ਪਾਕਿ ਖਿਡਾਰੀਆਂ ਨੇ ਭਾਰਤ ’ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾ ਕੇ ਅਪਣੀ ਹਾਰ ਦੀ ਕਿੜ ਕੱਢੀ, ਰੋਹਿਤ ਸ਼ਰਮਾ ਨੇ ਦਿਤਾ ਮੋੜਵਾਂ ਜਵਾਬ

ਏਜੰਸੀ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਵਿਰੁਧ ਅਰਸ਼ਦੀਪ ਨੂੰ 15ਵੇਂ ਓਵਰ ’ਚ ਹੀ ਰਿਵਰਸ ਸਵਿੰਗ ਕਿਵੇਂ ਮਿਲਣੀ ਸ਼ੁਰੂ ਹੋ ਗਈ ਸੀ? ਲਗਦੈ ਗੇਂਦ ’ਤੇ ‘ਸੀਰੀਅਸ’ ਕੰਮ ਕੀਤਾ ਗਿਐ : ਇੰਜ਼ਮਾਮ-ਉਲ-ਹੱਕ

Rohit Sharma and Inzamam-Ul-Haq

ਚੰਡੀਗੜ੍ਹ: ਭਾਰਤ ਨੇ ਸੋਮਵਾਰ ਨੂੰ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੈਚ ’ਚ ਆਸਟਰੇਲੀਆ ਨੂੰ 26 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਪਰ ਭਾਰਤ ਦੀ ਇਹ ਜਿੱਤ ਵਿਵਾਦਾਂ ’ਚ ਫਸ ਗਈ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਦਾ ਦਾਅਵਾ ਹੈ ਕਿ ਗੇਂਦ ਨਾਲ ਕੁੱਝ ਅਜਿਹਾ ਕੀਤਾ ਗਿਆ ਸੀ, ਜਿਸ ਕਾਰਨ ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆਸਟਰੇਲੀਆ ਦੀ ਪਾਰੀ ਦੌਰਾਨ ਰਿਵਰਸ ਸਵਿੰਗ ਬਣਾਉਣ ’ਚ ਸਫਲ ਰਹੇ। 

ਅਰਸ਼ਦੀਪ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਪਾਰੀ ਦੇ ਪਹਿਲੇ ਓਵਰ ’ਚ ਡੇਵਿਡ ਵਾਰਨਰ ਨੂੰ ਆਊਟ ਕੀਤਾ ਅਤੇ 18ਵੇਂ ਓਵਰ ’ਚ ਮੈਥਿਊ ਵੇਡ ਅਤੇ ਟਿਮ ਡੇਵਿਡ ਨੂੰ ਵਾਪਸ ਭੇਜਿਆ। ਪਰ ਪਾਕਿਸਤਾਨੀ ਖਿਡਾਰੀ ਇਮਜ਼ਮਾਮ-ਉਲ-ਹੱਕ ਨੇ ਅਰਸ਼ਦੀਪ ਦੇ ਦੋ ਓਵਰਾਂ ਦੇ ਦੂਜੇ ਸਪੈਲ ’ਚ ਕੁੱਝ ਗੜਬੜ ਮਹਿਸੂਸ ਕੀਤੀ ਅਤੇ ਅਧਿਕਾਰੀਆਂ ਨੂੰ ਅਪਣੀਆਂ ‘ਅੱਖਾਂ ਖੁੱਲ੍ਹੀਆਂ ਰੱਖਣ’ ਦੀ ਅਪੀਲ ਕੀਤੀ। 

ਭਾਰਤ ਨੇ ਸੋਮਵਾਰ ਨੂੰ ਗ੍ਰਾਸ ਆਈਲੇਟ ’ਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇਸ ਮੈਚ ’ਚ ਤਿੰਨ ਵਿਕਟਾਂ ਲਈਆਂ। 

ਇਕ ਪਾਕਿਸਤਾਨੀ ਚੈਨਲ ’ਤੇ  ਚਰਚਾ ਦੌਰਾਨ ਉਨ੍ਹਾਂ ਕਿਹਾ, ‘‘ਤੁਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਜਦੋਂ ਅਰਸ਼ਦੀਪ ਸਿੰਘ 15ਵਾਂ ਓਵਰ ਗੇਂਦਬਾਜ਼ੀ ਕਰ ਰਿਹਾ ਸੀ ਤਾਂ ਗੇਂਦ ਰਿਵਰਸ ਸਵਿੰਗ ਹੋ ਰਹੀ ਸੀ। ਕੀ ਨਵੀਂ ਗੇਂਦ ਦਾ ਏਨੀ ਛੇਤੀ ਰਿਵਰਸ ਕਰਨਾ ਹੋ ਸਕਦਾ ਹੈ? ਗੇਂਦ 12ਵੇਂ-13ਵੇਂ ਓਵਰ ਤਕ ਰਿਵਰਸ ਸਵਿੰਗ ਲਈ ਤਿਆਰ ਸੀ। ਅੰਪਾਇਰਾਂ ਨੂੰ ਅਪਣੀਆਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ।’’ ਇੰਜ਼ਮਾਮ ਨੇ ਪਾਕਿਸਤਾਨ ਦੇ 24 ਨਿਊਜ਼ ਚੈਨਲ ’ਤੇ ‘ਵਿਸ਼ਵ ਕੱਪ ਹੰਗਾਮਾ’ ਸ਼ੋਅ ’ਚ ਕਿਹਾ, ‘‘ਅਸੀਂ ਰਿਵਰਸ ਸਵਿੰਗ ਬਾਰੇ ਥੋੜ੍ਹਾ ਜਿਹਾ ਜਾਣਦੇ ਹਾਂ, ਇਸ ਲਈ ਜੇਕਰ ਅਰਸ਼ਦੀਪ ਸਿੰਘ ਗੇਂਦ ਨੂੰ ਰਿਵਰਸ ਸਵਿੰਗ ਕਰਨ ’ਚ ਸਫਲ ਰਹਿੰਦਾ ਹੈ ਤਾਂ ਗੇਂਦ ’ਤੇ ਕੁੱਝ ‘ਸੀਰੀਅਸ ਕੰਮ’ ਕੀਤਾ ਗਿਆ ਹੋ ਸਕਦਾ ਹੈ।’’

ਸਾਰੀਆਂ ਟੀਮਾਂ ਨੂੰ ਮਿਲ ਰਹੀ ਹੈ ਰਿਵਰਸ ਸਵਿੰਗ : ਰੋਹਿਤ ਸ਼ਰਮਾ

ਜਾਰਜਟਾਊਨ (ਗੁਆਨਾ): ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦੇ ਇਸ ਦੋਸ਼ ਨੂੰ ਖਾਰਜ ਕਰ ਦਿਤਾ ਕਿ ਉਨ੍ਹਾਂ ਦੀ ਟੀਮ ਨੇ ਆਸਟਰੇਲੀਆ ਵਿਰੁਧ ਟੀ-20 ਵਿਸ਼ਵ ਕੱਪ ਸੁਪਰ 8 ਮੈਚ ’ਚ ਰਿਵਰਸ ਸਵਿੰਗ ਹਾਸਲ ਕਰਨ ਲਈ ਗੇਂਦ ਨਾਲ ਛੇੜਛਾੜ ਕੀਤੀ ਸੀ। ਇੰਗਲੈਂਡ ਵਿਰੁਧ  ਸੈਮੀਫਾਈਨਲ ਮੈਚ ਦੀ ਪੂਰਵ ਸੰਧਿਆ ’ਤੇ  ਜਦੋਂ ਰੋਹਿਤ ਤੋਂ ਇੰਜ਼ਮਾਮ ਦੇ ਦੋਸ਼ਾਂ ਬਾਰੇ ਪੁਛਿਆ  ਗਿਆ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੂੰ ਅਪਣਾ ਦਿਮਾਗ ਖੁੱਲ੍ਹਾ ਰੱਖਣ ਦੀ ਸਲਾਹ ਦਿਤੀ। ਰੋਹਿਤ ਨੇ ਕਿਹਾ, ‘‘ਇੱਥੇ ਵਿਕਟਾਂ ਬਹੁਤ ਖੁਸ਼ਕ ਹਨ। ਸਾਰੀਆਂ ਟੀਮਾਂ ਨੂੰ ਰਿਵਰਸ (ਸਵਿੰਗ) ਮਿਲ ਰਹੀ ਹੈ। ਤੁਹਾਨੂੰ ਖੁੱਲ੍ਹਾ ਦਿਮਾਗ ਰੱਖਣ ਦੀ ਲੋੜ ਹੈ। ਇਹ ਆਸਟਰੇਲੀਆ ਨਹੀਂ ਹੈ।’’

ਅਰਸ਼ਦੀਪ ਨੂੰ ਛੇੜਛਾੜ ਲਈ ਦੋਸ਼ੀ ਨਹੀਂ ਠਹਿਰਾਇਆ

ਇੰਜ਼ਮਾਮ ਦੇ ਦੋਸ਼ਾਂ ਦੀ ਗੱਲ ਕਰੀਏ ਤਾਂ ਇਸ ਨੂੰ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨੇ ਜਸਪ੍ਰੀਤ ਬੁਮਰਾਹ ਨੂੰ ਗੇਂਦ ’ਚ ਰਿਵਰਸ ਸਵਿੰਗ ਲਈ ਜ਼ਿੰਮੇਵਾਰ ਠਹਿਰਾਇਆ, ਨਾ ਕਿ ਅਰਸ਼ਦੀਪ ਨੂੰ। ਹਾਲਾਂਕਿ ਇੰਜ਼ਮਾਮ ਨੇ ਇਹ ਕਹਿ ਕੇ ਦੋਸ਼ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਕਿ ਮਿਸ਼ੇਲ ਮਾਰਸ਼ ਅਤੇ ਟ੍ਰੈਵਿਸ ਹੇਡ ਵਰਗੇ ਖਿਡਾਰੀਆਂ ਵਲੋਂ ਗੇਂਦ ਨੂੰ ਜ਼ੋਰ-ਜ਼ੋਰ ਨਾਲ ਮਾਰਨ ਕਾਰਨ ਵੀ ਗੇਂਦ ਦਾ ਵਿਹਾਰ ਅਜਿਹਾ ਹੋ ਸਕਦਾ ਸੀ। ਪਰ ਇਲਜ਼ਾਮਾਂ ਨੂੰ ਵਾਪਸ ਲੈਣ ਲਈ ਬਹੁਤ ਦੇਰ ਹੋ ਚੁਕੀ ਸੀ। 

ਕਈ ਖਿਡਾਰੀਆਂ ਨੂੰ ਪਾਇਆ ਗਿਆ ਹੈ ਗੇਂਦ ਨਾਲ ਛੇੜਛਾੜ ਦਾ ਦੋਸ਼ੀ

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਟੀਮ ਜਾਂ ਉਸ ਦੇ ਕਿਸੇ ਖਿਡਾਰੀ ’ਤੇ ਗੇਂਦ ਨਾਲ ਛੇੜਛਾੜ ਦਾ ਦੋਸ਼ ਲੱਗਾ ਹੈ। ਸਾਲ 2001 ’ਚ ਪੋਰਟ ਐਲਿਜ਼ਾਬੈਥ ’ਚ ਦਖਣੀ ਅਫਰੀਕਾ ਵਿਰੁਧ ਭਾਰਤ ਦੇ ਟੈਸਟ ਮੈਚ ਦੌਰਾਨ ਸਚਿਨ ਤੇਂਦੁਲਕਰ ਨੂੰ ਮੈਚ ਰੈਫਰੀ ਮਾਈਕ ਡੇਨੇਸ ਨੇ ਇਕ ਮੈਚ ਲਈ ਮੁਅੱਤਲ ਕਰ ਦਿਤਾ ਸੀ। ਅਜਿਹੇ ਦੋਸ਼ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ’ਤੇ ਵੀ ਲੱਗੇ ਸਨ ਜਿਸ ’ਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਟੀ-20 ਮੈਚਾਂ ਦੀ ਪਾਬੰਦੀ ਲਗਾਈ ਗਈ ਸੀ। ਅਫਰੀਦੀ ਤਾਂ 2010 ’ਚ ਆਸਟਰੇਲੀਆ ਵਿਰੁਧ ਵਾਕਾ ’ਚ ਖੇਡੇ ਗਏ ਵਨਡੇ ਮੈਚ ਦੌਰਾਨ ਗੇਂਦ ਨੂੰ ਦੰਦਾਂ ਨਾਲ ਕੱਟਣ ਦੀ ਹੱਦ ਤਕ ਪਹੁੰਚ ਗਈ ਸੀ, ਜਿਸ ਨੂੰ ਟੀ.ਵੀ. ਕੈਮਰਿਆਂ ’ਚ ਕੈਦ ਕਰ ਲਿਆ ਗਿਆ ਸੀ। 

ਪਰ ਇਨ੍ਹਾਂ ਸਾਰਿਆਂ ਵਿਚੋਂ ਸੱਭ ਤੋਂ ਬਦਨਾਮ 2018 ਦੀ ‘ਸੈਂਡਪੇਪਰ ਗੇਟ’ ਘਟਨਾ ਹੈ ਜਦੋਂ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰੂਨ ਬੈਨਕ੍ਰਾਫਟ ਦੀ ਆਸਟਰੇਲੀਆਈ ਤਿਕੜੀ ਨੂੰ ਦਖਣੀ ਅਫਰੀਕਾ ਵਿਰੁਧ ਕੇਪਟਾਊਨ ਟੈਸਟ ਵਿਚ ਗੇਂਦ ’ਤੇ ਸੈਂਡਪੇਪਰ ਰਗੜਨ ਲਈ ਸਖਤ ਸਜ਼ਾ ਦਿਤੀ ਗਈ ਸੀ। 

ਪਹਿਲਾਂ ਵੀ ਪਾਕਿ ਖਿਡਾਰੀ ਲਾਉਂਦੇ ਰਹੇ ਨੇ ਭਾਰਤ ’ਤੇ ਬੇਬੁਨਿਆਦ ਦੋਸ਼

ਵਨਡੇ ਵਰਲਡ ਕੱਪ 2023 ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਨੇ ਤਬਾਹੀ ਮਚਾਈ ਸੀ। ਉਨ੍ਹਾਂ ਵਿਚੋਂ ਇਕ ਸਾਬਕਾ ਪਾਕਿਸਤਾਨੀ ਖਿਡਾਰੀ ਹਸਨ ਰਜ਼ਾ ਸੀ, ਜਿਸ ਨੇ ਦੋਸ਼ ਲਾਇਆ ਕਿ ਭਾਰਤੀ ਗੇਂਦਬਾਜ਼ਾਂ ਨੂੰ ਸ਼ਾਇਦ ਬਾਕੀ ਟੀਮਾਂ ਨਾਲੋਂ ਵੱਖਰੀ ਵਿਸ਼ੇਸ਼ ਗੇਂਦ ਦਿਤੀ ਜਾ ਰਹੀ ਹੈ, ਇਸ ਲਈ ਉਹ ਇਸ ਤਰ੍ਹਾਂ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਬਾਅਦ ਵਸੀਮ ਅਕਰਮ ਨੇ ਰਜ਼ਾ ਦੀ ਝਾੜਝੰਬ ਕੀਤੀ ਸੀ।