ਫੋਗਾਟ ਨੇ ਬਗ਼ੈਰ ਮਿਤੀ ਵਾਲੀ ਚਿੱਠੀ ਸਾਂਝੀ ਕੀਤੀ, ਟਰਾਇਲਸ ਤੋਂ ਛੋਟ ਨਹੀਂ, ਵਾਧੂ ਸਮਾਂ ਮੰਗਿਆ ਸੀ

ਏਜੰਸੀ

ਖ਼ਬਰਾਂ, ਖੇਡਾਂ

10 ਅਗਸਤ 2023 ਤੋਂ ਬਾਅਦ ਟਰਾਇਲ ਕਰਵਾਉਣ ਦੀ ਕੀਤੀ ਅਪੀਲ

wrestlers

ਨਵੀਂ ਦਿੱਲੀ : ਵਿਨੇਸ਼ ਫੋਗਾਟ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਹ ਸਾਬਤ ਕਰਨ ਲਈ ਬਗ਼ੈਰ ਮਿਤੀ ਵਾਲੀ ਇਕ ਚਿੱਠੀ ਸਾਂਝੀ ਕੀਤੀ ਕਿ ਪ੍ਰਦਰਸ਼ਨ ਕਰ ਰਹੇ ਛੇ ਭਲਵਾਨਾਂ ਨੇ ਏਸ਼ੀਆਈ ਖੇਡਾਂ ਦੇ ਟਰਾਇਲਸ ’ਚ ਛੋਟ ਦੇਣ ਦੀ ਮੰਗ ਨਹੀਂ ਕੀਤੀ ਸੀ ਅਤੇ ਉਨ੍ਹਾਂ ਨੇ ਸਿਰਫ਼ ਤਿਆਰੀ ਲਈ ਅਗਸਤ ਤਕ ਦਾ ਸਮਾਂ ਮੰਗਿਆ ਸੀ।

ਵਿਨੇਸ਼ ਨੇ ਇਸ ਚਿੱਠੀ ਦੀ ਤਸਵੀਰ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਸਮੇਤ ਛੇ ਭਲਵਾਨਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਟਰਾਇਲਸ ਤੋਂ ਪਹਿਲਾਂ ਟਰੇਨਿੰਗ ਲਈ ਕੁਝ ਵਾਧੂ ਸਮਾਂ ਮੰਗਿਆ ਸੀ। ਆਈ.ਓ.ਏ. ਦੇ ਐਡ-ਹਾਕ ਪੈਨਲ ਨੇ ਪ੍ਰਦਰਸ਼ਨਕਾਰੀ ਇਨ੍ਹਾਂ ਛੇ ਭਲਵਾਨਾਂ ਨੂੰ ਛੋਟ ਦਿੰਦਿਆਂ ਸਿਰਫ਼ ਇਕ ਮੁਕਾਬਲੇ ਦਾ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਸੀ ਪਰ ਕਈ ਸਥਾਪਤ ਅਤੇ ਉਭਰਦੇ ਭਲਵਾਨਾਂ ਨੇ ਇਸ ਦੀ ਆਲੋਚਨਾ ਕਰਦਿਆਂ ਹਰ ਕਿਸੇ ਲਈ ਨਿਰਪੱਖ ਟਰਾਇਲ ਦੀ ਮੰਗ ਕੀਤੀ ਸੀ।

ਵਿਨੇਸ਼ ਨੇ ਹਾਲਾਂਕਿ ਇਹ ਨਹੀਂ ਕਿਹਾ ਕਿ ਉਹ ਪੂਰੇ ਟਰਾਇਲਸ ’ਚ ਹਿੱਸਾ ਲੈਣ ਦੇ ਇਛੁਕ ਹਨ ਜਿਵੇਂ ਕਿ ਸਾਰੇ ਹੋਰ ਭਲਵਾਨ ਲੈ ਰਹੇ ਹਨ। ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਸੰਬੋਧਨ ਕਰਦਿਆਂ ਬਗ਼ੈਰ ਮਿਤੀ ਵਾਲੀ ਚਿੱਠੀ ’ਚ ਲਿਖਿਆ ਹੈ, ‘‘ਬੇਨਤੀ ਹੈ ਕਿ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਵਾਲੇ ਕੁਝ ਭਲਵਾਨਾਂ ਨੂੰ ਏਸ਼ੀਆਈ ਖੇਡਾਂ 2023 ਅਤੇ ਵਿਸ਼ਵ ਚੈਂਪਿਅਨਸ਼ਿਪ 2023 ਦੇ ਟਰਾਇਲ ਦੀ ਤਿਆਰੀ ਲਈ ਕੁਝ ਸਮੇਂ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਨਾਂ ਹੇਠਾਂ ਲਿਖੇ ਹਨ।’’
ਇਸ ’ਚ ਅਪੀਲ ਵਿਰੋਧ ਪ੍ਰਦਰ਼ਸਨ ਕਰਨ ਵਾਲੇ ਭਲਵਾਨ ਬਜਰੰਗ ਪੂਨੀਆ (65 ਕਿਲੋਗ੍ਰਾਮ), ਸਾਕਸ਼ੀ ਮਲਿਕ (62 ਕਿਲੋਗ੍ਰਾਮ) ਅਤੇ ਉਨ੍ਹਾਂ ਦੇ ਪਤੀ ਸੱਤਿਆਵਰਤ ਕਾਦਿਆਨ (97 ਕਿਲੋਗ੍ਰਾਮ), ਸੰਗੀਤਾ ਫੋਗਾਟ (57 ਕਿਲੋਗ੍ਰਾਮ), ਜਤਿੰਦਰ ਕੁਮਾਰ (86 ਕਿਲੋਗ੍ਰਾਮ) ਅਤੇ ਖ਼ੁਦ ਵਿਨੇਸ਼ (53 ਕਿਲੋਗ੍ਰਾਮ) ਲਈ ਕੀਤਾ ਗਿਆ ਸੀ।

ਇਸ ਚਿੱਠੀ ’ਚ ਛੇ ਭਲਵਾਨਾਂ ਦੇ ਹਸਤਾਖ਼ਰ ਹਨ ਜਿਸ ’ਚ ਲਿਖਿਆ ਹੈ, ‘‘ਕ੍ਰਿਪਾ ਕਰ ਕੇ ਇਨ੍ਹਾਂ ਭਲਵਾਨਾਂ ਦੇ ਟਰਾਇਲ 10 ਅਗਸਤ, 2023 ਤੋਂ ਬਾਅਦ ਕਰਵਾਏ ਜਾਣ।’’ ਚਿੱਠੀ ਨਾਲ ਹੀ ਵਿਨੇਸ਼ ਨੇ ਅਪਣੇ ਟਵਿੱਟਰ ਪੇਜ ’ਤੇ ਲਿਖਿਆ ਹੈ, ‘‘ਅਸੀਂ ਅੰਦੋਲਨ ਕਰ ਰਹੇ ਭਲਵਾਨਾਂ ਨੇ ਟਰਾਇਲ ਨੂੰ ਸਿਰਫ਼ ਅੱਗੇ ਵਧਾਉਣ ਲਈ ਚਿੱਠੀ ਲਿਖੀ ਸੀ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਅੰਦੋਲਨ ’ਚ ਸ਼ਾਮਲ ਹੋਣ ਕਾਰਨ ਅਸੀਂ ਅਭਿਆਸ ਨਹੀਂ ਕਰ ਸਕੇ।’’
ਉਨ੍ਹਾਂ ਨਾਲ ਹੀ ਲਿਖਿਆ, ‘‘ਅਸੀਂ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਾਂ, ਇਸ ਲਈ ਇਹ ਚਿੱਠੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੁਸ਼ਮਣ ਭਲਵਾਨਾਂ ਦੀ ਏਕਤਾ ’ਚ ਸੰਨ੍ਹ ਲਾਉਣਾ ਚਾਹੁੰਦੇ ਹਨ, ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇ ਸਕਦੇ।’’

ਪਤਾ ਲਗਿਆ ਹੈ ਕਿ ਆਈ.ਓ.ਏ. ਦੇ ਐਡ-ਹਾਕ ਪੈਨ ’ਚ ਸ਼ਾਮਲ ਕੀਤੇ ਕੋਚ ਗਿਆਨ ਸਿੰਘ ਅਤੇ ਅਸ਼ੋਕ ਗਰਗ ਨੇ ਇਨ੍ਹਾਂ ਛੇ ਭਲਵਾਨਾਂ ਲਈ ਛੋਟ ਮੰਗੀ ਸੀ।
ਭਾਰਤੀ ਓਲੰਪਿਕ ਫ਼ੈਡਰੇਸ਼ਨ ਨੂੰ ਏਸ਼ੀਆਈ ਓਲੰਪਿਕ ਕੌਂਸਲ ਨੂੰ 15 ਜੁਲਾਈ ਤਕ ਸਾਰੀਆਂ ਭਾਰਤੀ ਟੀਮਾਂ ਦੇ ਨਾਂ ਦੇਣੇ ਹਨ। ਭਲਵਾਨਾਂ ਦੇ 10 ਅਗਸਤ ਤਕ ਟਰਾਇਲ ਦੀ ਅਪੀਲ ਨੂੰ ਮੰਨਣ ਲਈ ਆਈ.ਓ.ਏ. ਨੇ ਇਸ ਆਖ਼ਰੀ ਮਿਤੀ ਨੂੰ ਵਧਾਉਣ ਲਈ ਓ.ਸੀ.ਏ. ਨਾਲ ਸੰਪਰਕ ਕੀਤਾ। ਹਾਲਾਂਕਿ ਅਜੇ ਤਕ ਓ.ਸੀ.ਏ. ਨੇ ਉਨ੍ਹਾਂ ਦੀ ਇਸ ਅਪੀਲ ਦਾ ਜਵਾਬ ਨਹੀਂ ਦਿਤਾ ਹੈ।