IPL 2024 : ਕੋਲਕਾਤਾ ਨਾਈਟ ਰਾਈਡਰਸ ਨੇ ਤੀਜੀ ਵਾਰੀ ਜਿੱਤਿਆ IPL ਖਿਤਾਬ
ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਬਦੌਲਤ IPL ਦੇ 17ਵੇਂ ਸੀਜ਼ਨ ਦੇ ਫਾਈਨਲ ’ਚ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ
ਚੇਨਈ: ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ ਇਕਪਾਸੜ ਫਾਈਨਲ ’ਚ ਸਨਰਾਈਜ਼ਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਅਪਣੀ ਤੀਜੀ ਟਰਾਫੀ ਜਿੱਤ ਲਈ ਹੈ। ਫ਼ਾਈਨਲ ਮੈਚ ’ਚ ਉਸ ਨੂੰ ਜਿੱਤ ਲਈ 113 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਚੈਂਪੀਅਨ ਟੀਮ ਨੇ ਸਿਰਫ਼ 10.3 ਓਵਰਾਂ ’ਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਟੀਮ ਲਈ ਰਹਿਮਾਨੁੱਲਾ ਗੁਰਬਾਜ਼ ਨੇ 39 ਅਤੇ ਵੈਂਕਟੇਸ਼ ਅੱਈਅਰ ਨੇ 52 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦਾ ਕੋਈ ਵੀ ਬੱਲੇਬਾਜ਼ ਮਿਸ਼ੇਲ ਸਟਾਰਕ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਟਿਕ ਕੇ ਖੇਡ ਨਹੀਂ ਸਕਿਆ ਅਤੇ ਟੀਮ ਨੇ ਕੋਲਕਾਤਾ ਨੂੰ ਹੁਣ ਤਕ ਸਭ ਤੋਂ ਛੋਟਾ ਟੀਚਾ ਦਿਤਾ।
ਸਟਾਰਕ ਨੇ ਨਿਲਾਮੀ ਵਿਚ ਮਿਲੀ ਰੀਕਾਰਡ ਰਕਮ ਨੂੰ ਸਹੀ ਸਾਬਤ ਕਰਦਿਆਂ ਅਪਣੇ ਤਿੰਨ ਓਵਰਾਂ ਵਿਚ 14 ਦੌੜਾਂ ਦੇ ਕੇ ਦੋ ਅਹਿਮ ਵਿਕਟਾਂ ਲਈਆਂ। ਆਂਦਰੇ ਰਸਲ ਨੇ 2.3 ਓਵਰਾਂ ਵਿਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਹਰਸ਼ਿਤ ਰਾਣਾ ਨੇ ਚਾਰ ਓਵਰਾਂ ਵਿਚ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
