ਹਾਕੀ ਖਿਡਾਰੀ ਹਾਰਦਿਕ ਸਿੰਘ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋ ਓਲੰਪਿਕ ਮੈਡਲ ਦਿਵਾਉਣ ’ਚ ਨਿਭਾਈ ਅਹਿਮ ਭੂਮਿਕਾ, 2018 ਤੋਂ ਭਾਰਤ ਲਈ ਹਾਕੀ ਖੇਡ ਰਹੇ ਹਾਰਦਿਕ

Hockey player Hardik Singh to receive Khel Ratna award

ਨਵੀਂ ਦਿੱਲੀ/ਸ਼ਾਹ : ਟੋਕੀਓ ਅਤੇ ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਾਰਦਿਕ ਸਿੰਘ ਨੂੰ ‘ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ’ ਦੇ ਲਈ ਨਾਮਜ਼ਦ ਕੀਤਾ ਗਿਆ ਏ। ਯੂਥ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਗਠਿਤ ਕਮੇਟੀ ਵੱਲੋਂ ਪਿਛਲੇ ਦੋ ਸਾਲਾਂ ਵਿਚ ਭਾਰਤੀ ਹਾਕੀ ਟੀਮ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦਿਆਂ ਇਸ ਵੱਕਾਰੀ ਪੁਰਸਕਾਰ ਦੇ ਲਈ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਹਾਰਦਿਕ ਸਿੰਘ?
ਕੌਣ ਹੈ ਹਾਰਦਿਕ ਸਿੰਘ?
- 27 ਸਾਲਾ ਹਾਰਦਿਕ ਸਿੰਘ ਸਾਲ 2018 ਤੋਂ ਭਾਰਤ ਲਈ ਖੇਡ ਰਹੇ ਨੇ।
- ਹਾਕੀ ਵਿਚ ਉਹ ਮੀਡਫੀਲਡਰ ਦੀ ਭੂਮਿਕਾ ਨਿਭਾਉਂਦੇ ਨੇ। 
- ਹਾਰਦਿਕ ਸਿੰਘ ਦਾ ਜਨਮ ਪੰਜਾਬ ਦੇ ਪਿੰਡ ਖੁਸਰੋਪੁਰ ਵਿਖੇ ਹੋਇਆ ਸੀ।
- ਹਾਰਦਿਕ ਦੇ ਖ਼ੂਨ ਵਿਚ ਹੀ ਰਚੀ ਹੋਈ ਐ ਹਾਕੀ ਦੀ ਖੇਡ । 
- ਪਿਤਾ ਵਰਿੰਦਰਪਾਲ ਸਿੰਘ ਰਾਏ ਹਾਕੀ ਦੇ ਖਿਡਾਰੀ ਰਹਿ ਚੁੱਕੇ ਨੇ।
- ਦਾਦਾ ਪ੍ਰੀਤਮ ਸਿੰਘ ਰਾਏ ਹਾਕੀ ਦੇ ਕੋਚ ਰਹਿ ਚੁੱਕੇ ਨੇ। 
- ਦਾਦਾ ਜੀ ਦੀ ਕੋਚਿੰਗ ਵਿਚ ਹੀ ਹਾਰਦਿਕ ਦੇ ਹਾਕੀ ਕਰੀਅਰ ਦੀ ਸ਼ੁਰੂਆਤ ਹੋਈ। 
- ਹਾਰਦਿਕ ਦੇ ਚਾਚਾ ਗੁਰਮੈਲ ਸਿੰਘ ਅਤੇ ਜੁਗਰਾਜ ਸਿੰਘ ਹਾਕੀ ਦੇ ਇੰਟਰਨੈਸ਼ਨਲ ਖਿਡਾਰੀ ਰਹਿ ਚੁੱਕੇ ਨੇ। 
- ਚਾਚਾ ਗੁਰਮੈਲ ਸਿੰਘ 1980 ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਵਿਚ ਸ਼ਾਮਲ ਸਨ। 
ਹਾਰਦਿਕ ਸਿੰਘ ਦੀਆਂ ਪ੍ਰਾਪਤੀਆਂ ਦੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ : 
- ਓਲੰਪਿਕ 2021 ਅਤੇ 2024 ਵਿਚ ਦੋ ਕਾਂਸੀ ਦੇ ਮੈਡਲ 
