ਸਰਕਾਰ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਦੀ ਭਾਗੀਦਾਰੀ ਨੂੰ ਪ੍ਰਵਾਨਗੀ ਦਿਤੀ 

ਏਜੰਸੀ

ਖ਼ਬਰਾਂ, ਖੇਡਾਂ

12 ਭਲਵਾਨਾਂ ਵਲੋਂ ਖੇਡ ਮੰਤਰੀ ਮਨਸੁਖ ਮਾਂਡਵੀਆ ਦੀ ਰਿਹਾਇਸ਼ ਦੇ ਬਾਹਰ ਡੇਰਾ ਉਨ੍ਹਾਂ ਦੇ ਦਖਲ ਦੀ ਮੰਗ ਕਰਨ ਤੋਂ ਬਾਅਦ ਸਰਕਾਰ ਨੇ ਕੀਤਾ ਫੈਸਲਾ

Wrestlers

ਨਵੀਂ ਦਿੱਲੀ : ਸ਼ੁਕਰਵਾਰ ਨੂੰ ਅਲਬਾਨੀਆ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ 12 ਭਲਵਾਨਾਂ ਵਲੋਂ ਖੇਡ ਮੰਤਰੀ ਮਨਸੁਖ ਮਾਂਡਵੀਆ ਦੀ ਰਿਹਾਇਸ਼ ਦੇ ਬਾਹਰ ਡੇਰਾ ਉਨ੍ਹਾਂ ਦੇ ਦਖਲ ਦੀ ਮੰਗ ਕਰਨ ਤੋਂ ਬਾਅਦ ਸਰਕਾਰ ਨੇ ਇਸ ਵੱਕਾਰੀ ਮੁਕਾਬਲੇ ’ਚ ਭਾਰਤ ਦੀ ਭਾਗੀਦਾਰੀ ਨੂੰ ਮਨਜ਼ੂਰੀ ਦੇ ਦਿਤੀ ਹੈ।

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੇ ਸਾਕਸ਼ੀ ਮਲਿਕ ਦੇ ਪਤੀ ਭਲਵਾਨ ਸੱਤਿਆਵਰਤ ਕਾਦੀਆਂ ਵਲੋਂ ਅੰਡਰ-23 ਅਤੇ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਲਈ ਟਰਾਇਲ ਕਰਵਾਉਣ ਦੇ ਫੈਡਰੇਸ਼ਨ ਦੇ ਫੈਸਲੇ ਵਿਰੁਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀਰਵਾਰ ਨੂੰ ਤਿੰਨ ਭਾਰਤੀ ਟੀਮਾਂ ਨੂੰ ਚੈਂਪੀਅਨਸ਼ਿਪ ਤੋਂ ਹਟਾਉਣ ਦਾ ਫੈਸਲਾ ਕੀਤਾ। 

ਕਾਦੀਆਂ ਦਾ ਕਹਿਣਾ ਸੀ ਕਿ ਖੇਡ ਸੰਸਥਾ ਅਦਾਲਤ ਦੀ ਮਾਨਹਾਨੀ ਕਰ ਰਹੀ ਹੈ, ਜਿਸ ਨੇ ਕੁਸ਼ਤੀ ਕਰਵਾਉਣ ਲਈ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਵਲੋਂ ਨਿਯੁਕਤ ਐਡਹਾਕ ਪੈਨਲ ਦੇ ਅਧਿਕਾਰ ਨੂੰ ਬਹਾਲ ਕਰ ਦਿਤਾ ਹੈ। 

ਮੰਤਰਾਲੇ ਨੇ ਡਬਲਿਊ.ਐੱਫ.ਆਈ. ਨੂੰ ਮੁਅੱਤਲ ਕਰ ਦਿਤਾ ਸੀ ਜਦਕਿ ਆਈ.ਓ.ਏ. ਨੇ ਐਡਹਾਕ ਪੈਨਲ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿਤਾ ਸੀ, ਜਿਸ ਨਾਲ ਖੇਡ ਅਤੇ ਭਲਵਾਨਾਂ ਦਾ ਭਵਿੱਖ ਅਸਥਿਰ ਹੋ ਗਿਆ ਸੀ। ਹਾਲਾਂਕਿ, ਕੁਸ਼ਤੀ ਦੀ ਵਿਸ਼ਵ ਪ੍ਰਬੰਧਕ ਸੰਸਥਾ ਯੂ.ਡਬਲਯੂ.ਡਬਲਯੂ. ਨੇ ਇਸ ਸਾਲ ਫ਼ਰਵਰੀ ’ਚ ਡਬਲਿਊ.ਐੱਫ.ਆਈ. ’ਤੇ ਲੱਗੀ ਮੁਅੱਤਲੀ ਹਟਾ ਦਿਤੀ ਸੀ। 