KKR ਨੇ 2024 ਦੇ ਐਡੀਸ਼ਨ ’ਚ ਸ਼ੁਰੂ ਤੋਂ ਹੀ ਸ਼ਾਨਦਾਰ ਕ੍ਰਿਕਟ ਖੇਡੀ ਹੈ ਅਤੇ ਇਕਪਾਸੜ ਫਾਈਨਲ ਜਿੱਤਣਾ ਉਸ ਦੇ ਦਬਦਬੇ ਦਾ ਸਬੂਤ ਹੈ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਪਹਿਲੇ ਦੋ ਓਵਰਾਂ ’ਚ ਅਪਣੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (02) ਅਤੇ ਟ੍ਰੈਵਿਸ ਹੇਡ (0) ਦੀਆਂ ਵਿਕਟਾਂ ਗੁਆ ਦਿਤੀਆਂ, ਜਿਸ ਨਾਲ ਸਕੋਰ ਦੋ ਓਵਰਾਂ ’ਚ ਦੋ ਵਿਕਟਾਂ ’ਤੇ 6 ਦੌੜਾਂ ’ਤੇ ਸਿਮਟ ਗਿਆ।
ਲੀਗ ਪੜਾਅ ਦੀ ਨਿਰਾਸ਼ਾ ਤੋਂ ਸਹੀ ਸਮੇਂ ’ਤੇ ਵਾਪਸੀ ਕਰਨ ਵਾਲੇ ਸਟਾਰਕ ਨੇ ਅਸਮਾਨ ’ਤੇ ਬੱਦਲਵਾਈ ਦੇ ਹਾਲਾਤ ਦਾ ਪੂਰਾ ਫਾਇਦਾ ਉਠਾਇਆ। ਸਟਾਰਕ ਨੇ ਪਹਿਲੇ ਓਵਰ ’ਚ ਚੰਗੀ ਲੰਬਾਈ ਵਾਲੀ ਗੇਂਦ ’ਤੇ ਅਭਿਸ਼ੇਕ ਦੇ ਆਫ ਸਟੰਪ ਨੂੰ ਉਖਾੜ ਦਿਤਾ, ਜਦਕਿ ਅਗਲੇ ਓਵਰ ’ਚ ਵੈਭਵ ਅਰੋੜਾ ਦੀ ਗੇਂਦ ਹੇਡ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਰਹਿਮਾਨੁੱਲਾ ਗੁਰਬਾਜ਼ ਦੇ ਹੱਥਾਂ ’ਚ ਆ ਪਈ। ਹੇਡ ਪਿਛਲੇ ਚਾਰ ਮੈਚਾਂ ਵਿਚ ਤਿੰਨ ਵਾਰ ਜ਼ੀਰੋ ’ਤੇ ਆਊਟ ਹੋ ਚੁਕੇ ਹਨ।
ਰਾਹੁਲ ਤ੍ਰਿਪਾਠੀ (09) ਵੀ ਸਟਾਰਕ ਦੀ ਗੇਂਦ ’ਤੇ ਰਮਨਦੀਪ ਸਿੰਘ ਨੂੰ ਕੈਚ ਕਰ ਕੇ ਪਵੇਲੀਅਨ ਪਰਤ ਗਏ। ਪਾਵਰਪਲੇ ਅਖੀਰ ਤਕ ਸਨਰਾਈਜ਼ਰਜ਼ ਹੈਦਰਾਬਾਦ ਦਾ ਸਕੋਰ ਤਿੰਨ ਵਿਕਟਾਂ ’ਤੇ 40 ਦੌੜਾਂ ਸੀ। ਸਟਾਰਕ ਨੂੰ 24.45 ਕਰੋੜ ਰੁਪਏ ’ਚ ਖਰੀਦਿਆ ਗਿਆ ਅਤੇ ਉਸ ਦੇ ਪਹਿਲੇ ਸਪੈਲ (3-0-14-2) ਨਾਲ ਇਸ ਕੀਮਤ ਦੀ ਭਰਪਾਈ ਹੋ ਗਈ।
ਰਸਲ ਨੇ ਵਿਚਕਾਰਲੇ ਓਵਰਾਂ ’ਚ ਸ਼ਿਕੰਜਾ ਕਸ ਦਿਤਾ। ਨਿਤੀਸ਼ ਰੈੱਡੀ (13) ਅਤੇ ਐਡਨ ਮਾਰਕ੍ਰਮ (20) ਦੇ ਵਿਕੇਟ ਡਿੱਗਣ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਦੀ ਚੁਨੌਤੀਪੂਰਨ ਸਕੋਰ ਬਣਾਉਣ ਦੀ ਉਮੀਦ ਵੀ ਟੁੱਟ ਗਈ।
ਪਾਵਰਪਲੇ ਤੋਂ ਬਾਅਦ ਹੇਨਰਿਚ ਕਲਾਸੇਨ (17 ਗੇਂਦਾਂ, 16 ਦੌੜਾਂ) ਨੂੰ ਰਾਣਾ ਨੇ ਆਊਟ ਕੀਤਾ, ਜਿਸ ਤੋਂ ਸਨਰਾਈਜ਼ਰਜ਼ ਹੈਦਰਾਬਾਦ ਤੋਂ ਥੋੜ੍ਹਾ ਹਮਲਾਵਰ ਖੇਡਣ ਦੀ ਉਮੀਦ ਕੀਤੀ ਜਾ ਰਹੀ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ 62 ਦੌੜਾਂ ’ਤੇ ਪੰਜ ਵਿਕਟਾਂ ਗੁਆ ਦਿਤੀਆਂ। ਇਸ ਤੋਂ ਬਾਅਦ ਕੋਈ ਉਮੀਦ ਨਹੀਂ ਬਚੀ ਅਤੇ ਕਪਤਾਨ ਪੈਟ ਕਮਿੰਸ ਨੇ 24 ਦੌੜਾਂ ਬਣਾਈਆਂ ਅਤੇ ਟੀਮ ਦੇ ਚੋਟੀ ਦੇ ਸਕੋਰਰ ਰਹੇ।
