T20 World Cup 2024: ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਂਮੀਫਾਈਨਲ ਵਿਚ ਪਹੁੰਚਿਆ ਭਾਰਤ

ਏਜੰਸੀ

ਖ਼ਬਰਾਂ, ਖੇਡਾਂ

ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਪਿਛਲੇ ਚੈਂਪੀਅਨ ਇੰਗਲੈਂਡ ਨਾਲ 27 ਜੂਨ ਨੂੰ ਰਾਤ 8 ਵਜੇ ਗੁਆਨਾ ਦੇ ਮੈਦਾਨ 'ਤੇ ਹੋਵੇਗਾ।   

File Photo

T20 World Cup 2024: ਨਵੀਂ ਦਿੱਲੀ - ਟੀਮ ਇੰਡੀਆ ਨੇ ਆਪਣੇ ਆਖਰੀ ਸੁਪਰ-8 ਮੈਚ 'ਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਟੀਮ 5ਵੀਂ ਵਾਰ ਇਸ ਟੂਰਨਾਮੈਂਟ ਦੇ ਟਾਪ-4 ਵਿਚ ਪਹੁੰਚੀ ਹੈ। ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਪਿਛਲੇ ਚੈਂਪੀਅਨ ਇੰਗਲੈਂਡ ਨਾਲ 27 ਜੂਨ ਨੂੰ ਰਾਤ 8 ਵਜੇ ਗੁਆਨਾ ਦੇ ਮੈਦਾਨ 'ਤੇ ਹੋਵੇਗਾ।   

ਵੈਸਟਇੰਡੀਜ਼ ਦੇ ਸੇਂਟ ਲੂਸੀਆ 'ਚ ਸੋਮਵਾਰ ਨੂੰ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈ਼ਸਲਾ ਕੀਤਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 41 ਗੇਂਦਾਂ ਵਿਚ 92 ਦੌੜਾਂ ਦੀ ਪਾਰੀ ਖੇਡੀ। ਉਸ ਨੇ 7 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 224 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਇਕ ਸਮੇਂ ਉਨ੍ਹਾਂ ਦਾ ਸਟ੍ਰਾਈਕ ਰੇਟ 300 ਤੱਕ ਪਹੁੰਚ ਗਿਆ ਸੀ। ਰੋਹਿਤ ਟੀ-20 ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ, ਹਾਲਾਂਕਿ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ। 

ਰੋਹਿਤ ਤੋਂ ਇਲਾਵਾ ਸੂਰਿਆਕੁਮਾਰ (31), ਸ਼ਿਵਮ ਦੂਬੇ (28) ਅਤੇ ਹਾਰਦਿਕ ਪੰਡਯਾ (27) ਨੇ ਟੀਮ ਦੇ ਸਕੋਰ ਨੂੰ 205 ਤੱਕ ਪਹੁੰਚਾਇਆ। ਟੀਮ ਨੇ ਇਸ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ 200+ ਦਾ ਸਕੋਰ ਬਣਾਇਆ ਹੈ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 4 ਓਵਰਾਂ 'ਚ ਸਿਰਫ 14 ਦੌੜਾਂ ਦਿੱਤੀਆਂ ਅਤੇ ਇਕ ਵਿਕਟ ਲਈ। ਹੇਜ਼ਲਵੁੱਡ ਤੋਂ ਇਲਾਵਾ ਹਰ ਗੇਂਦਬਾਜ਼ ਨੇ ਆਪਣੇ ਓਵਰਾਂ 'ਚ 10 ਤੋਂ ਵੱਧ ਦੌੜਾਂ ਦਿੱਤੀਆਂ।

ਦੌੜਾਂ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ 13 ਓਵਰਾਂ ਵਿੱਚ ਦੋ ਵਿਕਟਾਂ ’ਤੇ 128 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਆਖਰੀ 7 ਓਵਰਾਂ 'ਚ ਭਾਰਤੀ ਗੇਂਦਬਾਜ਼ਾਂ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਕੰਗਾਰੂ ਟੀਮ ਨੂੰ 20 ਓਵਰਾਂ 'ਚ 181/7 ਦੇ ਸਕੋਰ 'ਤੇ ਰੋਕ ਦਿੱਤਾ। ਅਰਸ਼ਦੀਪ ਸਿੰਘ ਨੇ ਟਿਮ ਡੇਵਿਡ, ਮੈਥਿਊ ਵੇਡ ਅਤੇ ਡੇਵਿਡ ਵਾਰਨਰ ਦੀਆਂ ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੇ ਗਲੇਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਨੂੰ ਪੈਵੇਲੀਅਨ ਭੇਜਿਆ। ਬੁਮਰਾਹ ਨੇ ਟ੍ਰੈਵਿਸ ਹੈੱਡ (76 ਦੌੜਾਂ) ਦਾ ਵਿਕਟ ਲੈ ਕੇ ਮੈਚ ਨੂੰ ਭਾਰਤ ਦੇ ਪੱਖ ਵਿੱਚ ਕਰ ਦਿੱਤਾ। ਹੈੱਡ ਨੇ 43 ਗੇਂਦਾਂ 'ਤੇ 76 ਦੌੜਾਂ ਦੀ ਪਾਰੀ ਖੇਡੀ।