ਮਾਂਡਵੀਆ ਨੇ ਕਿਹਾ, ‘‘ਕੁੱਝ ਭਲਵਾਨਾਂ ਨੇ ਇਸ ਮੁੱਦੇ ਅਤੇ ਅਪਣੀਆਂ ਚਿੰਤਾਵਾਂ ਨੂੰ ਸਾਂਝਾ ਕਰਨ ਲਈ ਅੱਜ ਮੇਰੇ ਨਾਲ ਮੁਲਾਕਾਤ ਕੀਤੀ। ਮੈਂ ਹੁਕਮ ਦਿਤਾ ਕਿ ਅਦਾਲਤ ’ਚ ਕੇਸ ਜਾਰੀ ਰਹੇਗਾ ਪਰ ਭਲਵਾਨਾਂ ਨੂੰ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ। ਮੈਂ ਉਹ ਸੱਭ ਕੁੱਝ ਕੀਤਾ ਜੋ ਮੈਂ ਕਰ ਸਕਦਾ ਸੀ।’’

ਭਲਵਾਨਾਂ ਨੇ ਡਬਲਿਊ.ਐੱਫ.ਆਈ. ਦੇ ਪ੍ਰਧਾਨ ਸੰਜੇ ਸਿੰਘ ਨਾਲ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਗੱਲਬਾਤ ਲਗਭਗ ਇਕ ਘੰਟੇ ਤਕ ਚੱਲੀ। 

ਸੰਜੇ ਸਿੰਘ ਨੇ ਕਿਹਾ, ‘‘ਅਸੀਂ ਮੰਤਰੀ ਨਾਲ ਇਸ ਮੁੱਦੇ ’ਤੇ ਚਰਚਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਫੈਡਰੇਸ਼ਨ ’ਤੇ ਮਾਨਹਾਨੀ ਦਾ ਦੋਸ਼ ਲਗਦਾ ਹੈ ਤਾਂ ਉਹ ਇਸ ਦੀ ਜ਼ਿੰਮੇਵਾਰੀ ਲੈਣਗੇ ਅਤੇ ਟੀਮ ਦੀ ਭਾਗੀਦਾਰੀ ਨੂੰ ਮਨਜ਼ੂਰੀ ਦੇ ਦਿਤੀ। ਟਿਕਟਾਂ ਪਹਿਲਾਂ ਤੋਂ ਬੁੱਕ ਕੀਤੀਆਂ ਗਈਆਂ ਹਨ ਅਤੇ ਟੀਮ ਐਤਵਾਰ ਸਵੇਰੇ ਨਿਰਧਾਰਤ ਸਮੇਂ ਅਨੁਸਾਰ ਰਵਾਨਾ ਹੋਵੇਗੀ।’’

ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਨੇ ਡਬਲਿਊ.ਐੱਫ.ਆਈ. ’ਤੇ ਲੱਗੀ ਮੁਅੱਤਲੀ ਹਟਾਉਣ ਦਾ ਭਰੋਸਾ ਦਿਤਾ ਹੈ, ਸੰਜੇ ਸਿੰਘ ਨੇ ਕਿਹਾ, ‘‘ਮੰਤਰਾਲੇ ਨੇ ਕਿਹਾ ਹੈ ਕਿ ਉਹ ਇਸ ਦੀ ਸਮੀਖਿਆ ਕਰੇਗਾ। ਇਸ ’ਚ ਇਕ ਮਹੀਨਾ ਤਕ ਦਾ ਸਮਾਂ ਲੱਗ ਸਕਦਾ ਹੈ।’’ ਹਾਲਾਂਕਿ ਮਾਂਡਵੀਆ ਨੇ ਇਸ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿਤਾ। 