- ਕਾਮਨਵੈਲਥ ਖੇਡਾਂ ਵਿਚ 2022 ਦੌਰਾਨ ਬਰਮਿੰਘਮ ਵਿਚ 1 ਸਿਲਵਰ ਮੈਡਲ
- ਏਸ਼ੀਅਨ ਖੇਡਾਂ ਵਿਚ ਸਾਲ 2022 ਦੌਰਾਨ 1 ਗੋਲਡ ਮੈਡਲ
- ਏਸ਼ੀਆ ਕੱਪ ਰਾਜਗੀਰ ਵਿਖੇ 2025 ਵਿਚ 1 ਗੋਲਡ ਮੈਡਲ
- ਏਸ਼ੀਅਨ ਚੈਂਪੀਅਨਸ਼ਿਪ ਟ੍ਰਾਫ਼ੀ 2018 ਤੇ 2023 ਵਿਚ 2 ਗੋਲਡ, 2021 ਵਿਚ ਢਾਕਾ ਵਿਖੇ ਇਕ ਕਾਂਸੀ ਮੈਡਲ ਹਾਸਲ ਕੀਤਾ। 
ਹਾਰਦਿਕ ਸਿੰਘ ਭਾਰਤ ਦੇ ਲਈ 166 ਮੁਕਾਬਲੇ ਖੇਡ ਚੁੱਕੇ ਨੇ। ਉਹ ਸਾਲ 2023 ਵਿਚ ਏਸ਼ੀਅਨ ਖੇਡਾਂ ਅਤੇ ਰਾਜਗੀਰ ਵਿਚ ਏਸ਼ੀਆ ਕੱਪ 2025 ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਵੀ ਰਹੇ। ਹੁਣ ਤੱਕ ਛੇ ਖਿਡਾਰੀਆਂ ਨੂੰ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਏ, ਜਿਨ੍ਹਾਂ ਵਿਚ ਸਾਲ 2000 ਵਿਚ ਧਨਰਾਜ ਪਿੱਲੈ, 2017 ਵਿਚ ਸਰਦਾਰ ਸਿੰਘ, 2020 ਵਿਚ ਰਾਣੀ ਰਾਮਪਾਲ, 2021 ਵਿਚ ਪੀਆਰ ਸ੍ਰੀਜੇਸ਼, 2021 ਵਿਚ ਮਨਪ੍ਰੀਤ ਸਿੰਘ ਅਤੇ 2024 ਵਿਚ ਹਰਮਨਪ੍ਰੀਤ ਸਿੰਘ ਦੇ ਨਾਂਅ ਸ਼ਾਮਲ ਨੇ। 
ਇਸ ਤੋਂ ਇਲਾਵਾ ਚੋਣ ਕਮੇਟੀ ਵੱਲੋਂ ‘ਅਰਜੁਨ ਐਵਾਰਡ’ ਲਈ 24 ਖਿਡਾਰੀਆਂ ਦੇ ਨਾਂਅ ਦੀ ਸਿਫ਼ਾਰਸ਼ ਕੀਤੀ ਗਈ ਐ, ਜਿਨ੍ਹਾਂ ਵਿਚ ਐਥਲੈਟਿਕਸ ਖਿਡਾਰੀ ਤੇਜਸਵਿਨ ਸ਼ੰਕਰ ਅਤੇ ਪ੍ਰਿਯੰਕਾ, ਬਾਕਸਿੰਗ ਖਿਡਾਰੀ ਨਰਿੰਦਰ, ਸ਼ਤਰੰਜ ਖਿਡਾਰੀ ਵਿਦਿਤ ਗੁਜਰਾਤੀ ਅਤੇ ਦਿਵਯਾ ਦੇਸ਼ਮੁੱਖ, ਡੈਫ ਸ਼ੂਟਿੰਗ ਖਿਡਾਰੀ ਧਨੁਸ਼ ਸ੍ਰੀਕਾਂਤ, ਜਿਮਨਾਸਟਿਕ ਖਿਡਾਰੀ ਪ੍ਰਣਿਤੀ ਨਾਇਕ, ਹਾਕੀ ਖਿਡਾਰੀ ਰਾਜ ਕੁਮਾਰ ਪਾਲ, ਕਬੱਡੀ ਖਿਡਾਰੀ ਸੁਰਜੀਤ ਸਿੰਘ, ਖੋ-ਖੋ ਖਿਡਾਰੀ ਨਿਰਮਲਾ ਭਾਟੀ, ਪੈਰਾ ਸ਼ੂਟਿੰਗ ਦੇ ਰੁਦਰਾਂਸ਼ ਖੰਡੇਲਵਾਲ, ਪੈਰਾ ਐਥਲੈਟਿਕਸ ਦੇ ਏਕਤਾ ਭਿਆਨ, ਪੋਲੋ ਖਿਡਾਰੀ ਪਦਮਨਾਭ ਸਿੰਘ, ਰੋਇੰਗ ਖਿਡਾਰੀ ਅਰਵਿੰਦ ਸਿੰਘ, ਸ਼ੂਟਿੰਗ ਦੇ ਅਖਿਲ ਸ਼ਯੋਰਾਣ ਅਤੇ ਮੇਹੁਲੀ ਘੋਸ਼, ਟੇਬਲ ਟੈਨਿਸ ਖਿਡਾਰੀ ਸੁਤੀਰਥਾ ਮੁਖਰਜੀ, ਕੁਸ਼ਤੀ ਦੇ ਸੋਨਮ ਮਲਿਕ, ਯੋਗਾਸਣ ਦੇ ਆਰਤੀ ਪਾਲ, ਬੈਡਮਿੰਟਨ ਖਿਡਾਰੀ ਗਾਇਤਰੀ ਗੋਪੀਚੰਦ, ਹਾਕੀ ਖਿਡਾਰੀ ਲਾਲਰੇਮਸਿਆਮੀ, ਐਥਲੈਟਿਕਸ ਖਿਡਾਰੀ ਮੁਹੰਮਦ ਅਸਲਮ ਅਤੇ ਕਬੱਡੀ ਖਿਡਾਰੀ ਪੂਜਾ ਦੇ ਨਾਂਅ ਸ਼ਾਮਲ ਨੇ।