ਮੈਂ ਹਰ ਉਹ ਬੱਲਾ ਸੰਭਾਲ ਕੇ ਰਖਿਐ ਜਿਸ ਨਾਲ ਮੈਂ ਕੌਮਾਂਤਰੀ ਕ੍ਰਿਕੇਟ ’ਚ ਸੈਂਕੜਾ ਜੜਿਆ : ਪੋਂਟਿੰਗ 

ਏਜੰਸੀ

ਖ਼ਬਰਾਂ, ਖੇਡਾਂ

ਕਿਹਾ, ਹਰ ਬੱਲੇ ’ਤੇ ਅਪਣਾ ਸਕੋਰ ਅਤੇ ਵਿਰੋਧੀ ਟੀਮ ਦਾ ਨਾਮ ਵੀ ਲਿਖਿਆ ਹੋਇਐ

Ricky Ponting

ਨਵੀਂ ਦਿੱਲੀ: ਦੋ ਵਾਰ ਦੇ ਵਿਸ਼ਵ ਕੱਪ ਜੇਤੂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ’ਚ ਜਿਸ ਬੱਲੇ ਨਾਲ ਸੈਂਕੜਾ ਲਗਾਇਆ ਹੈ, ਉਸ ਨੂੰ ਸੰਭਾਲ ਕੇ ਅਪਣੇ ਕੋਲ ਰੱਖਿਆ ਹੈ ਅਤੇ ਉਸ ’ਤੇ ਵਿਰੋਧੀ ਟੀਮ ਦਾ ਨਾਮ ਅਤੇ ਅਪਣਾ ਸਕੋਰ ਵੀ ਲਿਖਿਆ ਹੈ। ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਪੋਂਟਿੰਗ ਅਪਣੇ ਯੁੱਗ ਦੇ ਸੱਭ ਤੋਂ ਵਧੀਆ ਬੱਲੇਬਾਜ਼ਾਂ ’ਚੋਂ ਇਕ ਸਨ। ਉਹ ਨੌਜੁਆਨ ਕ੍ਰਿਕਟਰਾਂ ਨੂੰ ਕਿੱਟਾਂ ਦੇਣ ਲਈ ‘ਡੀ.ਪੀ. ਵਰਲਡ ਬਿਓਂਡ ਬਾਊਂਡਰੀਜ਼’ ਪਹਿਲਕਦਮੀ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ। 

ਸਾਲ 2012 ’ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਪੋਂਟਿੰਗ ਨੇ 71 ਕੌਮਾਂਤਰੀ ਸੈਂਕੜੇ ਲਗਾਏ ਹਨ, ਜਿਸ ’ਚ 41 ਟੈਸਟ ਸੈਂਕੜੇ ਸ਼ਾਮਲ ਹਨ। ਪੋਂਟਿੰਗ ਨੇ ਕਿਹਾ, ‘‘ਮੰਨੋ ਜਾਂ ਨਾ ਮੰਨੋ, ਮੇਰੇ ਘਰ ਮੇਰਾ ਪਹਿਲਾ ਬੱਲਾ ਵੀ ਪਿਆ ਹੋਇਆ ਹੈ। ਇਸ ’ਤੇ ਸਟਿੱਕਰ ਲੱਗੇ ਹੋਏ ਹਨ। ਸਾਡੇ ਘਰ ’ਚ ਲਗਭਗ ਇਕ ਹਜ਼ਾਰ ਬੱਲੇ ਹਨ। ਹਰ ਬੱਲਾ ਜਿਸ ਨਾਲ ਮੈਂ ਕੌਮਾਂਤਰੀ ਕ੍ਰਿਕੇਟ ’ਚ ਸੈਂਕੜਾ ਬਣਾਇਆ, ਮੇਰੇ ਕੋਲ ਪਿਆ ਹੋਇਆ ਹੈ। ਮੈਂ ਇਸ ’ਤੇ ਅਪਣਾ ਸਕੋਰ ਅਤੇ ਵਿਰੋਧੀ ਟੀਮ ਦਾ ਨਾਮ ਵੀ ਲਿਖਿਆ ਹੋਇਆ ਹੈ।’’

ਉਨ੍ਹਾਂ ਦੀਆਂ ਯਾਦਗਾਰੀ ਪਾਰੀਆਂ ’ਚ 2003 ਦੇ ਵਨਡੇ ਵਿਸ਼ਵ ਕੱਪ ਫਾਈਨਲ ’ਚ ਭਾਰਤ ਵਿਰੁਧ ਉਨ੍ਹਾਂ ਦੀਆਂ ਨਾਬਾਦ 140 ਦੌੜਾਂ ਵੀ ਸ਼ਾਮਲ ਹਨ। ਸੌਰਵ ਗਾਂਗੁਲੀ, ਜੋ ਉਸ ਸਮੇਂ ਭਾਰਤੀ ਟੀਮ ਦੇ ਕਪਤਾਨ ਸਨ, ਹੁਣ ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਡਾਇਰੈਕਟਰ ਹਨ ਅਤੇ ਉਹ ਵੀ ਇਸ ਮੌਕੇ ’ਤੇ ਮੌਜੂਦ ਸਨ। ਗਾਂਗੁਲੀ ਨੇ ਅਪਣੇ ਪਹਿਲੇ ਬੱਲੇ ਬਾਰੇ ਕਿਹਾ, ‘‘ਮੈਂ 13 ਸਾਲ ਦਾ ਸੀ ਜਦੋਂ ਮੈਂ ਪਹਿਲਾ ਬੱਲਾ ਖਰੀਦਿਆ ਸੀ। ਮੈਂ ਗੇਂਦ ਨੂੰ ਬੱਲੇ ਨਾਲ ਟਕਰਾ ਕੇ ਹਵਾ ’ਚ ਜਾਂਦੇ ਵੇਖ ਕੇ ਬਹੁਤ ਖੁਸ਼ ਹੁੰਦਾ ਸੀ।’’