29 ਸਾਲ ਬਾਅਦ ਵਿਸ਼ਵ ਕੱਪ 'ਚ ਭਾਰਤ ਨੂੰ ਮਿਲੀ ਹਾਰ, ਪਾਕਿ ਨੇ 10 ਵਿਕਟਾਂ ਨਾਲ ਜਿੱਤਿਆ ਮੈਚ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 152 ਦੌੜਾਂ ਦਾ ਟੀਚਾ ਰੱਖਿਆ ਸੀ।

IND vs PAK, T20 World Cup: Pakistan beat India by 10 wickets

 

ਇਸਲਾਮਾਬਾਦ- ਪਾਕਿਸਤਾਨ ਨੇ 2021 ਦੇ ਟੀ-20 ਵਿਸ਼ਵ ਕੱਪ ਵਿਚ ਇਤਿਹਾਸ ਰਚ ਦਿੱਤਾ। ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਪਾਕਿਸਤਾਨ ਨੇ ਭਾਰਤ ਨੂੰ ਕਿਸੇ ਵੀ ਵਿਸ਼ਵ ਕੱਪ ਮੁਕਾਬਲੇ ਵਿਚ ਹਰਾਇਆ ਹੋਵੇ। ਪਾਕਿਸਤਾਨ ਨੇ ਭਾਰਤ ਨੂੰ ਖੇਡ ਦੇ ਹਰ ਖੇਤਰ ਵਿਚ ਚਿਤ ਕਰ ਦਿੱਤਾ, ਪਾਕਿਸਤਾਨ ਦੀ ਬੈਟਿੰਗ, ਬੌਲਿੰਗ, ਫਿਲਡਿੰਗ ਸਭ ਸ਼ਾਨਦਾਰ ਸੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿੱਤੀ।

ਉਨ੍ਹਾਂ ਨੇ ਭੁਵਨੇਸ਼ਵਰ, ਬੁਮਰਾ ਅਤੇ ਸ਼ਮੀ ਦੇ ਅਟੈਕ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਖੇਡਿਆ, ਭਾਰਤੀ ਫਿਰਕੀ ਗੇਂਦਬਾਜ਼ ਵੀ ਕੁਝ ਨਹੀਂ ਕਰ ਸਕੇ। ਦੁਬਈ ਵਿੱਚ ਪਿੱਚਾਂ ਫਿਰਕੀ ਗੇਂਦਬਾਜ਼ਾਂ ਲਈ ਮਦਦਗਾਰ ਮੰਨੀਆ ਜਾ ਰਹੀਆਂ ਸਨ, ਪਰ ਭਾਰਤੀ ਫਿਰਕੀ ਗੇਂਦਬਾਜ਼ ਨਾ ਤਾਂ ਪਾਕਿਸਤਾਨੀ ਬੱਲੇਬਾਜ਼ਾਂ ਦੇ ਰਨ ਰੋਕ ਸਕੇ ਤੇ ਨਾ ਹੀ ਕੋਈ ਵਿਕਟ ਲੈ ਸਕੇ। ਬਾਬਰ ਆਜ਼ਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 52 ਬੌਲਾਂ ’ਤੇ 68 ਰਨ ਬਣਾਏ। ਮੁਹੰਮਦ ਨੇ ਰਿਜ਼ਵਾਨ ਨੇ 55 ਬੌਲਾਂ ’ਤੇ 79 ਰਨ ਬਣਾਏ।

ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 152 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਵਿਰਾਟ ਕੋਹਲੀ ਨੇ ਬਣਾਈਆਂ। ਉਨ੍ਹਾਂ ਨੇ 49 ਗੇਂਦਾਂ ਉੱਤੇ 57 ਦੌੜਾਂ ਬਣਾਈਆਂ। ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਬਹੁਤ ਜਲਦੀ ਆਊਟ ਹੋ ਗਏ। ਉਨ੍ਹਾਂ ਦਾ ਵਿਕਟ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਲਿਆ ਹੈ। ਦੱਸ ਦਈਏ ਕਿ ਵਿਸ਼ਵ ਕੱਪ ਵਿਚ ਭਾਰਤ ਨੂੰ ਇਹ ਹਾਰ 29 ਸਾਲ ਬਾਅਦ ਮਿਲੀ ਹੈ।