ਨਹੀਂ ਰਹੇ ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ, ਕੋਰੋਨਾ ਤੋਂ ਸਨ ਪੀੜਤ
ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ।
ਮੁਹਾਲੀ: ਭਾਰਤ ਦੇ ਉੱਘੇ ਬਾਂਸੁਰੀ ਵਾਦਕ ਰਵਿੰਦਰ ਸਿੰਘ ਦੀ 76 ਸਾਲਾਂ ਦੀ ਉਮਰ ਵਿਚ ਦੇਹਾਂਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਉਹ ਮੁਹਾਲੀ ਦੇ ਇੱਕ ਸਥਾਨਕ ਹਸਪਤਾਲ ਵਿੱਚ ਦਾਖ਼ਲ ਸਨ। ਰਵਿੰਦਰ ਸਿੰਘ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਕੋਵਿਡ-19 ਦੇ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇਜਿੰਦਰ ਕੌਰ ਤੇ ਦੋ ਪੁੱਤਰ ਕਮਲਦੀਪ ਸਿੰਘ ਤੇ ਸੰਦੀਪ ਸਿੰਘ ਛੱਡ ਗਏ ਹਨ। ਦੱਸ ਦੇਈਏ ਕਿ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੇ ‘ਏ ਗ੍ਰੇਡ’ ਕਲਾਕਾਰ ਰਵਿੰਦਰ ਸਿੰਘ ਨੇ ਗ਼ਜ਼ਲ ਸਮਰਾਟ ਜਗਜੀਤ ਸਿੰਘ, ਪਾਕਿਸਤਾਨ ਦੀ ਰੇਸ਼ਮਾ, ਕੱਥਕ ਦੀ ਰਾਣੀ ਸਿਤਾਰਾ ਦੇਵੀ ਜਿਹੇ ਪ੍ਰਮੁੱਖ ਕਲਾਕਾਰਾਂ ਲਈ ਸ਼ਾਨਦਾਰ ਕੰਮ ਕੀਤਾ ਸੀ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਾਲਾਨਾ ‘ਭਾਈ ਮਰਦਾਨਾ ਕਲਾਸੀਕਲ ਸੰਗੀਤ ਸੰਮੇਲਨ ’ਚ ਸਨਮਾਨਿਤ ਵੀ ਕੀਤਾ ਸੀ।