ਉਨ੍ਹਾਂ ਕਿਹਾ, ‘‘ਸਰਕਾਰ ਦਾ ਨਜ਼ਰੀਆ ਸਪੱਸ਼ਟ ਹੈ। ਸਾਰੀਆਂ ਫੈਡਰੇਸ਼ਨਾਂ ਅਪਣੀ ਮਰਜ਼ੀ ਅਨੁਸਾਰ ਕੰਮ ਕਰ ਸਕਦੀਆਂ ਹਨ, ਸਰਕਾਰ ਸਿਰਫ ਉਨ੍ਹਾਂ ਦੀ ਮਦਦ ਕਰਦੀ ਹੈ। ਦੇਸ਼ ’ਚ ਖੇਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ ਅਤੇ ਸਾਡੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।’’

ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਟਰਾਇਲ ਜਿੱਤਣ ਵਾਲੇ ਸਾਰੇ 12 ਭਲਵਾਨਾਂ ਨੇ ਮੰਤਰੀ ਦੀ ਰਿਹਾਇਸ਼ ਦੇ ਬਾਹਰ ਡੇਰਾ ਲਾਇਆ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਦਖਲ ਦੇਣ ਦੀ ਅਪੀਲ ਕੀਤੀ। ਔਰਤਾਂ ਦੇ 65 ਕਿਲੋਗ੍ਰਾਮ ਵਰਗ ’ਚ ਥਾਂ ਬਣਾਉਣ ਵਾਲੀ ਮਨੀਸ਼ ਭਾਨਵਾਲਾ ਨੇ ਕਿਹਾ, ‘‘ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ’ਚ 10-12 ਸਾਲ ਲਗਦੇ ਹਨ ਅਤੇ ਹੁਣ ਜਦੋਂ ਸਾਨੂੰ ਇਹ ਮੌਕਾ ਮਿਲਿਆ ਹੈ ਤਾਂ ਇਸ ਨੂੰ ਖੋਹਿਆ ਜਾ ਰਿਹਾ ਹੈ। ਸਾਡਾ ਕੀ ਕਸੂਰ ਹੈ।’’

ਉਨ੍ਹਾਂ ਕਿਹਾ, ‘‘ਵਿਰੋਧ ਪ੍ਰਦਰਸ਼ਨ ਕਰਨ ਵਾਲੇ ਭਲਵਾਨਾਂ ਦਾ ਕਰੀਅਰ ਖਤਮ ਹੋ ਗਿਆ ਹੈ, ਤਾਂ ਉਹ ਹੁਣ ਸਾਡੇ ਕਰੀਅਰ ਨਾਲ ਕਿਉਂ ਖੇਡ ਰਹੇ ਹਨ। ਜੂਨੀਅਰ ਭਲਵਾਨਾਂ ਨੂੰ ਉਨ੍ਹਾਂ ਦੇ ਸਮਰਥਨ ਦੀ ਜ਼ਰੂਰਤ ਨਹੀਂ ਹੈ। ਜੇਕਰ ਸਾਨੂੰ ਵਿਸ਼ਵ ਚੈਂਪੀਅਨਸ਼ਿਪ ਲਈ ਨਹੀਂ ਭੇਜਿਆ ਗਿਆ ਤਾਂ ਅਸੀਂ ਵਿਰੋਧ ਕਰਨ ਲਈ ਮਜਬੂਰ ਹੋਵਾਂਗੇ।’’

ਏਸ਼ੀਅਨ ਚੈਂਪੀਅਨਸ਼ਿਪ ’ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਨੀਸ਼ਾ ਨੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਰਾਹਤ ਦਾ ਸਾਹ ਲਿਆ। ਉਨ੍ਹਾਂ ਕਿਹਾ, ‘‘ਅਸੀਂ ਮੰਤਰੀ ਦੇ ਸਾਹਮਣੇ ਅਪਣੀ ਗੱਲ ਰੱਖੀ। ਉਨ੍ਹਾਂ ਨੇ ਪੂਰੇ ਸਬਰ ਨਾਲ ਸਾਡੀ ਗੱਲ ਸੁਣੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਉਨ੍ਹਾਂ ਨੇ ਓਲੰਪਿਕ ਦੀ ਮੇਜ਼ਬਾਨੀ ਦੌਰਾਨ ਐਥਲੀਟਾਂ ਲਈ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ।’’

