ਨੈਸ਼ਨਲ ਕਬੱਡੀ: ਨਿਊਜ਼ੀਲੈਂਡ ਤੋਂ ਮਲੇਸ਼ੀਆ ਵਿਸ਼ਵ ਕੱਪ ਕਬੱਡੀ ਮੀਲਾਕਾ ਲਈ ਮੁੰਡਿਆ-ਕੁੜੀਆਂ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

6 ਤੋਂ 14 ਅਪ੍ਰੈਲ ਤਕ ਹੋਣਗੇ ਦਰਜਨਾਂ ਟੂਰਨਾਮੈਂਟ

National Kabaddi New Zealand to Malaysia

ਔਕਲੈਂਡ : ਕਹਿੰਦੇ ਨੇ ਜਿਸ ਨੂੰ ਖੇਡਣ ਜਾਂ ਖਿਡਾਉਣ ਦੀ ਤਰਲੋਮੱਛੀ ਲੱਗ ਜਾਵੇ ਫ਼ਿਰ ਉਹ ਨਾ ਆਪ ਬੈਠਦਾ ਤੇ ਨਾ ਹੀ ਖਿਡਾਰੀਆਂ ਨੂੰ ਬੈਠਣ ਦਿੰਦਾ। ਤਾਰਾ ਸਿੰਘ ਬੈਂਸ ਵੀ ਸ਼ਾਇਦ ਇਸ ਕਰਕੇ ਨਹੀਂ ਬੈਠਦਾ। ਇੰਨ੍ਹਾਂ ਨੇ ਪਹਿਲਾਂ ਨਿਊਜ਼ੀਲੈਂਡ 'ਚ ਕੁੜੀਆਂ ਦੀ ਕਬੱਡੀ ਟੀਮ ਨੂੰ ਤਿੰਨ 'ਭਾਰਤੀ ਵਿਸ਼ਵ ਕੱਪਾਂ' ਦੇ 'ਚ ਲਜਾ ਕੇ ਪੂਰੇ ਨਿਊਜ਼ੀਲੈਂਡ ਵਸਦੇ ਭਾਈਚਾਰੇ ਅਤੇ ਦੇਸ਼ ਦਾ ਝੰਡਾ ਬੁਲੰਦ ਕੀਤਾ ਫਿਰ ਵਿਸ਼ਵ ਪੱਧਰ ਉਤੇ ਹਰਮਨ ਪਿਆਰੀ ਹੋ ਰਹੀ ਖੇਡ 'ਨੈਸ਼ਨਲ ਕਬੱਡੀ' ਉਤੇ ਵੀ ਅਜਿਹੀ ਨਿਗ੍ਹਾ ਰੱਖੀ ਕਿ ਨਿਊਜ਼ੀਲੈਂਡ ਦੇ ਮੂਲ ਮਾਓਰੀ ਮੁੰਡਿਆਂ ਅਤੇ ਕੁੜੀਆਂ ਦੇ ਵਿਚੋਂ ਇਹ ਪ੍ਰਤਿਭਾ ਖੋਜਣ ਦੀ ਕਾਰਵਾਈ ਸ਼ੁਰੂ ਕੀਤੀ।

ਦੋ ਮਹੀਨਿਆਂ ਦੇ 'ਚ ਇਥੋਂ ਦੇ ਮੁੰਡੇ ਕਬੱਡੀ ਖੇਡ ਨੂੰ ਸਮਝਣ ਲੱਗੇ ਅਤੇ ਟ੍ਰਾਇਲ ਦੇ ਤੌਰ 'ਤੇ ਪਹਿਲੀ ਵਾਰ ਨੈਸ਼ਨਲ ਕਬੱਡੀ ਦੇ ਮੈਚ ਨਿਊਜ਼ੀਲੈਂਡ 'ਚ ਪਿਛਲੇ ਸਾਲ ਅਕਤੂਬਰ 'ਚ ਕਰਵਾਏ। ਇਥੇ ਆਸਟ੍ਰੇਲੀਆ ਤੋਂ ਟੀਮ ਵੀ ਖੇਡਣ ਪਹੁੰਚੀ ਸੀ ਤੇ ਕੁੱਲ 6 ਟੀਮਾਂ ਸਨ। ਇਸ ਤੋਂ ਬਾਅਦ ਤਾਰਾ ਸਿੰਘ  ਨੇ ਨੈਸ਼ਨਲ ਕਬੱਡੀ ਮੈਚਾਂ ਲਈ ਇੰਡੀਆ ਵਿਖੇ ਪਿਛਲੇ ਸਾਲ ਨਵੰਬਰ 'ਚ ਕੁੜੀਆਂ ਲਿਜਾ ਕੇ ਹੋਰ ਅਭਿਆਸ ਕਰਵਾਇਆ। ਨਿਸ਼ਾਨਾ ਸੀ ਕਿ ਇਕ ਦਿਨ ਇਥੋਂ ਦੇ ਮੁੰਡੇ-ਕੁੜੀਆਂ ਮਲੇਸ਼ੀਆ ਵਿਖੇ ਹੋਣ ਵਾਲੇ ਵਿਸ਼ਵ ਕਬੱਡੀ ਮੈਚਾਂ ਦੇ 'ਚ ਲੈ ਕੇ ਜਾਣੇ ਹਨ। 

