ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ
ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ, ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਮ ਬਲਬੀਰ ਸਿੰਘ ਸੀਨੀਅਰ ਦੇ ਨਾਂ ਉਤੇ ਰਖਿਆ ਜਾਵੇਗਾ
ਐਸ.ਏ.ਐਸ. ਨਗਰ/ਚੰਡੀਗੜ੍ਹ, 25 ਮਈ (ਸਪੋਕਸਮੈਨ ਸਮਾਚਾਰ ਸੇਵਾ): ਹਾਕੀ ਦੇ ਦਿੱਗਜ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਅੱਜ ਸਵੇਰੇ ਮੋਹਾਲੀ ਵਿਚ ਮੌਤ ਹੋ ਗਈ। ਸਾਹ ਲੈਣ ਵਿਚ ਦਿੱਕਤ ਹੋਣ ਦੀ ਸ਼ਿਕਾਇਤ ਕਾਰਨ ਉਹ 8 ਮਈ ਨੂੰ ਹਸਪਤਾਲ ਵਿਚ ਭਰਤੀ ਹੋਏ ਸਨ। ਅੱਜ ਸਵੇਰੇ 6.17 ਵਜੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਉਮਰ 96 ਸਾਲ ਸੀ।
ਕੌਮਾਂਤਰੀ ਹਾਕੀ ਸਟਾਰ ਤੇ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਦਾ ਅੰਤਮ ਸਸਕਾਰ ਅੱਜ ਇਥੇ ਬਿਜਲਈ ਸਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਪੋਤੇ ਕਬੀਰ ਸਿੰਘ ਨੇ ਦਿਖਾਈ, ਜਦੋਂ ਕਿ ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦੀ ਪੁੱਤਰੀ ਸੁਸ਼ਬੀਰ ਕੌਰ ਵੀ ਹਾਜ਼ਰ ਸਨ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਦੇਹ ਉਤੇ ਫੁੱਲ-ਮਾਲਾ ਭੇਟ ਕੀਤੀ। ਪੰਜਾਬ ਪੁਲਿਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰ ਕੇ ਅਤੇ ਹਵਾਈ ਫਾਇਰ ਕਰ ਕੇ ਮਹਾਨ ਹਾਕੀ ਸਟਾਰ ਨੂੰ ਸਤਿਕਾਰ ਭੇਟ ਕੀਤਾ।
ਇਸ ਦੌਰਾਨ ਵਿਧਾਇਕ ਤੇ ਉਲੰਪੀਅਨ ਪਰਗਟ ਸਿੰਘ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਫੁੱਲ ਮਾਲਾਵਾਂ ਭੇਟ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਤਰਫੋਂ ਚੰਡੀਗੜ੍ਹ ਦੇ ਏ.ਡੀ.ਸੀ. ਸਚਿਨ ਰਾਣਾ ਨੇ ਫੁੱਲ-ਮਾਲਾ ਭੇਟ ਕੀਤੀ। ਹਾਕੀ ਇੰਡੀਆ, ਪੰਜਾਬ ਉਲੰਪਿਕ ਐਸੋਸੀਏਸ਼ਨ ਅਤੇ ਹਾਕੀ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਫੁੱਲ ਮਾਲਾਵਾਂ ਚੜ੍ਹਾ ਕੇ ਸਤਿਕਾਰ ਭੇਟ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਰੱਖਿਆ ਜਾਵੇਗਾ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਢੁਕਵੇਂ ਸਮੇਂ ਉਤੇ ਕਰਨਗੇ।
ਸਸਕਾਰ ਮੌਕੇ ਉਨ੍ਹਾਂ ਨੂੰ ਸਤਿਕਾਰ ਭੇਟ ਕਰਨ ਲਈ ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਖੇਡਾਂ ਸੰਜੈ ਪੋਪਲੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਤੇ ਸਕੱਤਰ ਖੇਡਾਂ ਯੂ.ਟੀ. ਕੇ.ਕੇ. ਯਾਦਵ, ਡਾਇਰੈਕਟਰ ਖੇਡਾਂ ਯੂ.ਟੀ. ਤੇਜਵੀਰ ਸੈਣੀ ਅਤੇ ਵੱਖ ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਪਰਿਵਾਰਕ ਮੈਂਬਰ, ਦੋਸਤ ਤੇ ਪ੍ਰਸੰਸਕਾਂ ਨੇ ਇਸ ਹਾਕੀ ਸਟਾਰ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿਤੀ।
ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ: ਪੀਐਮ ਮੋਦੀ ਨੇ ਟਵੀਟ ਕਰ ਕੇ ਕਿਹਾ, ''ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੇ ਯਾਦਗਾਰ ਖੇਡ ਪ੍ਰਦਰਸ਼ਨਾਂ ਲਈ ਯਾਦ ਕੀਤਾ ਜਾਵੇਗਾ। ਨਿਰਸੰਦੇਹ ਉਹ ਇਕ ਸ਼ਾਨਦਾਰ ਹਾਕੀ ਖਿਡਾਰੀ ਸਨ, ਉਨ੍ਹਾਂ ਨੇ ਇਕ ਮਹਾਨ ਖਿਡਾਰੀ ਦੇ ਰੂਪ ਵਿਚ ਵੀ ਅਪਣੀ ਪਛਾਣ ਬਣਾਈ। ਉਨ੍ਹਾਂ ਦੀ ਮੌਤ ਦੀ ਦੁੱਖ ਹੋਇਆ। ਉਨ੍ਹਾਂ ਦੇ ਪਰਵਾਰ ਅਤੇ ਸ਼ੁੱਭਚਿੰਤਕਾਂ ਪ੍ਰਤੀ ਸੰਵੇਦਨਾ।''
ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ: ਕੈਪਟਨ ਅਮਰਿੰਦਰ ਸਿੰਘ ਨੇ ਮਹਾਨ ਹਾਕੀ ਖਿਡਾਰੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ। ਉਨ੍ਹਾਂ ਇਕ ਟਵੀਟ ਰਾਹੀਂ ਬਲਬੀਰ ਸਿੰਘ ਸੀਨੀਅਰ ਦੇ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਦਿਤੀ ਸ਼ਰਧਾਂਜਲੀ : ਕੇਂਦਰ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ,' ਭਾਰਤ ਦੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ ਦਾ ਗਹਿਰਾ ਦੁੱਖ ਹੋਇਆ। ਉਹ 1948 ਲੰਡਨ, 1952 ਹੇਲਸਿੰਕੀ ਅਤੇ 1956 ਮੈਲਬਰਨ ਉਲੰਪਿਕ ਵਿਚ ਭਾਰਤ ਨੂੰ ਗੋਲਡ ਮੈਡਲ ਜਿਤਾਉਣ ਵਾਲੀ ਟੀਮ ਦਾ ਹਿੱਸਾ ਸਨ। ਮੈਂ ਅਪਣੀ ਹਾਰਦਿਕ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਇਸ ਮਹਾਨ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ,'ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਜੀ ਇਕ ਪ੍ਰਸਿੱਧ ਹਾਕੀ ਖਿਡਾਰੀ ਸਨ। ਉਨ੍ਹਾਂ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਅਪਣੀ ਹਾਕੀ ਸਟਿੱਕ ਨਾਲ ਵਿਸ਼ਵ ਹਾਕੀ ਵਿਚ ਅਮਿੱਟ ਛਾਪ ਛੱਡੀ। ਮੈਂ ਖ਼ੁਸ਼ਕਿਸਮਤੀ ਸੀ ਕਿ ਮੈਂ ਤਿੰਨ ਵਾਰ ਉਲੰਪਿਕ ਗੋਲਡ ਮੈਡਲਿਸਟ ਬਲਬੀਰ ਨੂੰ ਮਿਲਿਆ ਹਾਂ। ਉਨ੍ਹਾਂ ਦੇ ਪਰਵਾਰ ਨਾਲ ਮੇਰੀਆਂ ਦਿਲੋਂ ਸੰਵੇਦਨਾਵਾਂ।
ਕਾਂਗਰਸ ਪਾਰਟੀ ਨੇ ਪ੍ਰਗਟਾਇਆ ਦੁੱਖ: ਕਾਂਗਰਸ ਪਾਰਟੀ ਨੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕਿਹਾ, 'ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ ਦੀ ਖ਼ਬਰ ਬੇਹੱਦ ਦੁਖਦਾਈ ਹੈ। ਉਹ ਤਿੰਨ ਵਾਰ ਉਲੰਪਿਕ ਗੋਲਡ ਮੈਡਲ ਜੇਤੂ ਸਨ ਜੋ ਖੇਡ ਜਗਤ ਵਿਚ ਪਦਮਸ਼੍ਰੀ ਨਾਲ ਸਨਮਾਨੇ ਗਏ ਪਹਿਲੇ ਵਿਅਕਤੀ ਬਣੇ। ਸਾਡੀਆਂ ਦਿਲੋਂ ਦੁੱਖ ਉਨ੍ਹਾਂ ਨਾਲ ਪਰਵਾਰ ਅਤੇ ਦੋਸਤਾਂ ਨਾਲ ਹੈ।'
ਗੋਲ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਸਨ ਬਲਬੀਰ ਸਿੰਘ ਸੀਨੀਅਰ
