ਉਰੂਗਵੇ ਦੀ ਰੂਸ ਵਿਰੁਧ ਸ਼ਾਨਦਾਰ ਜਿੱਤ
ਫ਼ੀਫ਼ਾ ਵਿਸ਼ਵ ਕੱਪ ਦੇ ਗਰੁੱਪ-ਏ 'ਚ ਸੋਮਵਾਰ ਨੂੰ ਉਰੂਗਵੇ ਨੇ ਮੇਜ਼ਬਾਨ ਰੂਸ ਨੂੰ 3-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਉਰੂਗਵੇ ਅਪਣੇ ਗਰੁੱਪ 'ਚ ਪਹਿਲੇ.......
ਮਾਸਕੋ : ਫ਼ੀਫ਼ਾ ਵਿਸ਼ਵ ਕੱਪ ਦੇ ਗਰੁੱਪ-ਏ 'ਚ ਸੋਮਵਾਰ ਨੂੰ ਉਰੂਗਵੇ ਨੇ ਮੇਜ਼ਬਾਨ ਰੂਸ ਨੂੰ 3-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਉਰੂਗਵੇ ਅਪਣੇ ਗਰੁੱਪ 'ਚ ਪਹਿਲੇ ਨੰਬਰ 'ਤੇ ਪਹੁੰਚ ਗਈ। ਵਿਸ਼ਵ ਕਪ 'ਚ ਅਜਿਹਾ ਪਹਿਲੀ ਵਾਰ ਹੈ ਕਿ ਉਰੂਗਵੇ ਦੀ ਟੀਮ ਗਰੁੱਪ ਸਟੇਜ਼ 'ਚ ਕੋਈ ਵੀ ਮੈਚ ਨਹੀਂ ਰਾਹੀ। ਉਰੂਗਵੇ ਦੇ ਲੁਇਸ ਸੁਆਰੇਜ਼ ਨੇ 10ਵੇਂ ਮਿੰਟ 'ਚ ਫ਼੍ਰੀ ਕਿੱਕ ਤੋਂ ਗੋਲ ਕੀਤਾ। 23ਵੇਂ ਮਿੰਟ 'ਚ ਰੂਸ ਦੇ ਚੈਰੀਸ਼ੇਵ ਦੇ ਆਤਮਘਾਤੀ ਗੋਲ ਦੀ ਬਦੌਲਤ ਉਰੂਗਵੇ ਨੂੰ 2-0 ਦੀ ਲੀਡ ਮਿਲ ਗਈ। ਐਂਡੀਸਨ ਕਵਾਨੀ ਨੇ 90ਵੇਂ ਮਿੰਟ 'ਚ ਗੋਲ ਕੀਤਾ।
ਸੁਆਰੇਜ਼ ਦਾ ਇਸ ਵਿਸ਼ਵ ਕਪ 'ਚ ਇਹ ਦੂਜਾ ਗੋਲ ਹੈ। ਇਸ ਤੋਂ ਪਹਿਲਾਂ ਉਸ ਨੇ ਸਾਊਦੀ ਅਰਬ ਵਿਰੁਧ ਅਪਣੇ 100ਵੇਂ ਕੌਮਾਂਤਰੀ ਮੈਚ 'ਚ ਵੀ ਗੋਲ ਕੀਤਾ ਸੀ। ਜ਼ਿਕਰਯੋਗ ਹੈ ਕਿ 1988 ਦੇ ਵਿਸ਼ਵ ਕਪ 'ਚ 6 ਆਤਮਘਾਤੀ ਗੋਲ ਹੋਏ ਸਨ। ਇਸ ਵਾਰ ਗਰੁੱਪ ਸਟੇਜ਼ ਦੇ ਮੈਚਾਂ 'ਚ ਹੀ 6 ਆਤਮਘਾਤੀ ਗੋਲਹੋ ਚੁਕੇ ਹਨ।
ਮੈਚ ਦੇ 9ਵੇਂ ਮਿੰਟ 'ਚ ਰੂਸ ਦੇ ਗਜਿੰਸਕੀ ਨੂੰ ਪੀਲਾ ਕਾਰਡ ਵਿਖਾਇਆ ਗਿਆ। ਗਜਿੰਸਕੀ ਤੋਂ ਬਾਅਦ 27ਵੇਂ ਮਿੰਟ 'ਚ ਸਮੋਲਨਿਕੋਵ ਨੂੰ ਪੀਲਾ ਕਾਰਡ ਮਿਲਿਆ।
ਸਮੋਲਨਿਕੋਵ ਨੂੰ 36ਵੇਂ ਮਿੰਟ 'ਚ ਦੂਜਾ ਪੀਲਾ ਕਾਰਡ ਮਿਲਿਆ, ਜਿਸ ਕਾਰਨ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਜ਼ਿਕਰਯੋਗ ਹੈ ਕਿ ਇਹ ਦੋਵੇਂ ਟੀਮਾਂ ਪ੍ਰੀ-ਕੁਆਰਟਰ ਫ਼ਾਈਨਲ 'ਚ ਅਪਣੀ ਥਾਂ ਬਣਾ ਚੁਕੀਆਂ ਹਨ। ਉਰੂਗਵੇ ਨੇ ਲਗਾਤਾਰ ਤੀਜੇ ਵਿਸ਼ਵ ਕਪ 'ਚ ਆਖਰੀ-16 ਵਿਚ ਥਾਂ ਬਣਾਈ ਹੈ, ਜਦਕਿ ਰੂਸ 32 ਸਾਲ ਬਾਅਦ ਪ੍ਰੀ-ਕੁਆਰਟਰ ਫ਼ਾਈਨਲ 'ਚ ਪੁੱਜਾ ਹੈ। (ਏਜੰਸੀ)