ਸਟਾਰਕ ਨੇ ਮਹੱਤਵਪੂਰਨ ਮੈਚਾਂ ’ਚ ਸ਼ਾਨਦਾਰ ਗੇਂਦਬਾਜ਼ੀ ਨਾਲ ਅਪਣੀ ਰੀਕਾਰਡ ਕੀਮਤ ਨੂੰ ਸਹੀ ਸਾਬਤ ਕੀਤਾ
ਚੇਨਈ: ਮਿਸ਼ੇਲ ਸਟਾਰਕ ਨੇ ਸ਼ਾਇਦ ਹੀ ਉਹ ‘ਰੀਲ’ ਦੇਖੀ ਹੋਵੇ ਜੋ ਇਕ ਮਹੀਨਾ ਪਹਿਲਾਂ ਇੰਸਟਾਗ੍ਰਾਮ ’ਤੇ ਵਾਇਰਲ ਹੋਈ ਸੀ ਜਦੋਂ ਭਾਰਤੀ ਬੱਲੇਬਾਜ਼ ਸਟੇਡੀਅਮ ਵਿਚ ਉਸ ਦੀਆਂ ਗੇਂਦਾਂ ’ਤੇ ਲਗਾਤਾਰ ਛੱਕੇ ਮਾਰ ਰਹੇ ਸਨ।
ਇਸ ਰੀਲ ’ਚ ਸਟਾਰਕ ਦੀ ਆਵਾਜ਼ ਦੀ ਬਜਾਏ ਹਰਿਆਣਵੀ ਲਹਿਜੇ ’ਚ ਕਿਹਾ ਜਾ ਰਿਹਾ ਸੀ, ‘ਮਜ਼ਾ ਹੀ ਮਜ਼ਾ, ਆਈ.ਪੀ.ਐਲ. ’ਚ ਅਪਣੀ 24.75 ਕਰੋੜ ਦੀ ਰੀਕਾਰਡ ਕੀਮਤ ਦਾ ਲੁਤਫ਼ ਲੈ ਰਿਹਾ ਹਾਂ।’
ਹਾਲਾਂਕਿ, ਇਸ ਰੀਲ ਨੂੰ ਬਣਾਉਣ ਵਾਲੇ ਭੁੱਲ ਗਏ ਕਿ ਸਟਾਰਕ ਇਕ ਵੱਡੇ ਮੈਚਾਂ ਦਾ ਖਿਡਾਰੀ ਹੈ ਅਤੇ ਇਸੇ ਲਈ ਆਈ.ਪੀ.ਐਲ. ਦੀ ਨਿਲਾਮੀ ’ਚ ਉਸ ’ਤੇ ਇੰਨੀ ਵੱਡੀ ਰਕਮ ਲੱਗੀ ਸੀ।
ਅੱਠ ਸਾਲ ਬਾਅਦ ਆਈ.ਪੀ.ਐਲ. ’ਚ ਵਾਪਸੀ ਕਰਨ ਵਾਲੇ ਸਟਾਰਕ ਨੇ ਪਹਿਲੇ ਨੌਂ ਮੈਚਾਂ ’ਚ ਸਿਰਫ ਸੱਤ ਵਿਕਟਾਂ ਲਈਆਂ। ਉਸ ਨੇ ਵਾਨਖੇੜੇ ਮੈਦਾਨ ’ਤੇ ਮੁੰਬਈ ਇੰਡੀਅਨਜ਼ ਵਿਰੁਧ ਮੈਚ ’ਚ ਅਪਣੀ ਪ੍ਰਤਿਭਾ ਦੀ ਝਲਕ ਵਿਖਾਈ ਅਤੇ ਫਿਰ ਪਲੇਆਫ ਅਤੇ ਫਾਈਨਲ ’ਚ ਅਪਣੀ ਗੇਂਦਬਾਜ਼ੀ ਨਾਲ ਟੀਮ ਨੂੰ ਚੈਂਪੀਅਨ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਇਆ।
ਸਟਾਰਕ ਪਹਿਲਾਂ ਵੀ ਵੱਡੇ ਟੂਰਨਾਮੈਂਟਾਂ ਦੇ ਫਾਈਨਲ ’ਚ ਵੱਡੇ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਚੁਕੇ ਹਨ। ਹੁਣ ਚਾਹੇ ਉਹ ਮੈਲਬੌਰਨ ’ਚ ਖੇਡੇ ਗਏ 2015 ਵਨਡੇ ਵਿਸ਼ਵ ਕੱਪ ਫਾਈਨਲ ’ਚ ਬੇਹੱਦ ਖਤਰਨਾਕ ਬ੍ਰੈਂਡਨ ਮੈਕੁਲਮ ਦੀ ਵਿਕਟ ਹੋਵੇ ਜਾਂ ਫਿਰ 2023 ਵਿਸ਼ਵ ਕੱਪ ਫਾਈਨਲ, ਜਿੱਥੇ ਉਨ੍ਹਾਂ ਨੇ ਸ਼ੁਭਮਨ ਗਿੱਲ ਅਤੇ ਲੋਕੇਸ਼ ਰਾਹੁਲ ਨੂੰ ਰਵਾਨਾ ਕਰ ਕੇ ਭਾਰਤੀ ਬੱਲੇਬਾਜ਼ੀ ਨੂੰ ਬੈਕਫੁੱਟ ’ਤੇ ਧੱਕ ਦਿਤਾ ਸੀ।
