ਦੱਖਣੀ ਅਫਰੀਕਾ ਖਿਲਾਫ਼ ਦੂਜੇ ਟੈਸਟ ਮੈਚ ’ਚ 408 ਦੌੜਾਂ ਨਾਲ ਹਾਰਿਆ ਭਾਰਤ
2 ਟੈਸਟ ਮੈਚਾਂ ਦੀ ਲੜੀ ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ
ਗੁਹਾਟੀ: ਦੱਖਣੀ ਅਫਰੀਕਾ ਨੇ ਭਾਰਤ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ 408 ਦੌੜਾਂ ਨਾਲ ਹਰਾ ਦਿੱਤਾ। ਇਹ ਟੈਸਟ ਕ੍ਰਿਕਟ ਇਤਿਹਾਸ ਵਿੱਚ ਭਾਰਤ ਦੀ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਹਾਰ ਹੈ। ਚੌਥੀ ਪਾਰੀ ਵਿੱਚ ਦੱਖਣੀ ਅਫਰੀਕਾ ਵੱਲੋਂ ਦਿੱਤੇ ਗਏ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਕ੍ਰਿਕਟ ਟੀਮ 63.5 ਓਵਰਾਂ ਵਿੱਚ 140 ਦੌੜਾਂ 'ਤੇ ਢੇਰ ਹੋ ਗਈ। ਦੂਜੀ ਪਾਰੀ ’ਚ ਹਾਰਮਰ ਨੇ ਸਭ ਤੋਂ ਵੱਧ 6 ਵਿਕਟਾਂ ਹਾਸਲ ਕੀਤੀਆਂ।
ਮੈਚ ਦੇ ਪੰਜਵੇਂ ਦਿਨ ਭਾਰਤ ਨੂੰ ਜਿੱਤਣ ਲਈ 522 ਦੌੜਾਂ ਬਣਾਉਣ ਦੀ ਜ਼ਰੂਰਤ ਸੀ, ਜਿਸ ਵਿੱਚ ਸਿਰਫ਼ 8 ਵਿਕਟਾਂ ਬਾਕੀ ਸਨ। ਪੰਜਵੇਂ ਦਿਨ ਦੇ ਦੂਜੇ ਸੈਸ਼ਨ ਵਿੱਚ ਹੀ ਟੀਮ ਇੰਡੀਆ ਨੇ ਸਾਰੀਆਂ ਅੱਠ ਵਿਕਟਾਂ ਗੁਆ ਦਿੱਤੀਆਂ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। 25 ਸਾਲਾਂ ਵਿੱਚ ਪਹਿਲੀ ਵਾਰ ਦੱਖਣੀ ਅਫਰੀਕਾ ਨੇ ਭਾਰਤ ਵਿਰੁੱਧ ਲੜੀ ਜਿੱਤੀ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ 2000 ਵਿੱਚ ਟੈਸਟ ਲੜੀ 2-0 ਨਾਲ ਜਿੱਤੀ ਸੀ। ਹੁਣ 2025 ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਫਿਰ 2-0 ਨਾਲ ਹਰਾਇਆ ਹੈ। ਇਸ ਦੇ ਨਾਲ ਦੱਖਣੀ ਅਫਰੀਕਾ ਟੈਸਟ ਇਤਿਹਾਸ ਵਿੱਚ ਭਾਰਤ ਨੂੰ 2 ਵਾਰ ਭਾਰਤ ਵਿੱਚ ਵਾਈਟਵਾਸ਼ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।