ICC Women's World Cup: ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 71 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਟੀਮ ਨੇ ਹੁਣ ਮਹਿਲਾ ਵਿਸ਼ਵ ਕੱਪ ਦੇ ਅੰਕ ਸੂਚੀ ਵਿੱਚ ਭਾਰਤ ਦੀ ਬਰਾਬਰੀ ਕਰ ਲਈ ਹੈ

Photo

 

ਨਵੀਂ ਦਿੱਲੀ : ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦੇ 26ਵੇਂ ਮੈਚ ਵਿੱਚ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 71 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਕੀਵੀ ਟੀਮ ਨੇ ਮਹਿਲਾ ਵਿਸ਼ਵ ਕੱਪ ਦੇ ਅੰਕ ਸੂਚੀ ਵਿੱਚ ਭਾਰਤ ਦੀ ਬਰਾਬਰੀ ਕਰ ਲਈ ਹੈ। ਨਿਊਜ਼ੀਲੈਂਡ ਅਤੇ ਭਾਰਤ ਦੇ 6-6 ਅੰਕ ਹਨ ਪਰ ਟੀਮ ਇੰਡੀਆ ਨੇ ਆਪਣਾ ਆਖਰੀ ਮੈਚ 27 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ ਖੇਡਣਾ ਹੈ। ਨਿਊਜ਼ੀਲੈਂਡ ਅਤੇ ਭਾਰਤ ਤੋਂ ਇਲਾਵਾ ਇੰਗਲੈਂਡ ਦੇ ਵੀ 6 ਅੰਕ ਹਨ, ਇੰਗਲੈਂਡ ਟੀਮ ਭਲਕੇ ਆਪਣਾ ਆਖ਼ਰੀ ਮੈਚ ਬੰਗਲਾਦੇਸ਼ ਖਿਲਾਫ਼ ਖੇਡੇਗੀ।

 

ਪਾਕਿਸਤਾਨ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ 'ਚ ਖੇਡੇ ਗਏ 7 ਮੈਚਾਂ 'ਚ ਇਹ ਉਸਦੀ 6ਵੀਂ ਹਾਰ ਹੈ ਅਤੇ ਉਹ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਪਾਕਿਸਤਾਨ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ  ਬੇਟਸ ਦੇ ਸੈਂਕੜੇ ਦੇ ਦਮ 'ਤੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾਈਆਂ। ਸੂਜ਼ੀ ਨੇ 135 ਗੇਂਦਾਂ 'ਚ 14 ਚੌਕਿਆਂ ਦੀ ਮਦਦ ਨਾਲ 126 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੂਜ਼ੀ ਤੋਂ ਬਾਅਦ ਵਿਕਟਕੀਪਰ ਕੇਟੀ ਮਾਰਟਿਨ ਸਭ ਤੋਂ ਵੱਧ 30 ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਰਹੀ। ਪਾਕਿਸਤਾਨ ਲਈ ਨਿਦਾ ਦਰ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।

266 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਰਹੀ। ਮੁਨੀਬਾ ਅਲੀ (29) ਅਤੇ ਸਿਦਰਾ ਅਮੀਨ (14) ਨੇ ਪਹਿਲੀ ਵਿਕਟ ਲਈ 39 ਦੌੜਾਂ ਜੋੜੀਆਂ। ਸਿਦਰਾ ਦੇ ਵਿਕਟ ਡਿੱਗਣ ਤੋਂ ਬਾਅਦ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਪਾਕਿਸਤਾਨ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਅਗਲੇ ਕੁਝ ਓਵਰਾਂ ਵਿੱਚ ਕੀਵੀ ਟੀਮ ਨੇ ਦੋ ਓਵਰਾਂ ਵਿੱਚ ਵਿਕਟਾਂ ਲੈ ਕੇ ਪਾਕਿਸਤਾਨ ਨੂੰ ਪਿਛਾੜ ਦਿੱਤਾ।

ਕਪਤਾਨ ਬਿਸਮਾਹ ਮਾਰੂਫ (38) ਅਤੇ ਨਿਦਾ ਡਾਰ (50) ਨੇ ਚੌਥੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਸਾਂਝੇਦਾਰੀ ਟੁੱਟਦੇ ਹੀ ਪਾਕਿਸਤਾਨ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ। ਪਾਕਿਸਤਾਨ ਦੀ ਟੀਮ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 194 ਦੌੜਾਂ ਹੀ ਬਣਾ ਸਕੀ।