ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਯੂਸਫ ਪਠਾਨ ਵੱਲੋਂ ਸੰਨਿਆਸ ਦਾ ਐਲਾਨ
ਟਵੀਟ ਕਰਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਯੂਸਫ ਪਠਾਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਪਠਾਨ ਭਾਰਤੀ ਟੀਮ ਦਾ ਹਿੱਸਾ ਰਿਹਾ ਹੈ ਜਿਸਨੇ 2007 ਟੀ -20 ਵਰਲਡ ਕੱਪ ਅਤੇ 2011 ਦਾ 50 ਓਵਰ ਵਰਲਡ ਕੱਪ ਜਿੱਤਿਆ ਸੀ। ਉਸਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ।
ਯੂਸਫ ਪਠਾਨ ਨੇ ਕ੍ਰਿਕਟ ਨੂੰ ਅਲਵਿਦਾ ਕਹਿਦਿਆਂ ਟੀਮ ਇੰਡੀਆ,ਪਰਿਵਾਰ, ਦੋਸਤਾਂ, ਸਾਰੇ ਕੋਚਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਸ ਨੇ ਟਵਿੱਟਰ ਰਾਹੀਂ ਆਪਣੀ ਰਿਟਾਇਰਮੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਆਪਣੇ ਕ੍ਰਿਕਟ ਕਰੀਅਰ ਦੀਆਂ ਸਭ ਤੋਂ ਵਧੀਆ ਯਾਦਾਂ ਵੀ ਸਾਂਝੀਆਂ ਕੀਤੀਆਂ।
ਯੂਸਫ ਪਠਾਨ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੱਕ ਭਾਰਤੀ ਦੀ ਜਰਸੀ ਪਾਈ ਸੀ। ਮੈਂ ਹੀ ਨਹੀਂ ਉਹ ਜਰਸੀ ਪਾਈ ਲੀ ਸਗੋਂ ਮੇਰੇ ਪਰਿਵਾਰ, ਕੋਚ, ਦੋਸਤ ਅਤੇ ਸਾਰੇ ਦੇਸ਼ ਨੇ ਉਹ ਜਰਸੀ ਪਾਈ ਸੀ। ਮੇਰਾ ਬਚਪਨ, ਜ਼ਿੰਦਗੀ ਕ੍ਰਿਕਟ ਦੇ ਆਲੇ ਦੁਆਲੇ ਬਤੀਤ ਹੋਇਆ ਅਤੇ ਮੈਂ ਅੰਤਰਰਾਸ਼ਟਰੀ, ਘਰੇਲੂ ਅਤੇ ਆਈਪੀਐਲ ਕ੍ਰਿਕਟ ਖੇਡਿਆ ਪਰ ਅੱਜ ਕੁਝ ਵੱਖਰਾ ਹੈ।
ਉਹਨਾਂ ਨੇ ਅੱਗੇ ਲਿਖਿਆ ਕਿ ਅੱਜ ਕੋਈ ਵਰਲਡ ਕੱਪ ਜਾਂ ਆਈਪੀਐਲ ਦਾ ਫਾਈਨਲ ਨਹੀਂ ਹੈ, ਪਰ ਇਹ ਇਕ ਮਹੱਤਵਪੂਰਣ ਦਿਨ ਹੈ। ਅੱਜ ਕ੍ਰਿਕੇਟਰ ਵਜੋਂ ਮੇਰਾ ਕਰੀਅਰ ਪੂਰਾ ਖ਼ਤਮ ਹੋਣ ਵਾਲਾ ਹੈ। ਮੈਂ ਅਧਿਕਾਰਤ ਤੌਰ 'ਤੇ ਰਿਟਾਇਰਮੈਂਟ ਦਾ ਐਲਾਨ ਕਰਦਾ ਹਾਂ। ਯੂਸਫ ਪਠਾਨ ਦੀ ਪਛਾਣ ਇਕ ਵਿਸਫੋਟਕ ਬੱਲੇਬਾਜ਼ ਵਜੋਂ ਹੋਈ ਹੈ।