ਬਲਬੀਰ ਸਿੰਘ ਸੀਨੀਅਰ ਦੁਨੀਆਂ ਭਰ ਵਿਚ ਗੋਲ ਮਸ਼ੀਨ ਦੇ ਨਾਂ ਨਾਲ ਮਸ਼ਹੂਰ ਸਨ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਹਾਕੀ ਵਿਚ ਲੰਡਨ ਉਲੰਪਿਕ, ਹੈਲਸਿੰਕੀ ਉਲਪਿੰਕ ਅਤੇ ਮੈਲਬਰਨ ਉਲਪਿੰਕ ਵਿਚ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਦੇਸ਼ ਭਰ ਵਿਚ ਸੋਗ ਦਾ ਮਾਹੌਲ ਹੈ। ਖੇਡ ਜਗਤ ਨਾਲ ਜੁੜੇ ਲੋਕਾਂ ਤੋਂ ਲੈ ਕੇ ਵੱਡੇ ਆਗੂਆਂ ਤਕ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਦੇ ਪਿਛੇ ਤਿੰਨ ਬੇਟੇ ਅਤੇ ਇਕ ਬੇਟੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਵਾਰ ਵਲੋਂ ਉਨ੍ਹਾਂ ਦੇ ਚੰਡੀਗੜ੍ਹ ਦੇ ਸੈਕਟਰ 36 ਵਿਚਲੇ ਨਿਵਾਸ ਸਥਾਨ ਉਤੇ ਲਿਜਾਇਆ ਗਿਆ ਹੈ। ਕਾਫ਼ੀ ਸਮੇਂ ਤੋਂ ਸਾਹ ਲੈਣ ਵਿਚ ਤਕਲੀਫ਼ ਆਉਣ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ।
ਇਕ ਵਾਰ ਤਬੀਅਤ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਆਈਸੀਯੂ 'ਚ ਭਰਤੀ ਕਰਵਾਇਆ ਗਿਆ ਸੀ। ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਸਾਹ ਲੈਣ ਵਿਚ ਤਕਲੀਫ਼ ਕਾਰਨ ਉਨ੍ਹਾਂ ਦੇ ਕਈ ਅੰਗ ਕੰਮ ਕਰਨੇ ਬੰਦ ਕਰ ਗਏ ਸਨ। ਡਾਕਟਰਾਂ ਦੀਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਵੀ ਆਉਣ ਲਗਿਆ ਸੀ ਪਰ ਮੁੜ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿਹਤ ਖ਼ਰਾਬ ਹੋ ਗਈ ਤੇ ਆਈਸੀਯੂ 'ਚ ਰਖਿਆ ਗਿਆ।
ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਨੂੰ ਬੀਤੇ ਸਾਲ ਸਾਹ ਸਬੰਧੀ ਤਕਲੀਫ਼ ਹੋਣ ਕਾਰਨ ਚੰਡੀਗੜ੍ਹ ਦੇ ਪੀਜੀਆਈਐਮਈਆਰ ਵਿਚ ਭਰਤੀ ਕਰਵਾਇਆ ਗਿਆ ਸੀ। ਪਿਛਲੇ ਸਾਲ ਜਨਵਰੀ ਵਿਚ, ਬਲਬੀਰ ਸੀਨੀਅਰ ਨੂੰ ਹਸਪਤਾਲ ਵਿਚ 108 ਦਿਨ ਬਿਤਾਉਣ ਤੋਂ ਬਾਅਦ ਪੀਜੀਆਈ ਤੋਂ ਛੁੱਟੀ ਦੇ ਦਿਤੀ ਗਈ ਸੀ ਜਿਥੇ ਉਸ ਦਾ ਬ੍ਰੋਂਕਲ ਨਮੂਨੀਆ ਦਾ ਇਲਾਜ ਹੋਇਆ।
ਦੇਸ਼ ਦੇ ਸੱਭ ਤੋਂ ਉੱਚੇ ਅਥਲੀਟਾਂ ਵਿਚੋਂ ਇਕ, ਬਲਬੀਰ ਸੀਨੀਅਰ, ਆਧੁਨਿਕ ਉਲੰਪਿਕ ਇਤਿਹਾਸ ਵਿਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਚੁਣੇ ਗਏ 16 ਲੀਜੈਂਡ ਵਿਚੋਂ ਇਕੱਲੇ ਭਾਰਤੀ ਸਨ। ਬਲਬੀਰ ਸਿੰਘ ਸੀਨੀਅਰ ਨੇ ਲੰਡਨ, ਹੇਲਸਿੰਕੀ ਅਤੇ ਮੈਲਬਰਨ ਉਲੰਪਿਕ ਵਿਚ ਭਾਰਤ ਨੂੰ ਸੋਨ ਤਮਗ਼ਾ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਉਲੰਪਿਕ ਵਿਚ ਨੀਦਰਲੈਂਡ ਵਿਰੁਧ 6-1 ਦੀ ਜਿੱਤ ਵਿਚ ਪੰਜ ਗੋਲ ਕੀਤੇ ਅਤੇ ਇਹ ਰਿਕਾਰਡ ਹਾਲੇ ਵੀ ਬਰਕਰਾਰ ਹੈ। ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਸਨ। ਉਨ੍ਹਾਂ ਦੁਆਰਾ ਵਿਸ਼ਵ ਰੀਕਾਰਡ ਉਲੰਪਿਕ ਦੇ ਪੁਰਸ਼ ਹਾਕੀ ਫ਼ਾਈਨਲ ਵਿਚ ਇਕ ਵਿਅਕਤੀ ਦੁਆਰਾ ਕੀਤੇ ਸੱਭ ਤੋਂ ਵੱਧ ਗੋਲਾਂ ਦਾ ਰਿਕਾਰਡ ਅਜੇ ਵੀ ਹੈ। ਉਨ੍ਹਾਂ ਨੂੰ 1957 ਵਿਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ।