Paris Olympics : ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਕੀਤਾ ਐਲਾਨ
Paris Olympics : ਸ਼੍ਰੀਜੇਸ਼ ਅਤੇ ਮਨਪ੍ਰੀਤ ਚੌਥੀ ਓਲੰਪਿਕ ਖੇਡਣਗੇ, 5 ਖਿਡਾਰੀ ਕਰਨਗੇ ਡੈਬਿਊ
Paris Olympics : ਪੈਰਿਸ ਓਲੰਪਿਕ ਲਈ ਹਾਕੀ ਇੰਡੀਆ ਨੇ ਬੁੱਧਵਾਰ ਨੂੰ 16 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕੀਤਾ। ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਮਿਡਫੀਲਡਰ ਹਾਰਦਿਕ ਸਿੰਘ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਹਰਮਨਪ੍ਰੀਤ ਦੀ ਅਗਵਾਈ 'ਚ ਟੀਮ ਇੰਡੀਆ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੇ ਪੈਰਿਸ ਓਲੰਪਿਕ 'ਚ ਹਿੱਸਾ ਲਵੇਗੀ। ਹਰਮਨਪ੍ਰੀਤ ਦਾ ਇਹ ਤੀਜਾ ਓਲੰਪਿਕ ਹੋਵੇਗਾ। ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ 5 ਨੌਜਵਾਨ ਖਿਡਾਰੀਆਂ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ, ਜੋ ਆਪਣਾ ਓਲੰਪਿਕ ਡੈਬਿਊ ਕਰਨਗੇ।
ਭਾਰਤੀ ਪੁਰਸ਼ ਹਾਕੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਨੂੰ ਪੂਲ ਬੀ 'ਚ ਰੱਖਿਆ ਗਿਆ ਹੈ। ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਪੂਲ ਬੀ ਵਿਚ ਰੱਖਿਆ ਗਿਆ ਹੈ। ਟੀਮ ਇੰਡੀਆ ਬੈਲਜੀਅਮ, ਅਰਜਨਟੀਨਾ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਆਇਰਲੈਂਡ ਦੇ ਨਾਲ ਪੂਲ ਬੀ 'ਚ ਹੈ। ਜਦੋਂ ਕਿ ਪੂਲ ਏ ਵਿਚ ਨੀਦਰਲੈਂਡ, ਸਪੇਨ, ਜਰਮਨੀ, ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।
ਟੀਮਾਂ ਗਰੁੱਪ ਗੇੜ ’ਚ ਇੱਕ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਹਰੇਕ ਪੂਲ ’ਚੋਂ 4 ਟੀਮਾਂ ਕੁਆਰਟਰ ਫ਼ਾਈਨਲ ਵਿਚ ਪ੍ਰਵੇਸ਼ ਕਰਨਗੀਆਂ। ਪੈਰਿਸ-2024 ਓਲੰਪਿਕ ਹਾਕੀ ਮੈਡਲ ਰਾਊਂਡ ਦੇ ਮੈਚ 8 ਅਗਸਤ ਨੂੰ ਤੈਅ ਕੀਤੇ ਗਏ ਹਨ।
ਪੈਰਿਸ ਓਲੰਪਿਕ 2024 ਲਈ ਭਾਰਤੀ ਪੁਰਸ਼ ਹਾਕੀ ਟੀਮ
ਗੋਲਕੀਪਰ- ਪੀ ਆਰ ਸ਼੍ਰੀਜੇਸ਼।
ਡਿਫੈਂਡਰ- ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ।
ਮਿਡਫੀਲਡਰ- ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ।
ਫਾਰਵਰਡ- ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਰਿਜ਼ਰਵ ਖਿਡਾਰੀ- ਨੀਲਕੰਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।
ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੋਕੀਓ ਓਲੰਪਿਕ 2020 ’ਚ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਇਹ ਮੈਚ ਜਿੱਤ ਕੇ ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿਚ ਹਾਕੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵਾਸੂਦੇਵਨ ਭਾਸਕਰਨ ਦੀ ਕਪਤਾਨੀ ਵਿਚ 1980 ਦੇ ਮਾਸਕੋ ਓਲੰਪਿਕ ’ਚ ਸੋਨ ਤਮਗਾ ਜਿੱਤਿਆ ਸੀ। ਪੈਰਿਸ ਓਲੰਪਿਕ 2024 ਦੀ ਟੀਮ ਵਿਚ 10 ਖਿਡਾਰੀ ਹਨ ਜਿਨ੍ਹਾਂ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਇਨ੍ਹਾਂ 'ਚ ਸ਼੍ਰੀਜੇਸ਼, ਹਰਮਨਪ੍ਰੀਤ ਸਿੰਘ, ਅਮਿਤ ਰੋਹਿਤਦਾਸ, ਮਨਪ੍ਰੀਤ ਸਿੰਘ ਵਰਗੇ ਵੱਡੇ ਨਾਂ ਸ਼ਾਮਲ ਹਨ।
ਟੀਮ ਵਿੱਚ ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ, ਜੋ ਦੋਵੇਂ ਆਪਣਾ ਚੌਥਾ ਓਲੰਪਿਕ ਖੇਡਣਗੇ। ਡਿਫੈਂਸ ਲਾਈਨ 'ਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਸੁਮਿਤ ਅਤੇ ਸੰਜੇ ਸ਼ਾਮਲ ਹਨ, ਜਦਕਿ ਮਿਡਫੀਲਡ 'ਚ ਰਾਜ ਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਦਾ ਯੋਗਦਾਨ ਦੇਖਣ ਨੂੰ ਮਿਲੇਗਾ। ਫਾਰਵਰਡ ਲਾਈਨ ਵਿੱਚ ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਵਰਗੇ ਸ਼ਾਨਦਾਰ ਖਿਡਾਰੀ ਹਨ।
ਇਸ ਤੋਂ ਇਲਾਵਾ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ, ਮਿਡਫੀਲਡਰ ਨੀਲਕੰਤ ਸ਼ਰਮਾ ਅਤੇ ਡਿਫੈਂਡਰ ਜੁਗਰਾਜ ਸਿੰਘ ਨੂੰ ਰਿਜ਼ਰਵ ਖਿਡਾਰੀ ਚੁਣਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਜਰਮਨਪ੍ਰੀਤ ਸਿੰਘ, ਸੰਜੇ, ਰਾਜ ਕੁਮਾਰ ਪਾਲ, ਅਭਿਸ਼ੇਕ ਅਤੇ ਸੁਖਜੀਤ ਸਿੰਘ ਉਹ ਪੰਜ ਖਿਡਾਰੀ ਹਨ ਜੋ ਪੈਰਿਸ ਵਿੱਚ ਓਲੰਪਿਕ ਡੈਬਿਊ ਕਰਨ ਲਈ ਤਿਆਰ ਹਨ।
(For more news apart from Hockey India has announced 16-member team for the Paris Olympics News in Punjabi, stay tuned to Rozana Spokesman)