ਬੀਤੀ 23 ਫ਼ਰਵਰੀ ਨੂੰ ਉਹ ਮਲੇਸ਼ੀਆ ਵਿਖੇ ਹੋਏ ਡ੍ਰਾਅ ਸਮਾਗਮ ਦੇ 'ਚ ਪਹੁੰਚੇ ਅਤੇ ਅਪਣੀਆਂ ਦੋਹਾਂ ਟੀਮਾਂ ਦੀ ਐਂਟਰੀ ਵਾਪਿਸ ਲੈ ਕੇ ਪਰਤੇ। ਨਿਊਜ਼ੀਲੈਂਡ ਟੀਮ ਰਜਿਸਟਰ ਕਰਵਾ ਲੈਣੀ ਇਕ ਵੱਡੀ ਪ੍ਰਾਪਤੀ ਹੈ, ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਮਾਨਤਾ ਦੇਣੀ ਸੌਖੀ ਹੋ ਸਕੇਗੀ। ਮੀਲਾਕਾ ਰਾਜ ਦੇ ਮੁੱਖ ਮੰਤਰੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ ਤੇ ਤਾਰਾ ਸਿੰਘ ਬੈਂਸ ਇਸ ਮੌਕੇ ਵਿਸ਼ਵ ਕਬੱਡੀ ਓਸ਼ੀਆਨਾ ਦੀ ਤਰਫ਼ੋਂ ਹਾਜ਼ਰ ਹੋਏ ਅਤੇ ਅਪਣੀ ਟੀਮ ਦੀ ਸਰਪ੍ਰਸਤੀ ਕੀਤੀ।
ਇਸ ਵਿਸ਼ਵ ਕੱਪ ਕਬੱਡੀ ਦੇ ਮੈਚ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਕਰਵਾਏ ਜਾ ਰਹੇ ਹਨ

ਜਿਸ 'ਚ 32 ਟੀਮਾਂ ਮੁੰਡਿਆਂ ਦੀਆਂ ਅਤੇ ਕੁੜੀਆਂ ਦੀਆਂ 17 ਟੀਮਾਂ ਭਾਗ ਲੈ ਰਹੀਆਂ ਹਨ। ਇਨ੍ਹਾਂ 'ਚ ਨਿਊਜ਼ੀਲੈਂਡ, ਅਰਜਟੀਨਾ, ਹਾਂਗਕਾਂਗ, ਸਕਾਟਲੈਂਡ, ਇਜ਼ੀਪਟ, ਸ੍ਰੀਲੰਕਾ, ਕੀਨੀਆ, ਕੈਨੇਡਾ, ਲਿਬਲਾਨ, ਪਾਕਿਸਤਾਨ, ਇੰਗਲੈਂਡ, ਕੋਲੰਬੀਆ, ਉਗਾਂਡਾ, ਚਾਈਨੀਜ ਤਾਇਪੀ, ਤਨਜਾਨੀਆ, ਜਰਮਨ, ਮਲੇਸ਼ੀਆ, ਅਫਗਾਨਿਸਤਾਨ, ਡੈਨਮਾਰਕ, ਮਾਰੀਸ਼ਸ਼, ਇਰਾਕ, ਨਾਰਵੇ, ਫਿਲੀਪੀਨਜ਼, ਪੋਲੈਂਡ, ਯੂ.ਐਸ.ਏ, ਇਟਲੀ, ਜਿੰਬਾਬੇ, ਇੰਡੀਆ, ਆਸਟਰੇਲੀਆ, ਮੈਕਸੀਕੋ, ਬੁਲਗਾਰੀਆ, ਪੀਰੂ ਤੇ ਆਸਟਰੀਆ ਦੇਸ਼ ਭਾਗ ਲੈ ਰਹੇ ਹਨ।