ਭਾਰਤ ਦਾ ਵੱਡਾ ਨੁਕਸਾਨ ਕਰਵਾਇਆ ਤਿੰਨ ਭਲਵਾਨਾਂ ਨੇ : ਬ੍ਰਿਜਭੂਸ਼ਣ ਸਿੰਘ
ਡਬਲਿਊ.ਐਫ਼.ਆਈ. ਦੀ ਮੈਂਬਰੀ ਰੱਦ ਹੋਣ ਲਈ ਤਿੰਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਜ਼ਿੰਮੇਵਾਰ ਠਹਿਰਾਇਆ
ਗੋਂਡਾ (ਉੱਤਰ ਪ੍ਰਦੇਸ਼): ਕੈਸਰਗੰਜ ਤੋਂ ਭਾਜਪਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ਼.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਯੂ.ਡਬਲਿਊ.ਡਬਲਿਊ. ਤੋਂ ਡਬਲਿਊ.ਐਫ਼.ਆਈ. ਦੀ ਮੈਂਬਰੀ ਰੱਦ ਹੋਣ ਲਈ ਤਿੰਨ ਭਲਵਾਨਾਂ- ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੂੰ ਜ਼ਿੰਮੇਵਾਰ ਠਹਿਰਾਇਆ।
ਬ੍ਰਿਜਭੂਸ਼ਣ ਨੇ ਸਨਿਚਵਰਵਾਰ ਨੂੰ ਇਕ ਨਿਜੀ ਕਾਲਜ ’ਚ ਕਰਵਾਏ ਪ੍ਰੋਗਰਾਮ ’ਚ ਬੋਲਦਿਆਂ ਕਿਹਾ ਕਿ ਮੈਂਬਰੀ ਰੱਦ ਹੋਣ ਲਈ ਇਹ ਪ੍ਰਦਰਸ਼ਨ ਕਰਨ ਵਾਲੇ ਭਲਵਾਨ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਕੁਸ਼ਤੀ ਅਤੇ ਦੇਸ਼ ਦੇ ਭਲਵਾਨਾਂ ਨਾਲ ਮਜ਼ਾਕ ਕੀਤਾ ਹੈ।
ਉਨ੍ਹਾਂ ਕਿਹਾ, ‘‘ਅੱਜ ਇਹ ਬਹੁਤ ਦਰਦਨਾਕ ਸਥਿਤੀ ਹੈ ਕਿ ਪਹਿਲੀ ਵਾਰ ਭਾਰਤ ਚੋਣ ਨਾ ਹੋ ਸਕਣ ਕਾਰਨ ਸੰਯੁਕਤ ਵਿਸ਼ਵ ਕੁਸ਼ਤੀ ਤੋਂ ਪਾਬੰਦੀਸ਼ੁਦਾ ਹੋਇਆ ਹੈ। ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਭਾਰਤ ਨੂੰ ਵੱਡਾ ਨੁਕਸਾਨ ਹੋਵੇਗਾ। ਏਸ਼ਿਆਈ ਖੇਡਾਂ, ਓਲੰਪਿਕ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕੋਈ ਵੀ ਭਲਵਾਨ ਭਾਰਤ ਦੇ ਝੰਡੇ ਹੇਠ ਕੁਸ਼ਤੀ ਨਹੀਂ ਕਰ ਸਕੇਗਾ।’’
