ਸ਼ੋਏਬ ਮਲਿਕ ਤੋਂ ਵੱਖ ਹੋਣ ਮਗਰੋਂ ਸਾਨੀਆ ਮਿਰਜ਼ਾ ਨੂੰ ਪਾਕਿਸਤਾਨ ’ਚ ਮਿਲਿਆ ਮਜ਼ਬੂਤ ਸਮਰਥਨ 

ਏਜੰਸੀ

ਖ਼ਬਰਾਂ, ਖੇਡਾਂ

ਅਪਣੇ ਵਿਆਹ ਤੋੜਨ ਲਈ ਮਲਿਕ ਅਤੇ ਸਨਾ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਆਲੋਚਨਾ

Sania Mirza and Shoaib Malik

ਕਰਾਚੀ: ਪਾਕਿਸਤਾਨ ਦੇ ਸਾਬਕਾ ਕ੍ਰਿਕੇਟ ਖਿਡਾਰੀ ਸ਼ੋਏਬ ਮਲਿਕ ਵਲੋਂ ਪਿਛਲੇ ਹਫਤੇ ਟੀ.ਵੀ. ਅਦਾਕਾਰਾ ਅਤੇ ਮਾਡਲ ਸਨਾ ਜਾਵੇਦ ਨਾਲ ਵਿਆਹ ਕਰਨ ਦਾ ਪ੍ਰਗਟਾਵਾ ਕਰਨ ਮਗਰੋਂ ਭਾਰਤੀ ਟੈਨਿਸ ਸੂਪਰਸਟਾਰ ਸਾਨੀਆ ਮਿਰਜ਼ਾ ਨੂੰ ਪਾਕਿਸਤਾਨ ਦੇ ਲੋਕਾਂ ਦਾ ਮਜ਼ਬੂਤ ਸਮਰਥਨ ਮਿਲ ਰਿਹਾ ਹੈ।

ਲੋਕਾਂ ਨੇ ਸੋਸ਼ਲ ਮੀਡੀਆ ’ਤੇ ਅਪਣੇ ਵਿਆਹ ਤੋੜਨ ਲਈ ਮਲਿਕ ਅਤੇ ਸਨਾ ਦੀ ਆਲੋਚਨਾ ਕੀਤੀ। ਉਨ੍ਹਾਂ ਵਿਚੋਂ ਬਹੁਤਿਆਂ ਨੇ ਪਾਕਿਸਤਾਨੀ ਕ੍ਰਿਕਟਰ ਨੂੰ ਤਲਾਕ ਦੇਣ ਦੇ ਸਾਨੀਆ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਇਕ ਨਿਊਜ਼ ਚੈਨਲ ‘ਸਮਾ ਟੀ.ਵੀ.’ ’ਤੇ ਇਕ ਪੋਡਕਾਸਟ ਨੇ ਬਦਲੀ ’ਓ ਘਿਉ ਦਾ ਕੰਮ ਕੀਤਾ। ਚੈਨਲ ਨੇ ਦਾਅਵਾ ਕੀਤਾ ਕਿ ਮਲਿਕ ਅਤੇ ਸਨਾ ਵਿਆਹੇ ਹੋਣ ਦੇ ਬਾਵਜੂਦ ਪਿਛਲੇ ਤਿੰਨ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਦੋਵੇਂ ਨਜ਼ਦੀਕੀ ਰਿਸ਼ਤੇ ਵਿਚ ਸਨ।

ਪੋਡਕਾਸਟ ਵਿਚ ਕਿਹਾ ਗਿਆ ਹੈ ਕਿ ਸਨਾ ਨੇ ਮਲਿਕ ਨਾਲ ਵਿਆਹ ਤੋਂ ਤਿੰਨ ਮਹੀਨੇ ਪਹਿਲਾਂ ਹੀ ਅਪਣੇ ਸਾਬਕਾ ਪਤੀ ਉਮੈਰ ਜਸਵਾਲ ਨੂੰ ਤਲਾਕ ਦੇ ਦਿਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਵੀ ਮਲਿਕ ਨੂੰ ਚੈਨਲ ’ਤੇ ਕਿਸੇ ਸ਼ੋਅ ਲਈ ਬੁਲਾਇਆ ਜਾਂਦਾ ਸੀ ਤਾਂ ਉਹ ਇਸ ਸ਼ਰਤ ’ਤੇ ਸਹਿਮਤ ਹੁੰਦੇ ਸਨ ਕਿ ਸਨਾ ਨੂੰ ਵੀ ਸੱਦਾ ਦਿਤਾ ਜਾਣਾ ਚਾਹੀਦਾ ਹੈ। 

ਪੋਡਕਾਸਟ ਦੇ ਨਿਰਮਾਤਾ ਨੇ ਕਿਹਾ, ‘‘ਇਨ੍ਹਾਂ ਦੋਹਾਂ ਦਾ ਪਿਛਲੇ ਤਿੰਨ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਉਮੈਰ ਨੂੰ ਇਸ ਬਾਰੇ ਪਤਾ ਨਹੀਂ ਸੀ ਪਰ ਸਾਨੀਆ ਮਿਰਜ਼ਾ ਅਤੇ ਉਸ ਦੇ ਪਰਵਾਰ ਨੂੰ ਇਸ ਬਾਰੇ ਪਤਾ ਸੀ ਅਤੇ ਮਲਿਕ ਦੇ ਪਰਵਾਰ ਨੂੰ ਵੀ ਪਿਛਲੇ ਸਾਲ ਇਸ ਬਾਰੇ ਪਤਾ ਲਗਿਆ ਸੀ। ਸਥਿਤੀ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮਲਿਕ ਨੇ ਕਿਸੇ ਦੀ ਨਹੀਂ ਸੁਣੀ।’’

ਮਲਿਕ ਅਤੇ ਸਾਨੀਆ ਦਾ ਵਿਆਹ 2010 ’ਚ ਹੈਦਰਾਬਾਦ (ਭਾਰਤ) ’ਚ ਬਹੁਤ ਧੂਮਧਾਮ ਨਾਲ ਹੋਇਆ ਸੀ। ਸਨਾ ਅਤੇ ਜਸਵਾਲ ਨੇ 2020 ’ਚ ਇਕ ਨਿੱਜੀ ਸਮਾਰੋਹ ’ਚ ਵਿਆਹ ਕੀਤਾ ਸੀ। ਸ਼ੋਏਬ ਨੇ ਸਨਾ ਨਾਲ ਅਪਣੇ ਵਿਆਹ ਦੀ ਤਸਵੀਰ ਸਾਂਝੀਆਂ ਕਰਨ ਮਗਰੋਂ ਹੀ ਇਹ ਪ੍ਰਗਟਾਵਾ ਹੋਇਆ ਸੀ ਕਿ ਉਹ ਅਤੇ ਸਾਨੀਆ ਹੁਣ ਵੱਖ ਹੋ ਗਏ ਹਨ।