ਗੇਂਦ ਛੇੜਛਾੜ ਮਾਮਲਾ : ਕੋਚ ਲੇਹਮਨ ਅਹੁਦਾ ਛੱਡਣ ਲਈ ਤਿਆਰ, ਪੌਂਟਿੰਗ ਕੋਲ ਆ ਸਕਦੀ ਹੈ ਕਮਾਨ
ਗੇਂਦ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਅਜੇ ਆਸਟ੍ਰੇਲੀਆ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਹੁਣ ਇਸ ਮਾਮਲੇ ਵਿਚ ਦੱਖਣ
ਨਵੀਂ ਦਿੱਲੀ : ਗੇਂਦ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਅਜੇ ਆਸਟ੍ਰੇਲੀਆ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਹੁਣ ਇਸ ਮਾਮਲੇ ਵਿਚ ਦੱਖਣ ਅਫ਼ਰੀਕਾ ਵਿਚ ਬੈਠਕ ਹੋਵੇਗੀ, ਜਿਸ ਵਿਚ ਕੋਚ ਡੇਰੇਨ ਲੇਹਮਨ ਅਤੇ ਕਪਤਾਨ ਸਟੀਵ ਸਮਿਥ ਦੇ ਭਵਿੱਖ 'ਤੇ ਫ਼ੈਸਲਾ ਕੀਤਾ ਜਾਵੇਗਾ। ਕ੍ਰਿਕਟ ਆਸਟ੍ਰੇਲੀਆ ਦੇ ਮੁਖੀ ਜੇਮਸ ਸਦਰਲੈਂਡ 'ਤੇ ਸਖ਼ਤ ਫ਼ੈਸਲਾ ਕਰਨ ਲਈ ਭਾਰੀ ਦਬਾਅ ਬਣਿਆ ਹੋਇਆ ਹੈ, ਕਿਉਂਕਿ ਆਸਟ੍ਰੇਲੀਆਈ ਮੀਡੀਆ ਨੇ ਟੀਮ ਸਭਿਆਚਾਰ ਨੂੰ ਬਦਹਾਲ ਕਰਾਰ ਦਿੱਤਾ ਹੈ। ਉਹ ਅੱਜ ਜੋਹਾਨਸਬਰਗ ਪਹੁੰਚਣਗੇ, ਜਿੱਥੇ ਉਹ ਇਸ ਸੰਸਥਾ ਦੇ ਜ਼ਾਬਤੇ ਸਬੰਧੀ ਕਮੇਟੀ ਦੇ ਮੁਖੀ ਇਯਾਨ ਰਾਏ ਨਾਲ ਮੁਲਾਕਾਤ ਕਰਨਗੇ।
ਸਦਰਲੈਂਡ ਅਤੇ ਰਾਏ ਇਸ ਮਾਮਲੇ ਵਿਚ ਸਖ਼ਤ ਫ਼ੈਸਲਾ ਲੈ ਸਕਦੇ ਹਨ। ਖ਼ਬਰਾਂ ਅਨੁਸਾਰ ਉਹ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ 'ਤੇ ਇਕ ਸਾਲ ਦਾ ਬੈਨ ਲਗਾ ਕੇ ਉਨ੍ਹਾਂ ਨੂੰ ਅਪਣੇ ਦੇਸ਼ ਭੇਜ ਸਕਦੇ ਹਨ। ਸਮਿਥ ਗੇਂਦ ਨਾਲ ਛੇੜਖਾਨੀ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੋਣ ਕਾਰਨ ਪਹਿਲਾਂ ਹੀ ਇਕ ਮੈਚ ਦਾ ਬੈਨ ਝੱਲ ਰਹੇ ਹਨ, ਜੋ ਉਨ੍ਹਾਂ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਲਗਾਇਆ ਹੈ। ਸਮਿਥ ਦੇ ਸਾਥੀ ਕੈਮਰਨ ਬੇਨਕਰਾਫਟ ਨੂੰ ਦੱਖਣ ਅਫ਼ਰੀਕਾ ਵਿਰੁਧ ਤੀਜੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕਰਦੇ ਹੋਏ ਦੇਖਿਆ ਗਿਆ ਸੀ।
ਇਹ ਤਾਂ ਸਾਫ਼ ਹੈ ਕਿ ਉਹ ਸਮਿਥ ਜੋਹਾਨਸਬਰਗ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਖੇਡ ਨਹੀਂ ਸਕਣਗੇ। ਫਿਲਹਾਲ ਆਸਟ੍ਰੇਲੀਆ ਦੇ ਕੋਚ ਲੇਹਮਨ ਨੇ ਇਸ ਮਾਮਲੇ ਵਿਚ ਚੁੱਪੀ ਸਾਧੀ ਹੋਈ ਹੈ ਪਰ ਹੁਣ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਨੇ ਅਪਣਾ ਅਹੁਦਾ ਛੱਡਣ ਦਾ ਫ਼ੈਸਲਾ ਲੈ ਲਿਆ ਹੈ।
ਦਸ ਦਈਏ ਕਿ ਡੇਰੇਨ ਲੇਹਮਨ 2013 ਵਿਚ ਆਸਟ੍ਰੇਲੀਆਈ ਟੀਮ ਦੇ ਕੋਚ ਬਣੇ ਸਨ, ਜਦੋਂ ਮਿਕੀ ਆਰਥਰ ਨੂੰ ਬਰਖ਼ਾਸਤ ਕੀਤਾ ਗਿਆ ਸੀ। ਜਸਟਿਨ ਲੈਂਗਰ ਨੂੰ ਉਨ੍ਹਾਂ ਦਾ ਸਥਾਨ ਲੈਣ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਰਿਕੀ ਪੋਂਟਿੰਗ ਦਾ ਨਾਮ ਵੀ ਟੀਮ ਦੇ ਕੋਚ ਲਈ ਚਰਚਾ ਵਿਚ ਹੈ।