ਬ੍ਰਿਜ ਭੂਸ਼ਣ ਨੇ ਕਿਹਾ ਕਿ ਕੁਸ਼ਤੀ ਮਹਾਸੰਘ ਤੈਅ ਕਰੇਗਾ ਕਿ ਕੁਸ਼ਤੀ ਫ਼ੈਡਰੇਸ਼ਨ ਦਾ ਪ੍ਰਧਾਨ ਕੌਣ ਹੋਵੇਗਾ ਨਾ ਕਿ ਕੋਈ ਖਿਡਾਰੀ।
ਉਨ੍ਹਾਂ ਕਿਹਾ, ‘‘ਹਰਿਆਣਾ ’ਚ ਅੱਜ ਵੋਟਾਂ ਪਵਾ ਲਵੋ, ਫਿਰ ਵੇਖੋ ਕੌਣ ਕਿਸ ਦਾ ਸਮਰਥਨ ਕਰਦਾ ਹੈ? ਮੈਂ ਜਨਵਰੀ ’ਚ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ, ਕੀ ਤੁਸੀਂ ਜਾਣਦੇ ਹੋ ਕਿ ਮੇਰੇ ’ਤੇ ਕਿਸ ਤਰ੍ਹਾਂ ਦ ਇਲਜ਼ਾਮ ਲਾਏ ਗਏ ਸਨ? ਇਸ ਤੋਂ ਬਾਅਦ ਸਰਕਾਰ ਨੇ ਮੈਨੂੰ ਕੁਝ ਦਿਨ ਕੁਸ਼ਤੀ ਤੋਂ ਦੂਰ ਰਹਿਣ ਲਈ ਕਿਹਾ। ਇਸ ਤੋਂ ਬਾਅਦ ਵੀ ਮੈਂ ਚਾਰ ਵਾਰ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਕੋਈ ਨਾ ਕੋਈ ਰੁਕਾਵਟ ਖੜੀ ਹੁੰਦੀ ਰਹੀ।’’
ਉਨ੍ਹਾਂ ਕਿਹਾ, ‘‘ਪਹਿਲਾਂ ਗੁਹਾਟੀ ਹਾਈ ਕੋਰਟ ਨੇ ਸਟੇਅ ਆਰਡਰ ਦਿਤਾ ਸੀ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਅਜਿਹਾ ਹੀ ਹੁਕਮ ਦਿਤਾ ਹੈ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਮੈਂ ਅਤੇ ਮੇਰਾ ਲੜਕਾ ਕਰਨ ਸਿੰਘ ਉੱਤਰ ਪ੍ਰਦੇਸ਼ ਤੋਂ ਵੋਟਰ ਸੀ, ਪਰ ਖਿਡਾਰੀਆਂ ਦੀ ਮੰਗ ’ਤੇ ਅਪਣੇ ਪੁੱਤਰ ਸਮੇਤ ਮੈਂ ਇਸ ਤੋਂ ਦੂਰੀ ਬਣਾ ਲਈ, ਪਰ ਫਿਰ ਵੀ ਚੋਣ ਨਹੀਂ ਹੋ ਸਕੀ। ਇਸ ਦਾ ਨਤੀਜਾ ਦੇਸ਼ ਦੇ ਸਾਹਮਣੇ ਹੈ।’’
ਸੰਸਦ ਮੈਂਬਰ ਨੇ ਕਿਹਾ, ‘‘ਖੇਡ ਮੰਤਰਾਲੇ ਦੇ ਕਹਿਣ ’ਤੇ ਮੈਂ ਖੁਦ ਨੂੰ ਕੁਸ਼ਤੀ ਤੋਂ ਦੂਰ ਕਰ ਲਿਆ। ਹੁਣ ਨਾ ਤਾਂ ਮੈਂ ਅਤੇ ਨਾ ਹੀ ਮੇਰੇ ਪਰਿਵਾਰ ਦਾ ਕੋਈ ਮੈਂਬਰ ਇਸ ਦਾ ਹਿੱਸਾ ਹਾਂ। ਹੁਣ ਉਹ ਮੰਗ ਕਰ ਰਹੇ ਹਨ ਕਿ ਮੈਂ ਭਾਰਤੀ ਨਾਗਰਿਕਤਾ ਛੱਡ ਦੇਵਾਂ, ਇਸ ਲਈ ਇਹ ਮੇਰੇ ਲਈ ਸੰਭਵ ਨਹੀਂ ਹੈ।’’