ਇਸ ਆਈ.ਪੀ.ਐਲ. ’ਚ ਸ਼ਾਨਦਾਰ ਲੈਅ ’ਚ ਚੱਲ ਰਹੇ ਅਭਿਸ਼ੇਕ ਸ਼ਰਮਾ ਨੂੰ ਫਾਈਨਲ ’ਚ ਜਿਸ ਤਰ੍ਹਾਂ ਸਟਾਰਕ ਨੇ ਆਊਟ ਕੀਤਾ ਉਸ ਨਾਲ ਉਨ੍ਹਾਂ ਨੂੰ ਕੌਮਾਂਤਰੀ ਕ੍ਰਿਕਟ ਦੀ ਝਲਕ ਜ਼ਰੂਰ ਮਿਲ ਗਈ ਹੋਵੇਗੀ।
ਵਿਸ਼ਵ ਕੱਪ ਜਾਂ ਆਈ.ਪੀ.ਐਲ. ਵਰਗੇ ਵੱਡੇ ਟੂਰਨਾਮੈਂਟ ’ਚ ਤੁਹਾਨੂੰ 30 ਵਿਕਟਾਂ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਪਰ ਦੋ ਜਾਂ ਤਿੰਨ ਮਹੱਤਵਪੂਰਨ ਦਿਨਾਂ ’ਚ ਚੰਗਾ ਪ੍ਰਦਰਸ਼ਨ ਕਰਨਾ ਪੈਂਦਾ ਹੈ। KKR ਨੇ ਫੈਸਲਾ ਕੀਤਾ ਕਿ ਸਟਾਰਕ ਦੀ ਕੀਮਤ 24.75 ਕਰੋੜ ਰੁਪਏ ਹੈ ਅਤੇ ਨਿਊ ਸਾਊਥ ਵੇਲਜ਼ ਦੇ ਖਿਡਾਰੀ ਨੇ ਵਿਖਾਇਆ ਕਿ ਜਦੋਂ ਵੱਡੇ ਮੌਕਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਅਨਮੋਲ ਹੁੰਦਾ ਹੈ।
ਪਿਛਲੇ ਕਈ ਸਾਲਾਂ ਤੋਂ ਸਟਾਰਕ ਨੇ ਟੈਸਟ ਕ੍ਰਿਕਟ ਨੂੰ ਮਹੱਤਵ ਦਿਤਾ ਹੈ ਅਤੇ ਇਸ ਲਈ ਉਹ ਦੁਨੀਆਂ ਭਰ ਦੇ ਲੀਗ ਕ੍ਰਿਕਟ ਵਿਚ ਜ਼ਿਆਦਾ ਨਹੀਂ ਖੇਡਿਆ ਹੈ। ਉਨ੍ਹਾਂ ਲਈ ਲਾਲ ਕੂਕਾਬੁਰਾ ਗੇਂਦ ਨਾਲ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਵਿਖਾ ਉਣ ਤੋਂ ਬਿਹਤਰ ਕੋਈ ਦ੍ਰਿਸ਼ ਨਹੀਂ ਹੈ।
ਸਟਾਰਕ ਨੇ ਪਿਛਲੇ ਸਾਲ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਬ੍ਰਿਟਿਸ਼ ਅਖਬਾਰ ਗਾਰਡੀਅਨ ਨੂੰ ਕਿਹਾ ਸੀ, ‘‘ਟੈਸਟ ਜਿੱਤ ਤੋਂ ਬਾਅਦ ਅਪਣੇ ਸਾਥੀ ਖਿਡਾਰੀਆਂ ਨਾਲ ਬੈਠਣ ਅਤੇ ਉਸ ਹਫਤੇ ਸਫਲਤਾ ’ਤੇ ਵਿਚਾਰ ਕਰਨ ਤੋਂ ਵੱਧ ਮੈਨੂੰ ਕ੍ਰਿਕਟ ਬਾਰੇ ਕੁੱਝ ਵੀ ਪਸੰਦ ਨਹੀਂ ਹੈ। ਮੇਰੇ ਬਹੁਤ ਸਾਰੇ ਨਜ਼ਦੀਕੀ ਸਾਥੀਆਂ ਨਾਲ ਬੈਗੀ ਗ੍ਰੀਨ ’ਚ ਖੇਡਣ ਦਾ ਅਨੰਦ ਲੈਣਾ ਬਹੁਤ ਵਧੀਆ ਹੈ।’’