ ਤੇਜ਼ ਟੀ 20 ਅਰਧ ਸੈਂਕੜਾ ਵੀ ਬਣਾਇਆ। ਇਸ ਦੇ ਬਾਅਦ ਹਰਮਨਪ੍ਰੀਤ ਕੌਰ ਨੇ 22 ਗੇਂਦਾਂ ਉਤੇ 30 ਅਤੇ ਪੂਜਾ ਵਸਤਰਾਕਰ ਨੇ 10 ਗੇਂਦਾਂ ਉੱਤੇ ਅਜੇਤੂ 22 ਦੌੜਾਂ ਬਣਾ ਕੇ ਟੀਮ ਦਾ ਕੁਲ ਸਕੋਰ 198/4 ਪਹੁੰਚਾਇਆ। ਟੀ-20 ਕ੍ਰਿਕਟ ਵਿਚ ਭਾਰਤੀ ਮਹਿਲਾ ਟੀਮ ਦਾ ਇਹ ਸਭ ਤੋਂ ਵੱਡਾ ਸਕੋਰ ਹੈ।  ਇੰਗਲੈਂਡ ਲਈ ਫਰਰੈਂਟ ਨੇ 2 ਅਤੇ ਸੀਵਰ ਨੇ 1 ਵਿਕਟ ਝਟਕਿਆ। 

ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ। ਪਹਿਲੇ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਹੋਣ ਦੇ ਬਾਅਦ ਬ੍ਰਿਓਨੀ ਸਮਿਥ 15 ਦੌੜਾਂ ਬਣਾ ਕੇ ਝੂਲਨ ਗੋਸਵਾਮੀ ਦੀ ਗੇਂਦ ਉਤੇ ਆਉਟ ਹੋਈ। ਟੈਮੀ ਬੀਮੋਂਟ ਨੇ ਡੇਨੀਅਲ ਯਾਟ ਦੇ ਨਾਲ ਮਿਲ ਕੇ ਦੂਜੇ ਵਿਕਟ ਲਈ 96 ਦੌੜਾਂ ਜੋੜ ਕੇ ਇੰਗਲੈਂਡ ਦੀ ਜਿੱਤ ਯਕੀਨੀ ਬਣਾਈ। ਬੀਮੋਂਟ 35 ਦੌੜਾਂ ਬਣਾ ਕੇ ਦੀਪਤੀ ਸ਼ਰਮਾ ਦੀ ਸ਼ਿਕਾਰ ਹੋਈ।

ਯਾਟ ਨੇ ਮੈਦਾਨ ਦੇ ਚਾਰੇ ਪਾਸੇ ਆਕਰਸ਼ਕ ਸ਼ਾਟ ਲਗਾਉਂਦੇ ਹੋਏ ਤੂਫਾਨੀ ਬੱਲੇਬਾਜ਼ੀ ਕਰਕੇ ਸੈਂਕੜਾ ਬਣਾਉਣ ਦੇ ਬਾਅਦ ਵੀ ਧਮਾਕੇਦਾਰ ਖੇਡ ਜਾਰੀ ਰਖਿਆ। ਉਸ ਨੇ 64 ਗੇਂਦਾਂ ਉਤੇ 15 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 124 ਦੌੜਾਂ ਬਣਾਈਆਂ ਅਤੇ ਜਿੱਤਣ ਤੋਂ ਕੁਝ ਦੇਰ ਪਹਿਲਾਂ ਆਉਟ ਹੋਈ। ਨਤਾਲੀ ਸੀਵਰ ਅਤੇ ਹੇਡਰ ਨਾਈਟ ਨੇ ਜ਼ਰੂਰੀ ਦੌੜਾਂ ਬਣਾ ਕੇ ਇੰਗਲੈਂਡ ਲਈ ਉਨੀਵੇਂ ਓਵਰ ਦੀ ਚੌਥੀ ਗੇਂਦ ਉਤੇ 199 ਦੌੜਾਂ ਬਣਾ ਕੇ 7 ਵਿਕਟ ਨਾਲ ਟੀਮ ਨੂੰ ਜਿੱਤ ਦਿਵਾ ਦਿਤੀ।