ਮਨੀਸ਼ਾ ਦੇ ਨਾਲ ਸਾਥੀ ਮਹਿਲਾ ਭਲਵਾਨ ਮਾਨਸੀ ਅਹਲਾਵਤ (59 ਕਿਲੋਗ੍ਰਾਮ), ਕੀਰਤੀ (55 ਕਿਲੋਗ੍ਰਾਮ) ਅਤੇ ਬਿਪਾਸ਼ਾ (72 ਕਿਲੋਗ੍ਰਾਮ) ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਸਾਲ ਤੁਨਿਸ ਵਿਚ ਯੂ.ਡਬਲਯੂ.ਡਬਲਯੂ. ਰੈਂਕਿੰਗ ਸੀਰੀਜ਼ ਮੁਕਾਬਲੇ ਵਿਚ ਅਲਮਾਟੀ ਵਿਚ ਸੋਨ ਤਮਗਾ ਅਤੇ ਕਾਂਸੀ ਦਾ ਤਗਮਾ ਜਿੱਤਿਆ ਸੀ। 

ਚਾਰ ਪੁਰਸ਼ ਫ੍ਰੀਸਟਾਈਲ ਭਲਵਾਨ ਉਦਿਤ (61 ਕਿਲੋ), ਮਨੀਸ਼ ਗੋਸਵਾਮੀ (70 ਕਿਲੋਗ੍ਰਾਮ), ਪਰਵਿੰਦਰ ਸਿੰਘ (79 ਕਿਲੋ), ਸੰਦੀਪ ਮਾਨ (92 ਕਿਲੋਗ੍ਰਾਮ) ਅਤੇ ਗ੍ਰੀਕੋ ਰੋਮਨ ਭਲਵਾਨ ਸੰਜੀਵ (55 ਕਿਲੋ), ਚੇਤਨ (63 ਕਿਲੋ), ਅੰਕਿਤ ਗੁਲੀਆ (72 ਕਿਲੋਗ੍ਰਾਮ) ਅਤੇ ਰੋਹਿਤ ਦਹੀਆ (82 ਕਿਲੋਗ੍ਰਾਮ) ਵੀ ਹਰਿਆਣਾ ਤੋਂ ਆਏ ਅਤੇ ਮੰਤਰੀ ਦੀ ਰਿਹਾਇਸ਼ ਦੇ ਬਾਹਰ ਡੇਰਾ ਲਾਇਆ। 

ਭਲਵਾਨਾਂ ਨੇ ਪਹਿਲਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਉਨ੍ਹਾਂ ਨੂੰ ਦਸਿਆ ਗਿਆ ਕਿ ਉਨ੍ਹਾਂ ਦੀ ਪਟੀਸ਼ਨ ’ਤੇ ਅੱਜ ਸੁਣਵਾਈ ਨਹੀਂ ਹੋ ਸਕਦੀ ਅਤੇ ਉਨ੍ਹਾਂ ਨੂੰ ਸੁਣਵਾਈ ਦੀ ਤਰੀਕ ਮਿਲ ਸਕਦੀ ਹੈ। ਇਸ ਤੋਂ ਬਾਅਦ ਉਹ ਖੇਡ ਮੰਤਰੀ ਦੀ ਰਿਹਾਇਸ਼ ’ਤੇ ਗਏ ਪਰ ਸ਼ਾਮ ਨੂੰ ਹੀ ਉਨ੍ਹਾਂ ਨੂੰ ਮਿਲ ਸਕੇ। 12 ਗੈਰ-ਓਲੰਪਿਕ ਸ਼੍ਰੇਣੀਆਂ ’ਚ ਵਿਸ਼ਵ ਚੈਂਪੀਅਨਸ਼ਿਪ 28 ਅਕਤੂਬਰ ਤੋਂ ਅਲਬਾਨੀਆ ਦੇ ਤਿਰਾਨਾ ’ਚ ਹੋਣੀ ਹੈ। 

ਡਬਲਿਊ.ਐੱਫ.ਆਈ. ਨੇ ਬੁਧਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ। ਉਸ ਨੇ ਕੁਸ਼ਤੀ ਦੀ ਵਿਸ਼ਵ ਸੰਸਥਾ ਯੂ.ਡਬਲਯੂ.ਡਬਲਯੂ. ਨੂੰ ਦਸਿਆ ਕਿ ਖੇਡ ਮੰਤਰਾਲਾ ਉਸ ਦੀ ਖੁਦਮੁਖਤਿਆਰੀ ’ਚ ਦਖਲ ਦੇ ਰਿਹਾ ਹੈ।